ਵਿਧਾਇਕ ਕੁਲਵੰਤ ਸਿੰਘ ਨੇ ਸਿਟੀ ਸਰਵੇਲੈਂਸ ਅਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਦਾ ਨੀਂਹ ਪੱਥਰ ਰੱਖਿਆ

ਈ-ਚਲਾਨ ਪੇਸ਼ ਕਰਨ ਅਤੇ ਵਰਚੁਅਲ ਕੋਰਟ ਸਿਸਟਮ ਦੀ ਪਾਲਣਾ ਕਰੇਗਾ ਸਿਸਟਮ: ਸਪੈਸ਼ਲ ਡੀਜੀਪੀ ਐਸਐਸ ਚੌਹਾਨ

ਪ੍ਰਾਜੈਕਟ ਦਾ ਉਦੇਸ਼ ਸੜਕੀ ਨਿਯਮਾਂ ਦੀ ਪਾਲਣਾ ਰਾਹੀਂ ਮਾਨਵੀ ਸੁਰੱਖਿਆ ਨੂੰ ਯਕੀਨੀ ਬਣਾਉਣਾ: ਡੀਸੀ ਆਸ਼ਿਕਾ ਜੈਨ

ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਜੁਰਮ ਨੂੰ ਨੱਥ ਪਾਉਣ ਲਈ ਕੰਮ ਕਰੇਗਾ ਸਮੁੱਚਾ ਸਿਸਟਮ: ਐਸਐਸਪੀ ਸੰਦੀਪ ਗਰਗ

