ਵਿਧਾਇਕ ਬਲਬੀਰ ਸਿੱਧੂ ਨੇ ਬੇਜ਼ਮੀਨੇ ਲੋਕਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫ਼ਿਕੇਟ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ:
ਸਾਬਕਾ ਸਿਹਤ ਮੰਤਰੀ ਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਖੇਤੀਬਾੜੀ ਸੁਸਾਇਟੀ ਪਿੰਡ ਮਨਾਣਾ ਵਿਖੇ 15 ਬੇਜ਼ਮੀਨੇ ਪਰਿਵਾਰਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫ਼ਿਕੇਟ ਵੰਡੇ। ਉਨ੍ਹਾਂ ਦੱਸਿਆ ਕਿ ਮਨਾਣਾ ਸਮੇਤ ਇਤਿਹਾਸਕ ਪਿੰਡ ਦਾਊਂ ਅਤੇ ਬਹਿਲੋਲਪੁਰ ਨਾਲ ਸਬੰਧਤ 150 ਲਾਭਪਾਤਰੀਆਂ ਦਾ 28 ਲੱਖ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਵੱਲੋਂ ਮੁਆਫ਼ ਕੀਤਾ ਗਿਆ।
ਇਸ ਸਬੰਧੀ ਸੁਸਾਇਟੀ ਵਿਖੇ ਕੀਤੇ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਬਿਹਤਰੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰ ਵੱਲੋਂ ਜਿੱਥੇ ਪਹਿਲਾਂ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਉੱਥੇ ਹੁਣ ਬੇਜ਼ਮੀਨੇ ਵਿਅਕਤੀਆਂ ਦਾ ਕਰਜ਼ਾ ਮੁਆਫ਼ ਕਰਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਕਪਾਹ ਦੀ ਫਸਲ ਦਾ ਮੁਆਵਜ਼ਾ 17 ਹਜ਼ਾਰ ਰੁਪਏ ਪ੍ਰਤੀ ਏਕੜ ਤੈਅ ਕਰਕੇ ਸਰਕਾਰ ਨੇ ਇਕ ਇਤਿਹਾਸਕ ਕਦਮ ਚੁੱਕਿਆ ਹੈ।
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਹੋਣ ’ਤੇ ਸੰਘਰਸ਼ਸ਼ੀਲ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਧਾਈ ਦਿੱਤੀ ਅਤੇ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਜੁਝਾਰੂ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਹਿਕਾਰੀ ਬੈਂਕ ਮਨਾਣਾ ਦੇ ਸੀਨੀਅਰ ਬਰਾਂਚ ਮੈਨੇਜਰ ਤੇਜਿੰਦਰ ਸਿੰਘ, ਬਰਾਂਚ ਮੈਨੇਜਰ ਸ਼ਾਲੂ ਬੰਸਲ, ਖੇਤੀਬਾੜੀ ਸੁਸਾਇਟੀ ਮਨਾਣਾ ਦੇ ਸਕੱਤਰ ਕੁਲਦੀਪ ਸਿੰਘ, ਦਰਸ਼ਨ ਸਿੰਘ ਮਨਾਣਾ, ਕੈਪਟਨ ਮਲਕੀਤ ਸਿੰਘ, ਗੁਰਿੰਦਰ ਸਿੰਘ, ਜਗਜੀਤ ਸਿੰਘ, ਅਵਤਾਰ ਸਿੰਘ ਵੀ ਹਾਜ਼ਰ ਸਨ।

Load More Related Articles

Check Also

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਨਬਜ਼-ਏ-ਪੰਜਾਬ, ਮ…