nabaz-e-punjab.com

ਪਾਲਤੂ ਕੁੱਤੇ ਵੱਲੋਂ ਅੌਰਤ ਨੂੰ ਵੱਢਣ ਦੇ ਮਾਮਲੇ ਵਿੱਚ ਮਾਲਕਣ ਨੂੰ ਛੇ ਮਹੀਨੇ ਦੀ ਕੈਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਮੁਹਾਲੀ ਅਦਾਲਤ ਨੇ ਪਾਲਤੂ ਕੁੱਤੇ ਵੱਲੋਂ ਅੌਰਤ ਨੂੰ ਵੱਢਣ ਦੇ ਕਰੀਬ ਡੇਢ ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਕੁੱਤਾ ਪਾਲਣ ਵਾਲੀ ਅੌਰਤ ਨੂੰ ਲਾਪਰਵਾਹੀ ਵਰਤਨ ਦਾ ਦੋਸ਼ੀ ਠਹਿਰਾਉਂਦੇ ਹੋਏ ਛੇ ਮਹੀਨੇ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਪੀੜਤ ਅੌਰਤ ਨੂੰ ਉਸ ਦੀ ਗੁਆਂਢਣ ਅੌਰਤ ਮੀਨਾਕਸ਼ੀ ਦੇ ਕੁੱਤੇ ਨੇ ਅਪਰੈਲ 2018 ਵਿੱਚ ਵੱਢ ਲਿਆ ਸੀ। ਮੁਹਾਲੀ ਵਿੱਚ ਇਸ ਤਰ੍ਹਾਂ ਇਹ ਪਹਿਲਾ ਮਾਮਲਾ ਹੈ। ਮੀਨਾਕਸ਼ੀ ਨੇ ਇਕ ਆਵਾਰਾ ਕੁੱਤੇ ਨੂੰ ਪਾਲ ਕੇ ਆਪਣੇ ਘਰ ਰੱਖਿਆ ਹੋਇਆ ਸੀ।
ਮੀਨਾਕਸ਼ੀ ਇੱਥੋਂ ਦੇ ਫੇਜ਼-10 ਵਿੱਚ ਰਹਿੰਦੀ ਹੈ ਅਤੇ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ। ਫਿਲਹਾਲ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤਾਂ ਜੋ ਉਹ ਹੇਠਲੀ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਕਰ ਸਕੇ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮੀਨਾਕਸ਼ੀ ਨੇ ਆਪਣੇ ਪਾਲਤੂ ਕੁੱਤੇ ਨੂੰ ਚੰਗੀ ਤਰ੍ਹਾਂ ਨਿਗਰਾਨੀ ਵਿੱਚ ਨਹੀਂ ਰੱਖਿਆ ਗਿਆ। ਜਿਸ ਕਾਰਨ ਕੁੱਤੇ ਨੇ ਸ਼ਿਕਾਇਤ ਕਰਤਾ ਅੌਰਤ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ।
ਇਸ ਸਬੰਧੀ ਪੀੜਤ ਸ੍ਰੀਮਤੀ ਰਸ਼ਪਾਲ ਕੌਰ ਨੇ ਪਿਛਲੇ ਸਾਲ 21 ਅਪਰੈਲ ਨੂੰ ਮੁਹਾਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਪੁਲੀਸ ਵੱਲੋਂ ਮੀਨਾਕਸ਼ੀ ਦੇ ਖ਼ਿਲਾਫ਼ ਥਾਣਾ ਫੇਜ਼-11 ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੀੜਤ ਰਸ਼ਪਾਲ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਫੇਜ਼-10 ਵਿੱਚ ਮਕਾਨ ਦੀ ਪਹਿਲੀ ਮੰਜ਼ਲ ’ਤੇ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਮੀਨਾਕਸ਼ੀ ਅਤੇ ਉਸ ਦਾ ਪਰਿਵਾਰ ਇਸ ਮਕਾਨ ਦੀ ਜ਼ਮੀਨੀ ਮੰਜ਼ਲ ’ਤੇ ਰਹਿ ਰਿਹਾ ਸੀ। ਸ਼ਿਕਾਇਤਕਰਤਾ ਅਨੁਸਾਰ ਮੀਨਾਕਸ਼ੀ ਨੇ ਘਟਨਾ ਵਾਪਰਨ ਤੋਂ ਤਿੰਨ ਕੁ ਮਹੀਨੇ ਪਹਿਲਾਂ ਇਕ ਆਵਾਰਾ ਕੁੱਤੇ ਨੂੰ ਪਾਲ ਲਿਆ ਸੀ। ਜਿਸ ਕਾਰਨ ਇਹ ਕੁੱਤਾ ਗਰਾਊਂਡ ਫਲੋਰ ’ਤੇ ਹੀ ਰਹਿੰਦਾ ਸੀ। ਪੀੜਤ ਅੌਰਤ ਅਨੁਸਾਰ ਉਹ 21 ਅਪਰੈਲ ਨੂੰ ਸਵੇਰੇ 8 ਕੁ ਵਜੇ ਦੁੱਧ ਲੈਣ ਲਈ ਪੌੜੀਆਂ ਉਤਰ ਕੇ ਹੇਠਾਂ ਗਈ ਤਾਂ ਕੁੱਤੇ ਨੇ ਉਨ੍ਹਾਂ ਨੂੰ ਵੱਢ ਲਿਆ ਅਤੇ ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਹੋਣਾ ਪਿਆ ਸੀ।
ਉਧਰ, ਮੀਨਾਕਸ਼ੀ ਨੇ ਭਾਵੇਂ ਅਦਾਲਤ ਦੇ ਸਾਹਮਣੇ ਕਈ ਦਲੀਲਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਉਸ ਦਾ ਕਹਿਣਾ ਸੀ ਕਿ ਉਸ ਦਾ ਪਤੀ ਕਿਸੇ ਹੋਰ ਸ਼ਹਿਰ ਵਿੱਚ ਕੰਮ ਕਰਦਾ ਹੈ ਅਤੇ ਬੇਟੀ ਵਿਆਹੁਣਯੋਗ ਹੈ ਅਤੇ ਬੇਟਾ ਹਾਲੇ ਪੜ੍ਹਾਈ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸ ਦੀਆਂ ਕਰਜ਼ੇ ਦੀਆਂ ਕਿਸ਼ਤਾਂ ਵੀ ਚੱਲਦੀਆਂ ਹਨ ਪਰ ਅਦਾਲਤ ਨੇ ਕਿਹਾ ਕਿ ਕੁੱਤੇ ਦੇ ਵੱਢਣ ਦੇ ਮਾਮਲੇ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾ ਸਕਦੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…