ਕਾਬਜ਼ ਧਿਰ ਦੇ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਨੇ ਵਿਧਾਇਕ ਕੁਲਵੰਤ ਸਿੰਘ: ਮੇਅਰ ਜੀਤੀ ਸਿੱਧੂ

ਪਿਛਲੀਆਂ ਮੀਟਿੰਗਾਂ ਦੀ ਪੁਸ਼ਟੀ ਕਰਨ ਸਬੰਧੀ 26 ਕੌਂਸਲਰਾਂ ਦੇ ਦਸਤਖ਼ਤਾਂ ਵਾਲਾ ਪੱਤਰ ਵੀ ਮੇਅਰ ਜੀਤੀ ਸਿੱਧੂ ਨੇ ਕੀਤਾ ਪੇਸ਼

ਵਿਧਾਇਕ ਕੁਲਵੰਤ ਸਿੰਘ ਦਾ ਮੀਟਿੰਗ ’ਚ ਆਉਣ ’ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਸੀ ਸਨਮਾਨ ਪਰ ਨਹੀਂ ਸੀ ਪਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਮੁਹਾਲੀ ਨਗਰ ਨਿਗਮ ਦੀ ਅੱਜ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵਿਧਾਇਕ ਕੁਲਵੰਤ ਸਿੰਘ ਪਹਿਲੀ ਵਾਰ ਹਾਜ਼ਰ ਹੋਏ ਜਿਨ੍ਹਾਂ ਦਾ ਬੁੱਕੇ ਦੇ ਕੇ ਸਨਮਾਨ ਕੀਤਾ ਗਿਆ। ਮੀਟਿੰਗ ਵਿਚ ਵਿਰੋਧੀ ਧਿਰ ਵੱਲੋਂ ਵਿੱਤ ਤੇ ਠੇਕਾ ਕਮੇਟੀ ਦੇ ਅਧਿਕਾਰ ਖ਼ਤਮ ਕਰਨ ਸਬੰਧੀ 26 ਬੰਦਿਆਂ ਦੇ ਦਸਖ਼ਤ ਵਾਲਾ ਇਕ ਪੱਤਰ ਪੇਸ਼ ਕੀਤਾ ਗਿਆ ਪਰ ਦਿਲਚਸਪ ਗੱਲ ਇਹ ਰਹੀ ਕਿ ਵਿਰੋਧੀ ਧਿਰ ਜਿਸ ਵਿੱਚ ਕਾਂਗਰਸ ਦੇ ਕੁਝ ਕੌਂਸਲਰ ਵੀ ਸ਼ਾਮਲ ਸਨ। ਮੀਟਿੰਗ ਦੌਰਾਨ 26 ਕੌਂਸਲਰ ਦਿਖਾਉਣ ਤੋਂ ਅਸਮਰੱਥ ਰਿਹਾ। ਹਾਲਾਂਕਿ ਵਿਰੋਧੀ ਧਿਰ ਜਿਸ ਵਿੱਚ ਆਜ਼ਾਦ ਗਰੁੱਪ (ਹੁਣ ਆਮ ਆਦਮੀ ਪਾਰਟੀ) ਅਤੇ ਕੁਝ ਕਾਂਗਰਸ ਦੇ ਕੌਂਸਲਰ ਸ਼ਾਮਲ ਸਨ, ਦਾ ਇਹ ਕਹਿਣਾ ਸੀ ਕਿ ਇਹ ਉਨ੍ਹਾਂ ਦਾ ਮੇਅਰ ਜੀਤੀ ਸਿੱਧੂ ਨੂੰ ਪਹਿਲਾ ਝਟਕਾ ਸੀ ਪਰ ਮੇਅਰ ਨੇ ਮੀਟਿੰਗ ਵਿੱਚ ਸਥਿਤੀ ਨੂੰ ਪੂਰੀ ਤਰ੍ਹਾਂ ਸਾਂਭਦਿਆਂ ਖ਼ੁਦ ਖੜ੍ਹੇ ਹੋ ਕੇ ਕੌਂਸਲਰਾਂ ਦੀ ਕਾਊਟਿੰਗ ਕਰਵਾ ਕੇ ਵਿਰੋਧੀ ਧਿਰ ਦੀ ਚਾਲ ਨੂੰ ਬੁਰੀ ਤਰ੍ਹਾਂ ਫੇਲ੍ਹ ਕਰ ਦਿੱਤਾ।
