
ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-69 ਤੇ ਸਨੇਟਾ ਦੀ ਡਿਸਪੈਂਸਰੀਆਂ ਦਾ ਮੁੱਦਾ ਚੁੱਕਿਆ
ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਨੂੰ ਅਧੂਰੀ ਤੇ ਝੂਠੀ ਜਾਣਕਾਰੀ ਦਿੱਤੀ: ਕੁਲਵੰਤ ਸਿੰਘ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਟਾਫ਼ ਦੀ ਤਾਇਨਾਤੀ ਕਰਨ ਦਾ ਕੀਤਾ ਦਾਅਵਾ
ਨਬਜ਼-ਏ-ਪੰਜਾਬ, ਮੁਹਾਲੀ, 25 ਮਾਰਚ:
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੌਰਾਨ ਸੈਕਟਰ-69 ਅਤੇ ਪਿੰਡ ਸਨੇਟਾ ਦੀਆਂ ਸਿਵਲ ਡਿਸਪੈਂਸਰੀਆਂ ਦਾ ਮੁੱਦਾ ਚੁੱਕਦਿਆਂ ਇਨ੍ਹਾਂ ਨੂੰ ਫੌਰੀ ਚਾਲੂ ਕਰਨ ਅਤੇ ਲੋੜੀਂਦਾ ਅਮਲਾ ਤਾਇਨਾਤ ਕਰਨ ਦੀ ਗੁਹਾਰ ਲਗਾਈ। ਉਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਰਾਹੀਂ ਹਾਊਸ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਇਹ ਸਵਾਲ ਪੁੱਛਿਆ ਕਿ ਮੁਹਾਲੀ ਦੇ ਸੈਕਟਰ-69 ਅਤੇ ਕਸਬਾ ਪਿੰਡ ਸਨੇਟਾ ਵਿੱਚ ਡਿਸਪੈਂਸਰੀਆਂ ਸ਼ੁਰੂ ਕਰਨ ਲਈ ਉਸਾਰੀਆਂ ਨਵੀਆਂ ਇਮਾਰਤਾਂ ਵਿੱਚ ਲੋੜੀਂਦਾ ਸਿਹਤ ਅਮਲਾ ਕਦੋਂ ਤੱਕ ਤਾਇਨਾਤ ਕੀਤਾ ਜਾਵੇਗਾ ਅਤੇ ਇੱਥੇ ਲੋਕਾਂ ਨੂੰ ਕਦੋਂ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਇੰਜ ਹੀ ਉਨ੍ਹਾਂ ਨੇ ਸੈਕਟਰ-79 ਵਿੱਚ ਉਸਾਰੀ ਅਧੀਨ ਡਿਸਪੈਂਸਰੀ ਬਾਰੇ ਸਵਾਲ ਕੀਤਾ ਇਸ ਇਮਾਰਤ ਦਾ ਕੰਮ ਕਦੋਂ ਤੱਕ ਪੂਰਾ ਕਰ ਦਿੱਤਾ ਜਾਵੇਗਾ।
ਇਸ ਬਾਬਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁਹਾਲੀ ਦੇ ਸੈਕਟਰ-69 ਅਤੇ ਇਸ ਦੇ ਨਾਲ ਲੱਗਦੇ ਪਿੰਡ ਸਨੇਟਾ ਵਿਖੇ ਡਿਸਪੈਂਸਰੀਆਂ ਸ਼ੁਰੂ ਕਰਨ ਲਈ ਉਸਾਰੀਆਂ ਗਈਆਂ ਇਮਾਰਤਾਂ ਵਿੱਚ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਰਜ਼ੀ ਤੌਰ ’ਤੇ ਸਿਹਤ ਅਮਲਾ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਕਟਰ-79 ਵਿੱਚ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਦੀ ਇਮਾਰਤ ਦਾ ਕੰਮ ਉਸਾਰੀ ਅਧੀਨ ਹੈ, ਰਹਿੰਦੇ ਕੰਮ ਦਾ ਰੀਵਾਈਜ਼ਡ ਡਿਟੇਲ ਤਖ਼ਮੀਨਾ ਬਾਬਤ 151.03 ਲੱਖ ਰੁਪਏ ਦਾ ਤਿਆਰ ਕੀਤਾ ਗਿਆ ਹੈ। ਫ਼ੰਡ ਪ੍ਰਾਪਤ ਹੋਣ ਮਗਰੋਂ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ 6 ਮਹੀਨੇ ਤੋਂ ਸਾਲ ਦੇ ਅੰਦਰ-ਅੰਦਰ ਦੋਵੇਂ ਕੰਮ ਮੁਕੰਮਲ ਕਰ ਲਏ ਜਾਣਗੇ।
ਇਸ ’ਤੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਮੀਨੀ ਹਕੀਕਤ ਚੈੱਕ ਕਰਨ ਲਈ ਉਨ੍ਹਾਂ ਨੇ ਡਿਸਪੈਂਸਰੀਆਂ ਵਿੱਚ ਸਵੇਰੇ ‘ਆਪ’ ਵਲੰਟੀਅਰਾਂ ਨੂੰ ਭੇਜਿਆ ਗਿਆ ਸੀ ਪ੍ਰੰਤੂ 9 ਵਜੇ ਕੋਈ ਵੀ ਸਟਾਫ਼ ਮੈਂਬਰ ਉੱਥੇ ਨਹੀਂ ਪਹੁੰਚਿਆ ਸੀ। ਉਨ੍ਹਾਂ ਸਿਹਤ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਨ੍ਹਾਂ (ਸਿਹਤ ਮੰਤਰੀ) ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਅਧੂਰੀ ਜਾਣਕਾਰੀ ਦਿੱਤੀ ਹੈ ਜਾਂ ਉਹ ਝੂਠ ਬੋਲ ਰਹੇ ਹਨ। ਇਸ ’ਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਵਿਧਾਇਕ ਦੇ ਸ਼ੰਕੇ ਦੂਰ ਕਰਨ ਲਈ ਪੜਤਾਲ ਕਰਵਾਉਣਗੇ। ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਜ਼ੋਰ ਦੇ ਕੇ ਆਖਿਆ ਕਿ ਸਿਹਤ ਸੇਵਾਵਾਂ ਨਾਲ ਆਮ ਨਾਗਰਿਕਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਲਿਹਾਜ਼ਾ ਸਬੰਧਤ ਅਧਿਕਾਰੀਆਂ ਅਤੇ ਸਟਾਫ਼ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਅਤੇ ਇਲਾਕੇ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਨੇ ਸ਼ਹਿਰ ਦੀਆਂ ਖੋਖਾ ਮਾਰਕੀਟਾਂ ਦੇ ਦੁਕਾਨਦਾਰਾਂ ਨੂੰ ਪੱਕੇ ਬੂਥ ਅਲਾਟ ਕਰਨ, ਮੋਟਰ ਮਾਰਕੀਟ ਨੂੰ ਢੁਕਵੀਂ ਥਾਂ ’ਤੇ ਸ਼ਿਫ਼ਟ ਕਰਨ ਸਮੇਤ ਸ਼ਹਿਰ ਦੇ ਨਾਮੀ ਹਸਪਤਾਲਾਂ ਦੇ ਬਾਹਰ ਫੁੱਟਪਾਥਾਂ ’ਤੇ ਖੜੇ ਕੀਤੇ ਜਾਂਦੇ ਵਾਹਨਾਂ ਅਤੇ ਘੱਟੋ-ਘੱਟ ਉਜ਼ਰਤਾਂ ਵਿੱਚ ਵਾਧਾ ਕਰਨ ਦਾ ਮੁੱਦਾ ਚੁੱਕਿਆ ਗਿਆ ਸੀ। ਜਿਸ ਦੀ ਲੋਕਾਂ ਨੇ ਕਾਫ਼ੀ ਸ਼ਲਾਘਾ ਕੀਤੀ ਗਈ ਅਤੇ ਵਿਧਾਇਕ ਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।