ਵਿਧਾਇਕ ਕੁਲਵੰਤ ਸਿੰਘ ਨੇ ਵੇਰਕਾ ਮਿਲਕ ਪਲਾਂਟ ਦਾ ਦੌਰਾ ਕਰਕੇ ਕੀਤਾ ਨਿਰੀਖਣ

ਮੁੱਖ ਮੰਤਰੀ ਨੂੰ ਮਿਲ ਕੇ ਮਿਲਕ ਪਲਾਂਟ ਦੀਆਂ ਸਮੱਸਿਆਵਾਂ ਜਲਦੀ ਹੱਲ ਕਰਾਉਣ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਵੇਰਕਾ ਮਿਲਕ ਪਲਾਂਟ ਮੁਹਾਲੀ ਦਾ ਦੌਰਾ ਕਰਕੇ ਦੁੱਧ ਨਾਲ ਬਣਨ ਵਾਲੀਆਂ ਖਾਣ ਪੀਣ ਦੀਆਂ ਵਸਤੂਆਂ ਦਾ ਨਿਰੀਖਣ ਕੀਤਾ। ਮਿਲਕ ਪਲਾਂਟ ਦੇ ਜਨਰਲ ਮੈਨੇਜਰ ਰਾਜ ਕੁਮਾਰ ਪਾਲ ਅਤੇ ਮੈਨੇਜਰ ਮਨੋਜ ਸ੍ਰੀਵਾਸਤਵ ਨੇ ਵਿਧਾਇਕ ਨੂੰ ਮਿਲਕ ਪਲਾਂਟ ਦੀ ਪੂਰੀ ਵਰਕਿੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਰੋਜ਼ਾਨਾ 8 ਲੱਖ ਲੀਟਰ ਦੁੱਧ ਪ੍ਰੋਸੈੱਸ ਕਰਨ ਦੀ ਸਮਰੱਥਾ ਹੈ ਅਤੇ ਪਲਾਂਟ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ।
ਇਸ ਮੌਕੇ ਕੁਲਵੰਤ ਸਿੰਘ ਨੇ ਪਲਾਂਟ ਵਿੱਚ ਆਏ ਦੁੱਧ ਦੀ ਗੁਣਵੱਤਾ ਚੈੱਕ ਕਰਨ ਸਮੇਤ ਦੁੱਧ, ਦਹੀਂ, ਪਨੀਰ, ਲੱਸੀ ਬਣਨ ਦੀ ਪੂਰੀ ਪ੍ਰਕਿਰਿਆ ਨੂੰ ਦੇਖਿਆ। ਉਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਪੈਕਿੰਗ ਕਰਨ ਤੱਕ ਕਿਧਰੇ ਵੀ ਕਿਸੇ ਚੀਜ਼ ਨੂੰ ਹੱਥ ਨਾ ਲੱਗਣ ਅਤੇ ਸਾਰੀ ਪ੍ਰਕਿਰਿਆ ਆਟੋਮੈਟਿਕ ਮਸ਼ੀਨਾਂ ਨਾਲ ਪੂਰੀ ਹੋਣ ਸਮੇਤ ਖਾਣ-ਪੀਣ ਦੀਆਂ ਵਸਤੂਆਂ ਪੂਰੀ ਤਰ੍ਹਾਂ ਹਾਈਜੈਨਿਕ ਹੋਣ ਕਾਰਨ ਪਲਾਂਟ ਮੈਨੇਜਮੈਂਟ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਤੇ ਅਰਧ ਸਰਕਾਰੀ ਸੰਸਥਾਵਾਂ ਦੇਸ਼ ਦੀ ਅਰਥ ਵਿਵਸਥਾ ਦਾ ਥੰਮ ਹਨ।
