ਵਿਧਾਇਕ ਕੁਲਵੰਤ ਸਿੰਘ ਨੇ ਖੋਖਾ ਮਾਰਕੀਟਾਂ ਦੇ ਦੁਕਾਨਦਾਰਾਂ ਲਈ ਪੱਕੇ ਬੂਥ ਬਣਾਉਣ ਦਾ ਮੁੱਦਾ ਚੁੱਕਿਆ

‘ਆਪ’ ਵਿਧਾਇਕ ਨੇ ਦੁਕਾਨਦਾਰਾਂ ਨੂੰ ਪੱਕੇ ਬੂਥ ਦੇਣ ਸਬੰਧੀ ਪੰਜਾਬ ਸਰਕਾਰ ਤੇ ਗਮਾਡਾ ਨੂੰ ਘੇਰਿਆ

ਨਬਜ਼-ਏ-ਪੰਜਾਬ, ਮੁਹਾਲੀ, 24 ਫਰਵਰੀ:
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਇੱਥੋਂ ਦੇ ਫੇਜ਼-1 ਸਥਿਤ ਗੁਰੂ ਨਾਨਕ ਖੋਖਾ ਮਾਰਕੀਟ ਅਤੇ ਫੇਜ਼-7 ਦੀ ਰਾਜੀਵ ਗਾਂਧੀ ਖੋਖਾ ਮਾਰਕੀਟ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਕੱਚੇ ਖੋਖਿਆਂ ਵਿੱਚ ਕੰਮ ਕਰ ਰਹੇ ਦੁਕਾਨਦਾਰਾਂ ਨੂੰ ਢੁਕਵੀਆਂ ਥਾਵਾਂ ਅਤੇ ਵਾਜਬ ਕੀਮਤ ’ਤੇ ਪੱਕੇ ਬੂਥ ਬਣਾ ਕੇ ਅਲਾਟ ਕੀਤੇ ਜਾਣ। ਕਾਬਿਲੇਗੌਰ ਹੈ ਕਿ ਦੋ ਸਾਲ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਨੇ ਇਹ ਪ੍ਰਾਜੈਕਟ ਗਮਾਡਾ ਤੋਂ ਪਾਸ ਕਰਵਾਇਆ ਸੀ ਅਤੇ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਹ ਮੁੱਦਾ ਚੁੱਕਦਿਆਂ ਪੁੱਡਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੋਂ ਪੁੱਛਿਆ ਗਿਆ ਕਿ ਮੁਹਾਲੀ ਦੇ ਫੇਜ਼-1 ਵਿੱਚ ਲਗਪਗ 280 ਦੁਕਾਨਾਂ ਵਾਲੀ ਗੁਰੂ ਨਾਨਕ ਖੋਖਾ ਮਾਰਕੀਟ ਅਤੇ ਫੇਜ਼-7 ਵਿੱਚ ਮੋਟਰ ਮਾਰਕੀਟ ਦੇ ਨਾਲ ਲਗਦੀ ਲਗਪਗ 70 ਦੁਕਾਨਾਂ ਵਾਲੀ ਰਾਜੀਵ ਗਾਂਧੀ ਖੋਖਾ ਮਾਰਕੀਟ ਵਿਖੇ ਪਿਛਲੇ 40 ਸਾਲਾਂ ਤੋਂ ਕਾਰੋਬਾਰ ਕਰ ਰਹੇ ਮੌਜੂਦਾ ਕਾਬਜ਼ਕਾਰਾਂ/ਦੁਕਾਨਦਾਰਾਂ ਨੂੰ ਉਨ੍ਹਾਂ ਦੇ ਕਬਜ਼ੇ ਹੇਠ ਵਾਲੀ ਜ਼ਮੀਨ ਦੇ ਮਾਲਕੀ ਹੱਕ ਵਾਜਬ ਕੀਮਤ ਵਸੂਲ ਕੇ ਜਾਂ ਪੱਕੇ ਬੂਥ ਬਣਾ ਕੇ ਅਲਾਟ ਕਰਨ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ?
