Share on Facebook Share on Twitter Share on Google+ Share on Pinterest Share on Linkedin ਵਿਧਾਇਕ ਸੰਧੂ ਨੇ ‘ਨਿਊ ਚੰਡੀਗੜ੍ਹ’ ਟਾਊਨਸ਼ਿਪ ਵਿੱਚ ਨਵੀਂ ਝੀਲ ਬਣਾਉਣ ਦਾ ਸੁਝਾਅ ਦਿੱਤਾ ਆਉਣ ਵਾਲੀ ਟਾਊਨਸ਼ਿਪ ਨੂੰ ਬਚਾਉਣ ਲਈ ਤਜਵੀਜ਼ ਕੀਤੀ ਝੀਲ ਬਣਾਉਣਾ ਜ਼ਰੂਰੀ: ਸੰਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ: ਹਲਕਾ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਭਾਰੀ ਬਾਰਸ਼ਾਂ ਦੇ ਦੌਰਾਨ ਆਉਣ ਵਾਲੀ ਟਾਊਨਸ਼ਿਪ ਦੇ ਪਾਣੀ ਦੇ ਵਹਾਅ ਤੋਂ ਬਚਾਉਣ ਲਈ ‘ਨਿਊ ਚੰਡੀਗੜ੍ਹ’ ਕਸਬੇ ਵਿੱਚ ਸੁਖਨਾ ਝੀਲ ਦੀ ਤਰਜ਼ ’ਤੇ ਇੱਕ ਨਵੀਂ ਝੀਲ ਬਣਾਉਣ ਦਾ ਸੁਝਾਅ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਆਪਣੇ ਇੱਕ ਪੱਤਰ ਰਾਹੀਂ ਕੰਵਰ ਸੰਧੂ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਹਾਲ ਹੀ ਵਿੱਚ ਇੱਕ ਨੋਟਿਸ ਵੱਲ ਧਿਆਨ ਦਿਵਾਉਂਦਿਆਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਬਿਲਡਰ ਨੇ ਮਲਟੀਪਲੈਕਸਾਂ ਦੀ ਲੜੀ ਵਧਾਉਣ ਲਈ ਸੀਸਵਾਂ ਨਦੀ ਦੇ ਕੁਦਰਤੀ ਵਹਾਅ ਨੂੰ ਰੋਕਿਆ ਹੈ। ਪਿੰਡ ਭਰੋਂਜੀਆਂ ਦੇ ਦੋ ਭਰਾਵਾਂ ਮਨਜਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਦੀ ਇਸ ਮਾਮਲੇ ‘ਤੇ ਪਟੀਸ਼ਨ ਪਾਈ ਹੋਈ ਹੈ ਅਤੇ ਪੰਜਾਬ ਸਰਕਾਰ ਨੂੰ ਇਸਦਾ ਜਵਾਬ ਇਕ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਕਿਹਾ ਗਿਆ ਹੈ। ਇਨ੍ਹਾਂ ਦੋਵਾਂ ਭਰਾਵਾਂ ਨੇ ਉਕਤ ਖੇਤਰ ਵਿੱਚ ਕੁਦਰਤੀ ਨਾਲਿਆਂ ਨੂੰ ਦਿਖਾਉਣ ਲਈ ‘‘ਗੂਗਲ ਅਰਥ’’ ਤੋਂ ਲਈਆਂ ਗਈਆਂ ਤਸਵੀਰਾਂ ਦਾ ਹਵਾਲਾ ਦਿੱਤਾ ਸੀ, ਜਿਸ ਉੱਤੇ ਉਸਾਰੀ ਕੀਤੀ ਜਾ ਰਹੀ ਹੈ। ਹਲਕਾ ਖਰੜ ਤੋਂ ਵਿਧਾਇਕ ਸੰਧੂ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਆਪਣੀ ਚਿੱਠੀ ਵਿਚ ਤਿੰਨ ਨੁਕਤੇ ਦੱਸੇ। ਉਨ੍ਹਾਂ ਕਿਹਾ ਕਿ ਇਸ ਨਵੇਂ ਚੰਡੀਗੜ੍ਹ ਕਸਬੇ ਵਿਚ ਬਰਸਾਤੀ ਨਦੀਆਂ ਅਤੇ ਬਰਸਾਤੀ ਨਾਲੇ ਵਹਿੰਦੇ ਹਨ। ਉਨ੍ਹਾਂ ਦੀ ਮਾਲ ਵਿਭਾਗ ਦੇ ਰਿਕਾਰਡ ਮੁਤਾਬਿਕ ਨਿਸ਼ਾਨ-ਦੇਹੀ ਕੀਤੀ ਜਾਵੇ। ਇਨ੍ਹਾਂ ‘ਚੋਆਂ‘ ਵਿਚ ਹੋਇਆਂ ਉਸਾਰੀਆਂ ਨੂੰ ਹਟਾ ਕੇ ਇਨ੍ਹਾਂ ਦੇ ਦੋਵੇਂ ਪਾਸੇ ਬੰਨ੍ਹ ਲਗਾਏ ਜਾਣ। ਇਸ ਨਾਲ ਬਰਸਾਤੀ ਪਾਣੀ ਦੇ ਵਹਾਅ ਨੂੰ ਯਕੀਨੀ ਬਣਾਇਆ ਜਾ ਸਕੇਗਾ। ਇਸ ਇਲਾਕੇ ਵਿਚ ਸੀਸਵਾਂ ਨਦੀ ਤੋਂ ਇਲਾਵਾ ਕਰੀਬ 1 ਦਰਜਨ ਬਰਸਾਤੀ ‘ਚੋਆਂ‘ ਲੰਘਦੀਆਂ ਹਨ। ਖਰੜ ਹਲਕੇ ਦੇ ਵਿਧਾਇਕ ਨੇ ਕਿਹਾ ਕਿ ਕਈ ਥਾਵਾਂ ‘ਤੇ ਸੀਸਵਾਂ ਨਦੀ ਲਈ ਕਰੀਬ 100 ਮੀਟਰ ਦੀ ਚੌੜਾਈ ਦੇਣੀ ਪਵੇਗੀ। ਸ੍ਰੀ ਕੰਵਰ ਸੰਧੂ ਨੇ ਅੱਗੇ ਕਿਹਾ ਕਿ ਇਸ ਇਲਾਕੇ ਦੀਆਂ 2 ਵੱਡੀਆਂ ਸੜਕਾਂ ‘ਤੇ ਕਰੀਬ 3 ਜਾਂ 4 ਪੁਲਾਂ ਦੀ ਫਿਰ ਤੋਂ ਉਸਾਰੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਡਿਜ਼ਾਈਨ (ਨਕਸ਼ੇ) ਵਿੱਚ ਨੁਕਸ ਹੋਣ ਕਰਕੇ ਇਹ ਬਰਸਾਤੀ ਪਾਣੀਆਂ ਸਮੇਂ ਨਾ-ਕਾਮਯਾਬ ਸਾਬਤ ਹੋਏ ਹਨ। ਇਸੇ ਤਰ੍ਹਾਂ ਨਵੇਂ ਚੰਡੀਗੜ੍ਹ ਸ਼ਹਿਰ ਦੀਆਂ ਕੁੱਝ ਅੰਦਰੂਨੀ ਸੜਕਾਂ ’ਤੇ ਵੀ ਪੁਲ ਬਣਾਉਣ ਦੀ ਲੋੜ ਹੈ, ਜਿੱਥੇ ਪ੍ਰਾਈਵੇਟ ਡਿਵੈਲਪਰਾਂ ਨੇ ਪਾਣੀ ਦੇ ਵਹਾਅ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਸ੍ਰੀ ਕੰਵਰ ਸੰਧੂ ਨੇ ਅੱਗੇ ਕਿਹਾ ਕਿ ਇਸ ਇਲਾਕੇ ਵਿੱਚ ਇਕ ਨਵੀਂ ਝੀਲ ਬਣਾਉਣ ਦੀ ਲੋੜ ਹੈ ਤਾਂ ਕਿ ਨਵੇਂ ਚੰਡੀਗੜ੍ਹ ਕਸਬੇ ਦਾ ਬਚਾਅ ਹੋ ਸਕੇ। ਇਸ ਝੀਲ ਨਾਲ ਸੀਸਵਾਂ ਨਦੀ ਦੇ ਵਹਾਅ ਵਿਚ ਕੁੱਝ ਹੱਦ ਤੱਕ ਠੱਲ੍ਹ ਪਵੇਗੀ। ਇਹ ਨਵੀਂ ਝੀਲ ਕਰੀਬ 1 ਵਰਗ ਕਿੱਲੋਮੀਟਰ ਵਿਚ ਹੋਣੀ ਚਾਹੀਦੀ ਹੈ। ਵਿਧਾਇਕ ਸੰਧੂ ਨੇ ਕਿਹਾ ਕਿ ਇਹ ਝੀਲ ਪੜੌਲ ਪਿੰਡ ਦੇ ਨਜ਼ਦੀਕ ਪੁਰਾਣੇ ਪੁਲ ਦੇ ਇਲਾਕੇ ਵਿੱਚ ਬਣ ਸਕਦੀ ਹੈ। ਇਸ ਵਿਚ ਬਾਕੀ ਬਰਸਾਤੀ ਨਾਲਿਆਂ ਦਾ ਪਾਣੀ ਵੀ ਪਾਇਆ ਜਾ ਸਕਦਾ ਹੈ। ਗਰਮੀਆਂ ਵਿਚ ਇਸ ਝੀਲ ਦਾ ਪਾਣੀ ਨਵੇਂ ਚੰਡੀਗੜ੍ਹ ਕਸਬੇ ਦੇ ਲੋਕਾਂ ਦੇ ਪੀਣ ਦੇ ਕੰਮ ਵੀ ਆ ਸਕਦਾ ਹੈ ਅਤੇ ਇਸ ਨਾਲ ਜ਼ਮੀਨੀ ਪਾਣੀ ਦੇ ਵਿੱਚ ਵੀ ਵਾਧਾ ਹੋਵੇਗਾ। ਯਾਦ ਰਹੇ ਕਿ ਨਵੇਂ ਚੰਡੀਗੜ੍ਹ ਵਿੱਚ ਇਕ ਅੰਤਰ ਰਾਸ਼ਟਰੀ ਪੱਧਰ ਦਾ ਕ੍ਰਿਕੇਟ ਸਟੇਡੀਅਮ ਬਣ ਰਿਹਾ ਹੈ ਅਤੇ ਇਸ ਤੋਂ ਇਲਾਵਾ ਮੈਡੀਸਿਟੀ ਦੀ ਉਸਾਰੀ ਵੀ ਹੋ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