ਨਬਜ਼-ਏ-ਪੰਜਾਬ, ਮੁਹਾਲੀ, 4 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਹੁਣ ਟਰੈਫ਼ਿਕ ਨਿਯਮ ਤੋੜਨ ਵਾਲਿਆਂ ਦੀ ਖ਼ੈਰ ਨਹੀਂ। ਚੰਡੀਗੜ੍ਹ ਦੀ ਤਰਜ਼ ’ਤੇ ਸ਼ਹਿਰ ਵਿੱਚ ਜਿੱਥੇ ਈ-ਚਲਾਨ ਕੀਤੇ ਜਾਣਗੇ, ਉੱਥੇ ਵਾਰ-ਵਾਰ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਵਾਹਨ ਚਾਲਕ ਦਾ ਡਰਾਈਵਿੰਗ ਲਾਇਸੈਂਸ ਰੱਦ ਕੀਤਾ ਜਾਵੇਗਾ। ਮੁਹਾਲੀ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਟਰੈਫ਼ਿਕ ਨੂੰ ਸੁਚਾਰੂ ਬਣਾਉਣ ਲਈ ਸਿਟੀ ਸਰਵੇਲੈਂਸ ਅਤੇ ਟਰੈਫ਼ਿਕ ਪ੍ਰਬੰਧਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ।
ਅੱਜ ਇੱਥੋਂ ਦੇ ਫੇਜ਼-7/8 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਸਿਟੀ ਸਰਵੇਲੈਂਸ ਅਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਦੀ ਸਥਾਪਨਾ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸਪੈਸ਼ਲ ਡੀਜੀਪੀ ਡਾ. ਐੱਸਐੱਸ ਚੌਹਾਨ, ਡੀਸੀ ਸ੍ਰੀਮਤੀ ਆਸ਼ਿਕਾ ਜੈਨ, ਐੱਸਐੱਸਪੀ ਸੰਦੀਪ ਗਰਗ ਅਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਵੀ ਮੌਜੂਦ ਸਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਇਸ ਪ੍ਰਾਜੈਕਟ ਦੀ ਸਥਾਪਨਾ ਨਾਲ ਉਨ੍ਹਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਉਹ ਸ਼ੁਰੂ ਤੋਂ ਕਾਨੂੰਨ ਵਿਵਸਥਾ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦੇ ਹਮਾਇਤੀ ਰਹੇ ਹਨ। ਇਸ ਦਾ ਉਦੇਸ਼ ਟਰੈਫ਼ਿਕ ਉਲੰਘਣਾ, ਗੁੰਡਾਗਰਦੀ, ਗੈਰ-ਕਾਨੂੰਨੀ ਗਤੀਵਿਧੀਆਂ ਖਾਸ ਕਰਕੇ ਅੌਰਤਾਂ ਵਿਰੁੱਧ ਅਪਰਾਧ ਨੂੰ ਮੁਹਾਲੀ ਦੇ 18 ਭੀੜ-ਭੜੱਕੇ ਵਾਲੇ ਜੰਕਸ਼ਨਾਂ ’ਤੇ ਕੇਂਦਰੀਕ੍ਰਿਤ ਨਿਗਰਾਨੀ ਰੱਖ ਕੇ ਰੋਕਣਾ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਚੰਡੀਗੜ੍ਹ ਵਰਗੇ ਸੁਰੱਖਿਆ ਮਿਆਰ ਦੀ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਸੀ ਜੋ ਅੱਜ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ 17.70 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਤਿੰਨ ਮਹੀਨਿਆਂ ਵਿੱਚ ਮੁਕੰਮਲ ਹੋਵੇਗਾ। ਉਨ੍ਹਾਂ ਦੀ ਇੱਛਾ ਹੈ ਕਿ ਮੁੱਖ ਮੰਤਰੀ ਪ੍ਰਾਜੈਕਟ ਮੁਕੰਮਲ ਹੋਣ ’ਤੇ ਖ਼ੁਦ ਉਦਘਾਟਨ ਕਰਨ।
ਉਨ੍ਹਾਂ ਕਿਹਾ ਕਿ ਮੁਹਾਲੀ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਇਸਦੀ ਸੁੰਦਰਤਾ ਵਿੱਚ ਵਾਧਾ ਕਰਨਾ ਸਾਡਾ ਪਹਿਲਾ ਫਰਜ਼ ਹੈ, ਜਿਸ ਲਈ ਚੌਕਾਂ ’ਤੇ ਰੋਟਰੀ, ਸੜਕਾਂ ਨੂੰ ਚੌੜਾ ਕਰਨਾ, ਹਰਿਆ-ਭਰਿਆ ਬਣਾਉਣਾ ਅਤੇ ਲੋਕਾਂ ਨੂੰ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਕੇ ਇਸ ਦੀ ਸੁੰਦਰਤਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਮੁਹਾਲੀ ਸਭ ਤੋਂ ਖ਼ੂਬਸੂਰਤ ਅਤੇ ਸੁਪਨਮਈ ਮੰਜ਼ਲ ਵਜੋਂ ਵਿਕਸਤ ਕਰਨ ਲਈ ਕੋਈ ਕਸਰ ਨਹੀਂ ਛੱਡਣਗੇ।
ਸਪੈਸ਼ਲ ਡੀਜੀਪੀ ਐਸਐਸ ਚੌਹਾਨ ਕਿਹਾ ਕਿ ਸਿਟੀ ਸਰਵੇਲੈਂਸ ਅਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਸ਼ਹਿਰ ਵਿੱਚ ਸੁਰੱਖਿਆ ਅਤੇ ਟਰੈਫ਼ਿਕ ਪ੍ਰਬੰਧਨ ਲਈ ਇੱਕ ਵਿਲੱਖਣ ਪਲੇਟਫ਼ਾਰਮ ਸਾਬਤ ਹੋਵੇਗਾ। ਇਸ ਨਾਲ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦਾ ਰਿਕਾਰਡ ਪੁਲੀਸ ਕੋਲ ਆਨਲਾਈਨ ਹੋਵੇਗਾ। ਇਹ ਸਿਸਟਮ ਵਕੀਲਾਂ ਅਤੇ ਅਦਾਲਤੀ ਕਮਰਿਆਂ ਦੀ ਲੋੜ ਤੋਂ ਬਿਨਾਂ ਆਨਲਾਈਨ ਭੁਗਤਾਨ ਗੇਟਵੇਅ ਪ੍ਰਦਾਨ ਕਰਕੇ ਈ-ਚਲਾਨ ਦੇ ਨਾਲ-ਨਾਲ ਇੱਕ ਵਰਚੁਅਲ ਕੋਰਟ ਦੀ ਮਿਸਾਲ ਪੇਸ਼ ਕਰੇਗਾ।
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸ਼ਹਿਰ ਦੀਆਂ ਸੜਕਾਂ ’ਤੇ ਹਾਦਸਿਆਂ ਨੂੰ ਰੋਕਣ ਲਈ ਵਚਨਬੱਧ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਸਿਸਟਮ ਦੇ ਕਾਰਜਸ਼ੀਲ ਹੋਣ ਤੋਂ ਬਾਅਦ ਪੈਦਲ ਚੱਲਣ ਵਾਲਿਆਂ, ਸਾਈਕਲ ਸਵਾਰਾਂ ਅਤੇ ਦੋਪਹੀਆ ਵਾਹਨਾਂ ਲਈ ਸ਼ਹਿਰ ਦੀਆਂ ਸੜਕਾਂ ’ਤੇ ਹਾਦਸਿਆਂ ਨੂੰ ਰੋਕਣ ਵਿੱਚ ਮਦਦ ਮਿਲੇਗੀ।
ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ’ਤੇ 400 ਤੋਂ ਵੱਧ ਕੈਮਰਿਆਂ ਨਾਲ 18 ਸਥਾਨਾਂ ਨੂੰ ਕਵਰ ਕਰੇਗਾ ਅਤੇ ਏਅਰਪੋਰਟ ਸੜਕ ’ਤੇ ਦੋ ਸਪੀਡ ਡਿਟੈਕਟਰ ਲਗਾਏ ਜਾਣਗੇ। ਸੋਹਾਣਾ ਥਾਣੇ ਦੀ ਉੱਪਰਲੀ ਮੰਜ਼ਲ ’ਤੇ ਕੇਂਦਰੀ ਕਮਾਂਡ ਅਤੇ ਮੁੱਖ ਕੰਟਰੋਲ ਰੂਮ ਹੋਵੇਗਾ ਜੋ ਇਨ੍ਹਾਂ ਚਾਰ ਕਿਸਮਾਂ ਦੇ ਕੈਮਰਿਆਂ (63 ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ ਕੈਮਰੇ, 216 ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ, 22 ਪੈਨ, ਟਿਲਟ ਅਤੇ ਜ਼ੂਮ ਕੈਮਰੇ ਅਤੇ 104 ਬੁਲੇਟ (ਨਿਗਰਾਨੀ ਕੈਮਰੇ) ਕੈਮਰੇ ਤੋਂ ਇਲਾਵਾ ਦੋ-ਸਪੀਡ ਡਿਟੈਕਟਰ ਦੀ ਫੀਡ ਦੀ ਨਿਗਰਾਨੀ ਕਰੇਗਾ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…