ਇਸ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 2006 ਵਿੱਚ ਗਮਾਡਾ ਦੇ ਹੋਂਦ ਵਿੱਚ ਆਉਣ ’ਤੇ ਸਬੰਧਤ ਮਾਰਕੀਟਾਂ ਦੇ ਦੁਕਾਨਦਾਰਾਂ ਦੇ ਕਬਜ਼ੇ ਨੂੰ ਲੋਕਹਿੱਤ ਵਿੱਚ ਜਿਉਂ ਦਾ ਤਿਉਂ ਰਹਿਣ ਦਿੱਤਾ ਗਿਆ ਸੀ ਅਤੇ ਹੁਣ ਕਾਬਜ਼ਕਾਰਾਂ ਨੂੰ ਕਬਜ਼ੇ ਦੇ ਅਧਾਰ ’ਤੇ ਮਾਲਕੀ ਹੱਕ\ਅਲਾਟ ਕਰਨ ਸਬੰਧੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਜਲਦੀ ਸਾਰੇ ਤੱਥਾਂ ਨੂੰ ਵਾਚਣ ਉਪਰੰਤ ਰਿਪੋਰਟ ਪੇਸ਼ ਕਰੇਗੀ, ਜਿਸ ਨੂੰ ਯੋਗ ਫ਼ੈਸਲੇ ਲਈ ਸਰਕਾਰ ਨੂੰ ਭੇਜਿਆ ਜਾਵੇਗਾ।
ਵਿਧਾਇਕ ਕੁਲਵੰਤ ਸਿੰਘ ਨੇ ਮੰਤਰੀ ਤੋਂ ਪੁੱਛਿਆ ਕਿ ਗਮਾਡਾ ਨੂੰ ਹੋਂਦ ਵਿੱਚ ਆਏ 19 ਸਾਲ ਬੀਤ ਚੁੱਕੇ ਹਨ। ਸਿਰਫ਼ 350 ਕਰੀਬ ਮਿੰਨੀ ਬੂਥ ਬਣਾਉਣ ਲਈ 19 ਸਾਲ ਲੱਗ ਗਏ। ਲਿਹਾਜ਼ਾ ਇਹ ਦੱਸਿਆ ਜਾਵੇ ਕਿ ਇਸ ਕੰਮ ਲਈ ਹੋਰ ਕਿੰਨੇ ਸਾਲ ਲੱਗਣਗੇ ਅਤੇ ਗਮਾਡਾ ਵੱਲੋਂ ਜੋ ਕਮੇਟੀ ਬਣਾਈ ਗਈ ਹੈ ਉਹ ਕਦੋਂ ਬਣਾਈ ਗਈ ਹੈ, ਕਮੇਟੀ ਵੱਲੋਂ ਆਪਣੀ ਰਿਪੋਰਟ ਕਦੋਂ ਤੱਕ ਦਿੱਤੀ ਜਾਵੇਗੀ ਅਤੇ ਕਦੋਂ ਤੱਕ ਬੂਥ ਬਣਾ ਕੇ ਦੇ ਦਿੱਤੇ ਜਾਣਗੇ? ‘ਆਪ’ ਵਿਧਾਇਕ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਪੁੱਡਾ ਮੰਤਰੀ ਨੇ ਦੱਸਿਆ ਕਿ ਉਕਤ ਕੰਮ ਲਈ ਬਣਾਈ ਕਮੇਟੀ ਨੂੰ ਥੋੜਾ ਸਮਾਂ ਹੀ ਹੋਇਆ ਹੈ ਅਤੇ 5-7 ਮਹੀਨਿਆਂ ਵਿੱਚ ਇਸ ਦੇ ਨਤੀਜੇ ਸਾਹਮਣੇ ਆ ਜਾਣਗੇ ਕਿਉਂਕਿ ਸਰਕਾਰ ਇਸ ਮਸਲੇ ’ਤੇ ਕੰਮ ਕਰ ਰਹੀ ਹੈ। ਉਧਰ, ਹਲਕਾ ਵਿਧਾਇਕ ਵੱਲੋਂ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕੇ ਜਾਣ ’ਤੇ ਦੋਵੇਂ ਮਾਰਕੀਟ ਦੇ ਦੁਕਾਨਦਾਰਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਉਨ੍ਹਾਂ ਨੂੰ 40 ਸਾਲ ਬਾਅਦ ਪੱਕੇ ਬੂਥ ਮਿਲਣ ਦੀ ਆਸ ਬੱਝੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਟਰੈਵਲ ਏਜੰਟਾਂ ਦੀ ਵੈਰੀਫਿਕੇਸ਼ਨ ਲਈ ਵਿਸ਼ੇਸ਼ ਮੁਹਿੰਮ ਵਿੱਢੀ

ਮੁਹਾਲੀ ਪੁਲੀਸ ਨੇ ਟਰੈਵਲ ਏਜੰਟਾਂ ਦੀ ਵੈਰੀਫਿਕੇਸ਼ਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਨਬਜ਼-ਏ-ਪੰਜਾਬ, ਮੁਹਾਲੀ, 24 ਫ…