ਇਸ ਮੌਕੇ ਅਧਿਕਾਰੀਆਂ ਨੇ ਵੇਰਕਾ ਪਲਾਂਟ ਵਿੱਚ ਦਰਪੇਸ਼ ਸਮੱਸਿਆਵਾਂ ਵੀ ਵਿਧਾਇਕ ਕੁਲਵੰਤ ਸਿੰਘ ਅੱਗੇ ਰੱਖੀਆਂ। ਉਨ੍ਹਾਂ ਦੱਸਿਆ ਕਿ ਪਲਾਂਟ ਵਿੱਚ ਪੱਕੇ ਮੁਲਾਜ਼ਮਾਂ ਦੀ ਬਹੁਤ ਘਾਟ ਹੈ ਅਤੇ ਲੰਮੇ ਸਮੇਂ ਤੋਂ 580 ਪੱਕੀਆਂ ਅਸਾਮੀਆਂ ਦੀ ਪ੍ਰਵਾਨਗੀ ਲਈ ਸਰਕਾਰ ਤੋਂ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਵਿਧਾਇਕ ਨੂੰ ਦੱਸਿਆ ਕਿ ਸਰਕਾਰ ਵੱਲੋਂ ਦੁੱਧ ਉਤਪਾਦਕਾਂ ਨੂੰ ਸਾਢੇ ਤਿੰਨ ਰੁਪਏ ਪ੍ਰਤੀ ਲੀਟਰ ਰੇਟ ਵਿਚ ਵਾਧੇ ਦਾ ਪੈਸਾ ਦੇਣਾ ਸੀ ਅਤੇ ਦੋ ਰੁਪਏ ਪਲਾਂਟ ਨੇ ਪਾਉਣੇ ਸਨ, ਲਗਪਗ 70 ਲੱਖ ਰੁਪਏ ਸਰਕਾਰ ਵੱਲ ਪੈਂਡਿੰਗ ਹਨ ਜਦੋਂਕਿ ਹਰਿਆਣਾ, ਕਰਨਾਟਕ, ਰਾਜਸਥਾਨ ਅਤੇ ਗੁਜਰਾਤ ਸਰਕਾਰਾਂ ਨੇ ਕਿਸਾਨਾਂ ਨੂੰ ਪੈਸਿਆਂ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਕੁਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਮੁੱਖ ਮੰਤਰੀ ਨਾਲ ਗੱਲ ਕਰਕੇ ਪਲਾਂਟ ਵਿਚ ਮੁਲਾਜ਼ਮਾਂ ਦੀ ਪੱਕੀ ਭਰਤੀ ਅਤੇ ਦੁੱਧ ਉਤਪਾਦਕਾਂ ਦੇ ਬਕਾਇਆਂ ਪੈਸਿਆਂ ਦਾ ਮਸਲਾ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।
ਇਸ ਮੌਕੇ ਮੈਨੇਜਰ (ਪ੍ਰੋਡਕਸ਼ਨ) ਸੰਜੇ ਚੋਪੜਾ, ਮੈਨੇਜਰ (ਪ੍ਰੋਕਿਊਰਮੈਂਟ) ਐਮਕੇ ਸ੍ਰੀਵਾਸਤਵਾ, ਮੈਨੇਜਰ (ਇੰਜੀਨੀਅਰਿੰਗ) ਅਮਿਤ ਸ਼ਰਮਾ, ਮੈਨੇਜਰ ਇੰਦਰਜੀਤ ਸਿੰਘ, ਕੁਲਵੰਤ ਸਿੰਘ ਪ੍ਰਧਾਨ ਵਰਕਰ ਯੂਨੀਅਨ ਮਿਲਕ ਪਲਾਂਟ, ਕੌਂਸਲਰ ਗੁਰਮੀਤ ਕੌਰ ਤੇ ਸੁਖਦੇਵ ਸਿੰਘ ਪਟਵਾਰੀ, ਸਾਬਕਾ ਕੌਂਸਲਰ ਆਰਪੀ ਸ਼ਰਮਾ ਅਤੇ ਹਰਵਿੰਦਰ ਸਿੰਘ, ਹਰਮੇਸ਼ ਸਿੰਘ, ਅਰੁਣ ਗੋਇਲ, ਕੁਲਦੀਪ ਸਿੰਘ ਸਮਾਣਾ, ਨੰਬਰਦਾਰ ਹਰਸੰਗਤ ਸਿੰਘ, ਅਕਵਿੰਦਰ ਸਿੰਘ ਗੋਸਲ ਅਤੇ ਸਵਰਨ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…