ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਬਠਲਾਣਾ ਤੋਂ ਗੁਡਾਣਾ ਤੱਕ ਲਿੰਕ ਸੜਕ ਨੂੰ ਚੌੜਾ ਕਰਨ ਦਾ ਨੀਂਹ ਪੱਥਰ ਰੱਖਿਆ

ਚਾਰ ਮਹੀਨਿਆਂ ਵਿੱਚ 60 ਲੱਖ ਰੁਪਏ ਦੀ ਲਾਗਤ ਨਾਲ ਪੀ.ਡਬਲਿਊ.ਡੀ. ਬਣਾਏਗਾ ਲਿੰਕ ਸੜਕ

ਪੰਜਾਬ ਵਿੱਚ ਸਰਬਪੱਖੀ ਵਿਕਾਸ ਦੇ ਨਾਲ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਭਗਵੰਤ ਮਾਨ ਦੀ ਸੋਚ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 2 ਜਨਵਰੀ:
ਪੰਜਾਬ ਵਿੱਚ ਸਰਬਪੱਖੀ ਵਿਕਾਸ ਦੇ ਨਾਲ-ਨਾਲ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਤਾਂ ਜੋ ਪੰਜਾਬ ਨੂੰ ਵਿਕਾਸ ਦੇ ਪੱਖੋਂ ਬੁਲੰਦੀਆਂ ’ਤੇ ਲਿਜਾਇਆ ਜਾ ਸਕੇ। ਇਹ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਬਠਲਾਣਾ ਤੋਂ ਪਿੰਡ ਗੁਡਾਣਾ ਤੱਕ ਲਿੰਕ ਸੜਕ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟ ਤੱਕ ਚੌੜਾ ਕਰਨ ਦੀ ਸ਼ੁਰੂਆਤ ਮੌਕੇ ਕੀਤਾ। ਇਸ ਸੜਕ ਦੀ ਲੰਬਾਈ 2.5 ਕਿੱਲੋਮੀਟਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੜਕ ਲੋਕ ਨਿਰਮਾਣ ਵਿਭਾਗ ਵੱਲੋਂ ਆਉਂਦੇ ਚਾਰ ਮਹੀਨਿਆਂ ਦੇ ਅੰਦਰ ਬਣਾ ਦਿੱਤੀ ਜਾਵੇਗੀ। ਇਸ ਸੜ੍ਹਕ ’ਤੇ 60 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਸ 18 ਫੁੱਟ ਚੌੜੀ ਸੜਕ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡਾ ਫਾਇਦਾ ਹੋਵੇਗਾ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਇਸ ਸੜਕ ਨੂੰ ਚੌੜਾ ਕੀਤਾ ਜਾਵੇ। ਉਨ੍ਹਾਂ ਦੱਸਿਆ ਇਸ ਕੰਮ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ। ਉਨ੍ਹਾਂ ਇਸ ਮੌਕੇ ਆਲੇ ਦੁਆਲੇ ਦੇ ਪਿੰਡਾਂ ਦੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵੱਲੋਂ ਹਰ ਖੇਤਰ ਵਿੱਚ ਤਰੱਕੀ ਕੀਤੀ ਜਾ ਰਹੀ ਹੈ। ਵਿੱਦਿਆ ਦੇ ਖੇਤਰ ਵੱਲ ਵੀ ਵਧੇਰੇ ਧਿਆਨ ਦਿੰਦੇ ਹੋਏ ਪਿੰਡਾਂ ਦੇ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਨਵੀਆਂ ਇਮਾਰਤਾਂ ਵੀ ਬਣਾਈਆਂ ਜਾ ਰਹੀਆਂ ਹਨ ਅਤੇ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ, ਤਾਂ ਜੋ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਤਰਜੀਹ ਦੇਣ। ਇਸ ਤੋਂ ਇਲਾਵਾ ਸਿਹਤ ਦੇ ਖੇਤਰ ਵੱਲ ਧਿਆਨ ਦਿੰਦੇ ਹੋਏ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਲੋਕ ਇੰਨ੍ਹਾਂ ਦਾ ਫਾਇਦਾ ਲੈ ਰਹੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਅਤੇ ਪਿੰਡ ਸਨੇਟਾ ਦੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਜਲਦੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਉਤਸ਼ਾਹ ਅਤੇ ਉਮੀਦ ਦੇ ਨਾਲ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਹੋਂਦ ਵਿੱਚ ਲਿਆਂਦਾ ਸੀ, ਉਦੋਂ ਤੋਂ ਲੈ ਕੇ ਸਮੁੱਚੀ ਕੈਬਨਿਟ ਅਤੇ ਪਾਰਟੀ ਦਾ ਹਰ ਇਕ ਵਰਕਰ ਅਤੇ ਵਿਧਾਇਕ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਉਸੇ ਤਹਿਤ ਹੀ ਅੱਜ ਪਿੰਡ ਬਠਲਾਣਾ ਤੋਂ ਪਿੰਡ ਗੁਡਾਣਾ ਤੱਕ ਲਿੰਕ ਸੜਕ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟ ਤੱਕ ਚੌੜੀ ਕੀਤੀ ਜਾ ਰਹੀ ਹੈ।
ਸਰਕਾਰ ਵੱਲੋਂ ਪਿੰਡ ਵਾਸੀਆਂ ਨੂੰ ਨਵੇਂ ਸਾਲ ਮੌਕੇ ਇਹ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿੱਚ ਬਿਨਾਂ ਕਿਸੇ ਪੱਖਪਾਤ ਅਤੇ ਬਿਨਾਂ ਕਿਸੇ ਲੜਾਈ ਝਗੜੇ ਦੇ ਆਰਾਮ ਨਾਲ ਵਿਕਾਸ ਮੁਖੀ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਇਸ ਸੜਕ ਦਾ ਕੰਮ ਵੀ ਤੈਅ ਕੀਤੀ ਗਈ ਚਾਰ ਮਹੀਨੇ ਦੀ ਸਮਾਂ-ਸੀਮਾ ਵਿੱਚ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਦੇ ਨਾਲ-ਨਾਲ ਸ਼ਹਿਰਾਂ ਵਿੱਚ ਵੀ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਅਧੀਨ ਨਵੀਆਂ ਸੜਕਾਂ, ਨਵੇਂ ਚੌਂਕ ਅਤੇ ਕੈਮਰੇ ਲਗਾਏ ਜਾ ਰਹੇ ਹਨ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸ਼ਿਵਪ੍ਰੀਤ ਸਿੰਘ, ਜੇਈ ਹਰਪ੍ਰੀਤ ਸਿੰਘ, ਸਰਪੰਚ ਹਰਪਾਲ ਸਿੰਘ, ਜਸਪਾਲ ਸਿੰਘ ਮਟੌਰ, ਸਾਬਕਾ ਸਰਪੰਚ ਕਰਮਜੀਤ ਸਿੰਘ, ਹਰਨੇਕ ਸਿੰਘ, ਵਜ਼ੀਰ ਸਿੰਘ ਅਤੇ ਅਵਤਾਰ ਸਿੰਘ ਮੌਲੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਡਿਊਟੀ ਵਿੱਚ ਘੋਰ ਲਾਪਰਵਾਹੀ ਦੇ ਦੋਸ਼ ਵਿੱਚ ਇੰਸਪੈਕਟਰ ਭੁਪਿੰਦਰ ਸਿੰਘ ਮੁਅੱਤਲ

ਡਿਊਟੀ ਵਿੱਚ ਘੋਰ ਲਾਪਰਵਾਹੀ ਦੇ ਦੋਸ਼ ਵਿੱਚ ਇੰਸਪੈਕਟਰ ਭੁਪਿੰਦਰ ਸਿੰਘ ਮੁਅੱਤਲ ਚੈੱਕ ਪੋਸਟ ’ਤੇ ਨਾਈਟ ਡਿਊਟੀ …