
ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਫੇਜ਼-11 ਵਿੱਚ ਚੋਣ ਦਫ਼ਤਰ ਖੋਲ੍ਹਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਮੁਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਆਪਣੀ ਚੋਣ ਸਰਗਰਮੀਆਂ ਤੇਜ਼ ਕਰਦਿਆਂ ਸਥਾਨਕ ਫੇਜ਼-11 ਵਿੱਚ ਅੱਜ ਆਪਣੇ ਚੋਣ ਦਫ਼ਤਰ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਕਲੇਰ ਨੇ ਕੀਤਾ। ਕਾਂਗਰਸੀ ਆਗੂ ਗੁਰਚਰਨ ਸਿੰਘ ਦੀ ਦੇਖ-ਰੇਖ ਹੇਠ ਖੋਲ੍ਹੇ ਗਏ ਇਸ ਦਫਤਰ ਦੇ ਉਦਘਾਟਨੀ ਸਮਾਗਮ ਦੌਰਾਨ ਇਕੱਤਰ ਹੋਏ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਕਾਲੀ ਦਲ ਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਆਪਣੇ ਸੰਬੋਧਨ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਚੋਣਾਂ ਸਮੇਂ ਸਿੱਧੀ ਟੱਕਰ ਨਾਲ ਕਾਂਗਰਸ ਪਾਰਟੀ ਨੂੰ ਨਹੀਂ ਹਰਾ ਸਕਦਾ ਅਤੇ ਇਸੇ ਕਰਕੇ ਅਕਾਲੀਆਂ ਨੇ ਅਰਵਿੰਦ ਕੇਜਰੀਵਾਲ ਨਾਲ ਅੰਦਰਖਾਤੇ ਸਮਝੌਤਾ ਕਰਕੇ ਆਪ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਤਾਂ ਕਿ ਚੋਣਾਂ ਵਿਚ ਵੋਟਾਂ ਵੰਡੀਆਂ ਜਾਣ ਅਤੇ ਇਸ ਦਾ ਫਾਇਦਾ ਅਕਾਲੀਆਂ ਨੂੰ ਮਿਲ ਸਕੇ।
ਇਸ ਮੌਕੇ ਬੋਲਦਿਆਂ ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਚੋਣਾਂ ਮਗਰੋਂ ਬਾਕੀ ਅਕਾਲੀ ਉਮੀਦਵਾਰਾਂ ਵਾਂਗ ਹੀ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵੀ ਲੋਕਾਂ ਨੂੰ ਨਜ਼ਰ ਵੀ ਨਹੀਂ ਆਉਣਗੇ। ਇਸ ਲਈ ਮੁਹਾਲੀ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਸ੍ਰੀ ਸਿੱਧੂ ਦੇ ਹੱਥ ਮਜਬੂਤ ਕੀਤੇ ਜਾਣ। ਇਸ ਮੌਕੇ ਕਾਂਗਰਸ ਦੇ ਕੌਂਸਲਰ ਜਸਬੀਰ ਸਿੰਘ ਮਣਕੂ, ਰਾਜ ਰਾਣੀ ਜੈਨ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਗੁਰਚਰਨ ਸਿੰਘ ਭੰਵਰਾ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਅਮਰਜੀਤ ਸਿੰਘ, ਐਸ.ਐਸ. ਢਿੱਲੋਂ, ਸੁਰਜੀਤ ਕੌਰ ਸੈਣੀ, ਗੌਰਵ ਜੈਨ, ਬੀਬੀ ਕੁਲਦੀਪ ਕੌਰ, ਤੇਜਪਾਲ ਸਿੰਘ ਗੋਚੀ, ਨਿਰਮਲ ਸਿੰਘ ਧੀਮਾਨ, ਹਰਮੀਤ ਸਿੰਘ ਗਿੱਲ, ਨੀਰਜ ਕੁਮਾਰ, ਕਿਰਪਾਲ ਸਿੰਘ ਬੇਦੀ, ਕੁਲਜੀਤ ਸਿੰਘ ਮਾਨ, ਡਾ. ਮਨਜੀਤ ਸਿੰਘ ਵਿਰਦੀ, ਗੁਰਬਖ਼ਸ਼ ਸਿੰਘ ਕਟਾਰੀਆ, ਸਵਰਨ ਸਿੰਘ ਮਾਨ ਵੀ ਹਾਜ਼ਰ ਸਨ।