
ਵਿਕਾਸ ਦਾ ਗੁਣਗਾਨ ਕਰਨ ਵਾਲੇ ਵਿਧਾਇਕ ਸਿੱਧੂ ਕਲੋਨੀਆਂ ਦੀ ਮਾੜੀ ਹਾਲਤ ਦੇਖਣ ਦੀ ਲੋੜ: ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਲੋਕਾਂ ਨੂੰ ਗੁਮਰਾਹ ਕਰਕੇ ਮੁਹਾਲੀ ਤੋਂ ਵਿਧਾਇਕ ਬਣਦੇ ਆ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਹੁਣ ਚੋਣਾਂ ਸਮੇਂ ਹਰ ਪਾਸੇ ਵਿਕਾਸ ਦੇ ਗੁਣਗਾਨ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਹਰ ਪਾਸੇ ਵਿਕਾਸ ਦੀ ਗੰਗਾ ਵਹਾ ਦਿੱਤੀ ਹੈ। ਪਰ ਸਚਾਈ ਇਹ ਹੈ ਕਿ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਇਲਾਕੇ ਦੇ ਲੋਕ ਨਰਕ ਭੋਗਣ ਲਈ ਮਜਬੂਰ ਹਨ। ਉਨ੍ਹਾਂ ਵਿਧਾਇਕ ਸਿੱਧੂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਕਲੋਨੀਆਂ ਦਾ ਦੌਰਾ ਕਰਕੇ ਮੌਜੂਦਾ ਹਾਲਤ ਦੇਖ ਕੇ ਦੱਸਣ ਕੀ ਉਨ੍ਹਾਂ ਨੇ ਇਹ ਵਿਕਾਸ ਕੀਤਾ ਹੈ।
ਸੰਜੀਵ ਵਸ਼ਿਸ਼ਟ ਨੇ ਐਤਵਾਰ ਨੂੰ ਬਲੌਂਗੀ ਦੀ ਏਕਤਾ ਕਲੋਨੀ ਵਿਖੇ ਆਪਣੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਸ਼ਹਿਰ ਦੇ ਨਾਲ ਲੱਗਦੀਆਂ ਕਲੋਨੀਆਂ ਏਕਤਾ ਕਲੋਨੀ, ਬੜਮਾਜਰਾ, ਆਦਰਸ਼ ਕਲੋਨੀ, ਊਧਮ ਸਿੰਘ ਕਲੋਨੀ, ਜੁਝਾਰ ਨਗਰ, ਝਾਂਮਪੁਰ ਆਦਿ ਕਲੋਨੀਆਂ ਦੀ ਹਾਲਤ ਬਹੁਤ ਮਾੜੀ ਹੈ। ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਬੀਮਾਰੀਆਂ ਫੈਲ ਰਹੀਆਂ ਹਨ। ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਭ ਦੇ ਲਈ ਵਿਧਾਇਕ ਸਿੱਧੂ ਸਮੇਤ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ, ਜੋ ਬਿਨਾਂ ਕੁੱਝ ਸੋਚੇ ਸਮਝੇ ਪਿਛਲੇ 15 ਸਾਲਾਂ ਤੋਂ ਸਿੱਧੂ ’ਤੇ ਅੰਨ੍ਹਾ ਭਰੋਸਾ ਕਰ ਕੇ ਉਨ੍ਹਾਂ ਨੂੰ ਜਿਤਾਉਂਦੇ ਆ ਰਹੇ ਹਨ।
ਵਸ਼ਿਸ਼ਟ ਨੇ ਕਿਹਾ ਕਿ ਕਿਸੇ ’ਤੇ ਇਕ ਵਾਰ ਵਿਸ਼ਵਾਸ ਕਰਨਾ ਸਾਡਾ ਧਰਮ ਹੈ, ਹਾਲਾਂਕਿ ਦੂਜੀ ਵਾਰ ਵਿਸ਼ਵਾਸ ਕੀਤਾ ਜਾ ਸਕਦਾ ਹੈ। ਪਰ ਉਸ ਤੋਂ ਬਾਅਦ ਵੀ ਜੇਕਰ ਉਹ ਵਿਅਕਤੀ ਸਾਡੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਤਾਂ ਤੀਜੀ ਵਾਰ ਵਿਸ਼ਵਾਸ ਕਰਨਾ ਸਾਡੀ ਵੱਡੀ ਗ਼ਲਤੀ ਹੈ। ਅਸੀਂ ਸਾਰੇ ਪਿਛਲੇ 15 ਸਾਲਾਂ ਤੋਂ ਅਜਿਹਾ ਕਰਦੇ ਆ ਰਹੇ ਹਾਂ। ਪਰ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਬਦਲਾਅ ਕਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਬਾਕੀ ਭਾਜਪਾ ਸਾਸਤ ਰਾਜਾਂ ਵਿੱਚ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਉਨ੍ਹਾਂ ਸਹੂਲਤਾਂ ਦਾ ਲਾਭ ਪੰਜਾਬ ਦੇ ਲੋਕਾਂ ਤੱਕ ਵੀ ਪਹੁੰਚਾਇਆ ਜਾਣਾ ਚਾਹੀਦਾ ਹੈ। ਇਸ ਦੇ ਲਈ ਲੋਕਾਂ ਨੂੰ ਸੰਕਲਪ ਲੈਣਾ ਹੋਵੇਗਾ ਅਤੇ ਪੰਜਾਬ ਦੀ ਭਾਜਪਾ ਸਰਕਾਰ ਨੂੰ ਇੱਕ ਵਾਰ ਮੌਕਾ ਦੇਣਾ ਹੋਵੇਗਾ।