ਮੀਟਿੰਗ ਤੋਂ ਬਾਅਦ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ 26 ਕੌਂਸਲਰਾਂ ਦੇ ਦਸਖ਼ਤ ਕਰਵਾ ਕੇ ਦਿੱਤੇ ਗਏ ਹਨ ਅਤੇ ਇਸ ਤੋਂ ਬਾਅਦ ਹੁਣ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਮਤੇ ਲਿਆਂਦੇ ਤੇ ਜਾ ਸਕਣਗੇ ਪਰ ਪਾਸ ਨਹੀਂ ਕੀਤੇ ਜਾ ਸਕਣਗੇ ਅਤੇ ਹਾਊਸ ਦੀ ਮੀਟਿੰਗ ਵਿੱਚ ਹੀ ਪਾਸ ਹੋ ਸਕਣਗੇ। ਦੂਜੇ ਪਾਸੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਮੀਟਿੰਗ ਵਿਚ ਵਿਧਾਇਕ ਦਾ ਪੂਰਾ ਮਾਣ ਸਨਮਾਨ ਕੀਤਾ ਪਰ ਵਿਧਾਇਕ ਕੁਲਵੰਤ ਸਿੰਘ ਨੇ ਲੂੰਬੜ ਚਾਲਾਂ ਖੇਡ ਕੇ ਸ਼ਹਿਰ ਦੇ ਵਿਕਾਸ ਨੂੰ ਪਿੱਛੇ ਪਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਕਥਿਤ ਚਿੱਠੀ ਉੱਤੇ ਜੋ ਦਸਖ਼ਤ ਕਰਵਾਏ ਗਏ ਹਨ, ਉਹ ਕੌਂਸਲਰਾਂ ਨੂੰ ਧੋਖੇ ਨਾਲ ਮੀਟਿੰਗ ਦੀ ਹਾਜ਼ਰੀ ਵਿੱਚ ਦਸਖ਼ਤ ਕਰਨ ਦੀ ਗੱਲ ਕਹਿ ਕੇ ਕਰਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਲੂੰਬੜ ਚਾਲਾਂ ਦੇ ਬਾਵਜੂਦ ਵਿਧਾਇਕ ਆਪਣੇ ਧੜੇ ਦੇ 26 ਕੌਂਸਲਰ ਮੀਟਿੰਗ ਵਿੱਚ ਇਕੱਠੇ ਦਿਖਾਉਣ ਵਿੱਚ ਨਾਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਮੁਹਾਲੀ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਜੇਕਰ ਕੁਲਵੰਤ ਸਿੰਘ ਨੇ ਇਸੇ ਤਰ੍ਹਾਂ ਸਿਆਸੀ ਚਾਲਾਂਚਲਣੀਆਂ ਹਨ ਤਾਂ ਅਗਲੀ ਵਾਰ ਉਹ ਵੀ ਤਿਆਰੀ ਖਿੱਚ ਕੇ ਆਉਣਗੇ। ਉਨ੍ਹਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਆਪਣੀ ਸਰਕਾਰ ਦੇ ਰਾਹੀਂ ਉਨ੍ਹਾਂ ਦੇ ਸਾਥੀ ਕੌਂਸਲਰਾਂ ਤੇ ਦਬਾਅ ਪਾਉਣ ਦਾ ਯਤਨ ਕਰ ਰਹੇ ਹਨ ਜੋ ਕਿ ਬੜੀ ਮੰਦਭਾਗੀ ਗੱਲ ਹੈ ਅਤੇ ਜੇਕਰ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਕੰਮਾਂ ਵਿੱਚ ਵਿਧਾਇਕ ਕੁਲਵੰਤ ਸਿੰਘ ਦਖ਼ਲਅੰਦਾਜ਼ੀ ਕਰਵਾ ਕੇ ਉਨ੍ਹਾਂ ਨੂੰ ਰੁਕਵਾਉਣ ਦੀ ਥਾਂ ਤੇ ਮੋਹਾਲੀ ਸ਼ਹਿਰ ਦੇ ਵਿਕਾਸ ਵਿਚ ਨਗਰ ਨਿਗਮ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਪ੍ਰਭਾਵ ‘ਚ ਆਏ ਕੌਂਸਲਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਰੁਕਵਾ ਕੇ ਕਾਬਜ਼ ਧਿਰ ਦੀ ਛਵੀ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ ਪਰ ਉਹ ਆਪਣੀਆਂ ਚਾਲਾਂ ਵਿੱਚ ਕਾਮਯਾਬ ਨਹੀਂ ਹੋ ਸਕਣਗੇ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਮੀਟਿੰਗ ਪੂਰੀ ਤਰ੍ਹਾਂ ਸਫਲ ਸਾਬਤ ਹੋਈ ਹੈ ਅਤੇ ਉਨ੍ਹਾਂ ਦੇ ਸਾਰੇ ਮਤੇ ਪਾਸ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਟੇਬਲ ਆਈਟਮਾਂ ਵੀ ਸਰਬਸੰਮਤੀ ਨਾਲ ਪਾਸ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਹੁਗਿਣਤੀ ਕੌਂਸਲਰ ਉਨ੍ਹਾਂ ਦੇ ਨਾਲ ਖੜ੍ਹੇ ਹਨ ਕਿਉਂਕਿ ਉਹ ਸ਼ਹਿਰ ਦੇ ਬਹੁਪੱਖੀ ਵਿਕਾਸ ਵਾਲੀ ਸੋਚ ਰੱਖਦੇ ਹਨ ਅਤੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਸ ਨੂੰ ਨਿਭਾਉਣ ਲਈ ਹਰ ਉਪਰਾਲਾ ਕਰਦੇ ਰਹਿਣਗੇ।
26 ਕੌਂਸਲਰਾਂ ਦੇ ਦਸਖ਼ਤਾਂ ਵਾਲਾ ਪੱਤਰ ਜੀਤੀ ਸਿੱਧੂ ਨੇ ਕੀਤਾ ਜਾਰੀ:
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਛੱਬੀ ਕੌਂਸਲਰਾਂ ਦੇ ਦਸਤਖ਼ਤਾਂ ਵਾਲਾ ਪੱਤਰ ਵੀ ਜਾਰੀ ਕੀਤਾ ਜਿਸ ਵਿੱਚ ਪਿਛਲੀਆਂ ਮੀਟਿੰਗਾਂ ਦੀ ਪੁਸ਼ਟੀ ਕੀਤੀ ਗਈ ਅਤੇ ਇਸ ਦੇ ਨਾਲ ਨਾਲ ਵਿੱਤ ਅਤੇ ਠੇਕਾ ਕਮੇਟੀ ਦੀਆਂ ਮੀਟਿੰਗਾਂ ਦੀ ਪੁਸ਼ਟੀ ਕੀਤੀ ਗਈ। ਇਸ ਪੱਤਰ ਉੱਤੇ ਮੇਅਰ ਜੀਤੀ ਸਿੱਧੂ ਸਮੇਤ ਸੀਨੀਅਰ ਡਿਪਟੀ ਮੇਅਰ ਅਮਰਬੀਕ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਪਰਮਜੀਤ ਸਿੰਘ, ਦਵਿੰਦਰ ਕੌਰ ਵਾਲੀਆ, ਜਸਬੀਰ ਸਿੰਘ ਮਣਕੂ, ਪਰਵਿੰਦਰ ਕੌਰ, ਰੁਪਿੰਦਰ ਕੌਰ ਰੀਨਾ, ਬਲਰਾਜ ਕੌਰ ਧਾਲੀਵਾਲ, ਕੁਲਜਿੰਦਰ ਕੌਰ ਬਾਛਲ, ਅਨੁਰਾਧਾ ਆਨੰਦ, ਹਰਜੀਤ ਸਿੰਘ, ਹਰਸ਼ਪ੍ਰੀਤ ਕੌਰ ਭੰਵਰਾ, ਵਿਨੀਤ ਮਲਿਕ, ਕਮਲਜੀਤ ਸਿੰਘ, ਜਗਦੀਸ਼ ਸਿੰਘ, ਸੁੱਚਾ ਸਿੰਘ ਕਲੌੜ, ਗੁਰਪ੍ਰੀਤ ਕੌਰ, ਕੁਲਵੰਤ ਕੌਰ, ਰਾਜਿੰਦਰ ਰਾਣਾ, ਹਰਵਿੰਦਰ, ਮੀਨਾ ਕੌਂਡਲ, ਮਨਜੀਤ ਕੌਰ, ਨਮਰਤਾ ਢਿੱਲੋਂ, ਸੁਮਨ, ਰਵਿੰਦਰ ਸਿੰਘ ਪੰਜਾਬ ਮੋਟਰਜ਼ ਦੇ ਨਾ ਸ਼ਾਮਲ ਹਨ।
ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਅੱਜ ਸਾਧਾਰਨ ਹਾਊਸ ਦੀ ਮੀਟਿੰਗ ਦੇ ਏਜੰਡਾ ਨੰਬਰ 2 ਮਿਉਂਸਪਲ ਕਾਰਪੋਰੇਸ਼ਨ ਐਸਏਐਸ ਨਗਰ ਦੀ ਪਿਛਲੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਮਿਤੀ 12.5.2022, 9.6.2032 ਅਤੇ 7.7.2022 ਦੀ ਕਾਰਵਾਈ ਦੀ ਪੁਸ਼ਟੀ ਕਰਨ ਸਬੰਧੀ ਅਸੀਂ ਹੇਠ ਲਿਖੇ ਕੌਂਸਲਰ ਪੂਰੀ ਤਰ੍ਹਾਂ ਸਹਿਮਤ ਹਾਂ ਅਤੇ ਏਜੰਡਾ ਨੰਬਰ 2 ਸਮੇਤ ਸਾਰੇ ਏਜੰਡੇ ਦੀ ਪੁਸ਼ਟੀ ਕਰਦੇ ਹਾਂ। ਮੀਟਿੰਗ ਵਿੱਚ ਪੇਸ਼ ਕੀਤੇ ਗਏ ਸਾਇਨਾ ਵਾਲੀ ਚਿੱਠੀ ਨੂੰ ਸਾਡੇ ’ਚੋਂ ਕਈਆਂ ਦੇ ਦਸਤਖ਼ਤ ਭੁਲੇਖੇ/ਬਗੈਰ ਵਿਸ਼ਾ ਦੱਸਣ ਤੋਂ ਕਰਵਾਏ ਗਏ ਹਨ ਜਿਸ ਨਾਲ ਅਸੀਂ ਸਹਿਮਤ ਨਹੀਂ ਹਾਂ ਅਸੀਂ ਮਤਾ ਨੰਬਰ ਦੋ ਅਤੇ ਟੇਬਲ ਆਈਟਮਾਂ ਸਮੇਤ ਸਾਰੇ ਏਜੰਡੇ ਦੀ ਪੁਸ਼ਟੀ ਕਰਦੇ ਹਾਂ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…