ਵਿਧਾਇਕ ਕੁਲਵੰਤ ਸਿੰਘ ਨੇ ਫਿਰਨੀ, ਸੀਵਰੇਜ ਤੇ ਜਲ ਨਿਕਾਸੀ ਦੇ ਸ਼ੁਰੂ ਕਰਵਾਏ ਕੰਮ

ਬਲੌਂਗੀ ਵਾਸੀਆਂ ਨੂੰ ਨਰਕ ਤੋਂ ਨਿਜਾਤ ਮਿਲਣ ਦੀ ਆਸ ਬੱਝੀ

ਨਬਜ਼-ਏ-ਪੰਜਾਬ, ਮੁਹਾਲੀ, 30 ਸਤੰਬਰ:
ਮੁਹਾਲੀ ਦੀ ਜੂਹ ਵਿੱਚ ਕਸਬਾ ਬਲੌਂਗੀ ਦੇ ਵਸਨੀਕਾਂ ਨੂੰ ਨੇੜ ਭਵਿੱਖ ਵਿੱਚ ਨਰਕ ਤੋਂ ਨਿਜਾਤ ਮਿਲਣ ਦੀ ਆਸ ਬੱਝ ਗਈ ਹੈ। ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਕੋ ਸਮੇਂ ਪਿੰਡ ਦੀ ਫਿਰਨੀ ਬਣਾਉਣ, ਸੀਵਰੇਜ ਪਾਉਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੰਮ ਸ਼ੁਰੂ ਕਰਵਾਏ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਹ ਸਾਰੇ ਕੰਮ ਮਿੱਥੇ ਸਮੇਂ ਵਿੱਚ ਮੁਕੰਮਲ ਕੀਤੇ ਜਾਣਗੇ ਅਤੇ ਪਿੰਡ ਤੇ ਕਲੋਨੀ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਪਰੋਕਤ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਡੇਢ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਜਦੋਂਕਿ ਇਸ ਤੋਂ ਪਹਿਲਾਂ ਬਲੌਂਗੀ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਰਿਹਾ ਹੈ। ਜਿਸ ਕਾਰਨ ਸਥਾਨਕ ਲੋਕ ਨਰਕ ਭੋਗਣ ਲਈ ਮਜਬੂਰ ਸਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਬਲੌਂਗੀ ਦੇ ਸਰਬਪੱਖੀ ਵਿਕਾਸ ਦਾ ਵਾਅਦਾ ਕੀਤਾ ਸੀ। ਜਿਸ ਨੂੰ ਪੂਰਾ ਕਰਨ ਦੀ ਅੱਜ ਰਸਮੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਬਾਕੀ ਚੋਣ ਵਾਅਦੇ ਵੀ ਪੜਾਅਵਾਰ ਪੂਰੇ ਕੀਤੇ ਜਾਣਗੇ। ਪਹਿਲੇ ਪੜਾਅ ਵਿੱਚ ਸੀਵਰੇਜ, ਪਾਣੀ ਫਿਰਨੀ ਬਣਾਈ ਜਾਵੇਗੀ। ਬਿਮਾਰੀਆਂ ਤੋਂ ਨਿਜਾਤ ਮਿਲੇਗੀ।
ਬਿਜਲੀ-ਪਾਣੀ ਅਤੇ ਅਣਅਧਿਕਾਰਤ ਬਹੁ-ਮੰਜ਼ਲਾਂ ਪੀਜੀ ਦੀ ਸਮੱਸਿਆ ਬਾਰੇ ਪੁੱਛੇ ਜਾਣ ’ਤੇ ਵਿਧਾਇਕ ਕੁਲਵੰਤ ਸਿੰਘ ਨੇ ਬਲੌਂਗੀ ਵਿੱਚ ਹੁਣ ਪਾਣੀ ਦੀ ਕੋਈ ਕਿੱਲਤ ਨਹੀਂ ਹੈ, ਇੱਥੇ ਚਾਰ ਨਵੇਂ ਟਿਊਬਵੈੱਲ ਲਗਾਏ ਗਏ ਹਨ। ਗੈਰਕਾਨੂੰਨੀ ਪੀਜੀ ਬਿਲਕੁਲ ਗਲਤ ਹਨ। ਇਸ ਸਬੰਧੀ ਗਮਾਡਾ ਨੂੰ ਕਾਰਵਾਈ ਲਈ ਕਿਹਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਬਲੌਂਗੀ ਵਿੱਚ ਵੀ ਆਮ ਆਦਮੀ ਕਲੀਨਿਕ ਖੋਲ੍ਹਿਆ ਜਾਵੇਗਾ।
ਬਲੌਂਗੀ ਨੂੰ ਮੁਹਾਲੀ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਬਾਰੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜ਼ੀਰਕਪੁਰ, ਬਨੂੜ ਅਤੇ ਖਰੜ ਨਾਲ ਲਗਦੀਆਂ ਸਾਂਝੀਆਂ ਹੱਦਾਂ ਵਾਲੇ ਪਿੰਡਾਂ ਅਤੇ ਨਵੇਂ ਸੈਕਟਰਾਂ ਨੂੰ ਮੁਹਾਲੀ ਦੀ ਹੱਦ ਵਿੱਚ ਸ਼ਾਮਲ ਕਰਨ ਦੀ ਤਜਵੀਜ਼ ਹੈ। ਸਮੁੱਚੇ ਇਲਾਕੇ ਦਾ ਮਾਸਟਰ ਪਲਾਨ ਮੁਤਾਬਕ ਵਿਕਾਸ ਕੀਤਾ ਜਾਵੇਗਾ। ਨਿਗਮ ਆਉਂਦੇ ਛੇ ਪਿੰਡਾਂ ਦੀ ਵਿਕਾਸ ਪੱਖੋਂ ਮਾੜੀ ਹਾਲਤ ਅਤੇ ਸੋਹਾਣਾ ਨੂੰ ਨਿਗਮ ’ਚੋਂ ਬਾਹਰ ਕਰਨ ਦੀ ਮੰਗ ਬਾਰੇ ਆਪ ਆਗੂ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਜਦੋਂ ਉਹ ਮੇਅਰ ਸਨ ਤਾਂ ਉਦੋਂ ਦਿੱਕਤ ਨਹੀਂ ਆਈ ਲੇਕਿਨ ਹੁਣ ਮੇਅਰ ਨੂੰ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼ਹਿਰ ਤੇ ਪਿੰਡਾਂ ਵਿੱਚ ਵਿਕਾਸ ਨਹੀਂ ਹੋ ਰਿਹਾ ਹੈ। ਮੇਅਰ ਨੂੰ ਨੈਤਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।
ਇਸ ਮੌਕੇ ਸਾਬਕਾ ਕੌਂਸਲਰ ਆਰਪੀ ਸ਼ਰਮਾ, ਆਪ ਆਗੂ ਤਰਲੋਚਨ ਸਿੰਘ ਮਟੌਰ, ਅਕਬਿੰਦਰ ਸਿੰਘ ਗੋਸਲ, ਬਲਾਕ ਸਮਿਤੀ ਮੈਂਬਰ ਬਲਜੀਤ ਸਿੰਘ ਵਿੱਕੀ, ਸਾਬਕਾ ਬਲਾਕ ਸਮਿਤੀ ਮੈਂਬਰ ਦਲੀਪ ਸਿੰਘ ਕੰਗ, ਮਮਤਾ ਜੈਨ, ਰਣਜੀਤ ਸਿੰਘ ਸੈਣੀ, ਕੁਲਦੀਪ ਸਿੰਘ, ਵਿਜੈ ਪਾਠਕ, ਸਤਨਾਮ ਸਿੰਘ ਮਾਨ, ਵਰਿੰਦਰ ਕੌਰ, ਰਾਜੇਸ਼ ਰਾਣਾ, ਮਗਨ ਲਾਲ, ਕੁਲਦੀਪ ਸਿੰਘ ਸਮਾਣਾ, ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ ਮਟੌਰ, ਮਨੀਸ਼ ਕੁਮਾਰ, ਬਲਕਾਰ ਸਿੰਘ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…