ਸ੍ਰੀ ਵਸ਼ਿਸ਼ਟ ਨੇ ਕਿਹਾ ਕਿ ਵਿਧਾਇਕ ਬਲਬੀਰ ਸਿੱਧੂ ਵੱਲੋਂ ਹਰ ਪਾਸੇ ਵਿਕਾਸ ਦੇ ਗੀਤ ਗਾਏ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਹੀ ਮੁਹਾਲੀ ਵਿੱਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਹੈ। ਪਰ ਅਸਲ ਵਿਕਾਸ ਮੁਹਾਲੀ ਸ਼ਹਿਰ ਦਾ ਨਹੀਂ ਸਗੋਂ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸਾਹਿਬ ਇਹ ਗੱਲਾਂ ਕਰਨ ਤੋਂ ਪਹਿਲਾਂ ਜੇਕਰ ਆ ਕੇ ਕਲੋਨੀਆਂ ਨੂੰ ਦੇਖਦੇ ਤਾਂ ਉਨ੍ਹਾਂ ਦੇ ਦਾਅਵਿਆਂ ਦੀ ਫੂਕ ਨਿਕਲ ਜਾਣੀ ਸੀ। ਇੱਥੋਂ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਸੀਵਰੇਜ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ। ਬਲੌਂਗੀ ਦੇ ਨਾਲ ਲੱਗਦੀ ਅੰਬੇਦਕਰ ਕਲੋਨੀ ਵਿੱਚ ਜਾ ਕੇ ਦੇਖਿਆ ਕਿ ਉੱਥੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਰਿਹਾ ਹੈ ਅਤੇ ਲੋਕ ਉੱਥੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਲੈਣ ਲਈ ਲੋਕਾਂ ਨੂੰ ਡੇਢ ਤੋਂ ਦੋ ਕਿੱਲੋਮੀਟਰ ਪੈਦਲ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੀ ਇਨ੍ਹਾਂ ਸਾਰੀਆਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਆਪਣਾ ਮਨ ਬਣਾ ਲਿਆ ਹੈ ਅਤੇ ਇਸ ਵਾਰ ਉਨ੍ਹਾਂ ਨੇ ਆਪਣੇ ਮਨ ਵਿੱਚ ਬਦਲਾਅ ਕਰਨ ਦੀ ਗੱਲ ਉਲੀਕੀ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਵਿੱਚ ਭਾਜਪਾ ਪ੍ਰਤੀ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ, ਉਸ ਤੋਂ ਲਗਦਾ ਹੈ ਕਿ ਇਸ ਵਾਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਭਾਜਪਾ ਸਰਕਾਰ ਵਿੱਚ ਪੰਜਾਬ ਵਿੱਚ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਜੋ ਹੁਣ ਤੱਕ ਮੋਦੀ ਸਰਕਾਰ ਨੇ ਦਿੱਤੀਆਂ ਹਨ। ਇਸ ਤੋਂ ਪਹਿਲਾਂ ਕਾਂਗਰਸੀ ਸਰਕਾਰ ਨੇ ਆਪਣੇ ਨਿੱਜੀ ਸਵਾਰਥ ਕਰਕੇ ਕੇਂਦਰੀ ਯੋਜਨਾਵਾਂ ਨੂੰ ਲੋਕਾਂ ਤੱਕ ਨਹੀਂ ਪਹੁੰਚਣ ਦਿੱਤਾ ਗਿਆ। ਉਨ੍ਹਾਂ ਲੋਕਾਂ ਨੂੰ ਹੱਥ ਜੋੜ ਕੇ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਇੱਕ ਵਾਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਸੰਕਲਪ ਲੈਣ ਤਾਂ ਅਗਲੀਆਂ ਚੋਣਾਂ ਵਿਚ ਲੋਕ ਖ਼ੁਦ ਭਾਜਪਾ ਨੂੰ ਪਹਿਲ ਦੇਣਗੇ। ਕਿਉਂਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਗ਼ਰੀਬਾਂ ਅਤੇ ਲੋੜਵੰਦਾਂ ਦੇ ਹਿੱਤਾਂ ਬਾਰੇ ਸੋਚਦੀ ਹੈ।