
ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਝਿਊਰਹੇੜੀ ਵਿੱਚ ਲੋੜਵੰਦ ਅੌਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਇਕ ਮਹੀਨੇ ਦੇ ਅੰਦਰ-ਅੰਦਰ ਝਿਊਰਹੇੜੀ ਵਿੱਚ ਪਾਣੀ ਦਾ ਟਿਊਬਵੈੱਲ ਲਗਾਇਆ ਜਾਵੇਗਾ: ਕੁਲਵੰਤ ਸਿੰਘ
ਨਬਜ਼-ਏ-ਪੰਜਾਬ, ਮੁਹਾਲੀ, 23 ਦਸੰਬਰ:
ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਵਿਸ਼ੇਸ਼ ਕੇਂਦਰੀ ਸਹਾਇਤਾ (ਐਸ.ਸੀ.ਏ) ਸ਼ਡਿਊਲਡ ਕਾਸਟ ਸਬ ਪਲਾਨ ਅਧੀਨ ਅਨੁਸੂਚਿਤ ਜਾਤੀ ਨਾਲ ਸਬੰਧਤ ਪਰਿਵਾਰਾਂ ਦੀਆਂ ਅੌਰਤਾਂ ਨੂੰ ਸਵੈ-ਰੁਜ਼ਗਾਰ ਸਕੀਮ ਤਹਿਤ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਸਬੰਧੀ ਮੁਹਾਲੀ ਕੌਮਾਂਤਰੀ ਏਅਰਪੋਰਟ ਦੀ ਜੂਹ ਵਿੱਚ ਪਿੰਡ ਝਿਊਰਹੇੜੀ ਵਿੱਚ ਸਿਲਾਈ ਮਸ਼ੀਨਾਂ ਵੰਡਣ ਲਈ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ 22 ਲੋੜਵੰਦ ਅੌਰਤਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਵੰਡੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਬਲੌਂਗੀ, ਬੜਮਾਜਰਾ ਅਤੇ ਜੁਝਾਰ ਨਗਰ ਵਿੱਚ ਚਲਾਏ ਗਏ ਸਿਲਾਈ ਸਿਖਲਾਈ ਕੇਂਦਰਾਂ ਵਿੱਚ ਕੋਰਸ ਪੂਰਾ ਕਰਨ ਵਾਲੀਆਂ ਪੇਂਡੂ ਅੌਰਤਾਂ ਅਤੇ ਨੌਜਵਾਨ ਮੁਟਿਆਰਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਜਾ ਚੁੱਕੀਆਂ ਹਨ। ਇਹ ਸਿਲਸਿਲਾ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਪ ਸਰਕਾਰ ਪੇਂਡੂ ਅੌਰਤਾਂ ਦੇ ਵਿਕਾਸ ਲਈ ਵਚਨਬੱਧ ਹੈ। ਅੌਰਤਾਂ ਨੂੰ ਆਪਣੇ ਪੈਰਾਂ ’ਤੇ ਖੜਾ ਹੋਣ ਲਈ ਹੋਰਨਾਂ ਪਿੰਡਾਂ ਵਿੱਚ ਵੀ ਮੁਫ਼ਤ ਸਿਲਾਈ ਕਢਾਈ ਸੈਂਟਰ ਖੋਲ੍ਹੇ ਜਾਣਗੇ ਅਤੇ ਉਨ੍ਹਾਂ ਨੂੰ ਮਾਰਕੀਟਿੰਗ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ‘ਆਪ’ ਆਗੂ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਪਿੰਡ ਝਿਊਰਹੜੀ ਵਿੱਚ ਮਹੀਨੇ ਦੇ ਅੰਦਰ-ਅੰਦਰ ਪੀਣ ਵਾਲੇ ਪਾਣੀ ਦਾ ਟਿਊਬਵੈਲ ਲਗਾਇਆ ਜਾਵੇਗਾ ਅਤੇ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਆਪ ਆਗੂ ਕੁਲਦੀਪ ਸਿੰਘ ਸਮਾਣਾ, ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ, ਹਰਪਾਲ ਸਿੰਘ ਚੰਨਾ, ਕਰਮਜੀਤ ਬਿੱਟੂ, ਹਰਨੇਕ ਸਿੰਘ ਬਾਜਵਾ, ਸਤੀਸ਼ ਕੁਮਾਰ, ਨੰਬਰਦਾਰ ਕੁਲਜੀਤ ਸਿੰਘ, ਗੁਰਿੰਦਰ ਸਿੰਘ, ਜਗਦੇਵ ਸ਼ਰਮਾ, ਭਾਗ ਸਿੰਘ ਅਲੀਪੁਰ, ਅਮਨਿੰਦਰ ਸਿੰਘ ਬਾਜਵਾ, ਅਵਤਾਰ ਸਿੰਘ ਮੌਲੀ, ਛੱਜਾ ਸਿੰਘ ਕੁਰੜੀ, ਹਰਮੇਸ਼ ਸਿੰਘ ਕੁੰਭੜਾ, ਹਰਬਿੰਦਰ ਸਿੰਘ ਸੈਣੀ, ਅਕਵਿੰਦਰ ਸਿੰਘ ਗੋਸਲ, ਰਹਿਮਤ ਜੁਨੇਜਾ ਵੀ ਮੌਜੂਦ ਸਨ।