ਵਿਧਾਇਕ ਸਿੱਧੂ ਨੇ ਦਾਰਾ ਸਟੂਡੀਓ ਤੋਂ ਜੁਝਾਰ ਨਗਰ ਤੱਕ ਪੱਕੀ ਸੜਕ ਅਤੇ ਪੁਲ ਬਣਾਉਣ ਦਾ ਨੀਂਹ ਪੱਥਰ ਰੱਖਿਆ

10 ਕਰੋੜ ਦੀ ਲਾਗਤ ਨਾਲ ਬਣੇਗੀ ਦਾਰਾ ਸਟੂਡੀਓ ਤੋਂ ਜੁਝਾਰ ਨਗਰ ਤੱਕ ਦੀ 80 ਫੁੱਟ ਚੌੜੀ ਪੱਕੀ ਸੜਕ ਤੇ ਪੁਲ: ਸਿੱਧੂ

ਮੁਹਾਲੀ ਸ਼ਹਿਰ ਨਾਲ ਸਿੱਧੇ ਜੁੜਨਗੇ ਇਲਾਕੇ ਦੇ ਦਰਜਨ ਪਿੰਡ, ਲੋਕਾਂ ਦੀ ਚਿਰਕੌਣੀ ਮੰਗ ਹੋਈ ਪੂਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਦਸੰਬਰ:
ਸਾਬਕਾ ਸਿਹਤ ਮੰਤਰੀ ਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਦੇ ਦਾਰਾ ਸਟੂਡੀਓ ਤੋਂ ਲੈ ਕੇ ਜੁਝਾਰ ਨਗਰ ਤੱਕ ਪੱਕੀ ਸੜਕ ਅਤੇ ਪੁਲ ਬਣਾਉਣ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਗੰਦੇ ਨਾਲੇ ਉੱਪਰ ਪੁਲ ਬਣਾਉਣ ਅਤੇ 80 ਫੁੱਟ ਚੌੜੀ ਸੜਕ ਬਣਾਉਣ ਲਈ 10 9 ਕਰੋੜ 86 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਵੀ ਹਾਜ਼ਰ ਸਨ।
ਵਿਧਾਇਕ ਬਲਬੀਰ ਸਿੱਧੂ ਨੇ ਇਹ ਪ੍ਰਾਜੈਕਟ ਸ਼ੁਰੂ ਕਰਵਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪੀਡਬਲਿਊਡੀ ਮੰਤਰੀ ਵਿਜੇ ਸਿੰਗਲਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਦਾ ਕੰਮ ਐਨਾ ਅੌਖਾ ਸੀ ਕਿ ਕੋਈ ਇਸ ਨੂੰ ਪੂਰਾ ਕਰਨ ਬਾਰੇ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ। ਪੰਜਾਬ ਵਿੱਚ ਪਿੰਡਾਂ ਨੂੰ ਜੋੜਨ ਵਾਲੀ ਇਹ ਪਹਿਲੀ 80 ਫੁੱਟ ਸੜਕ ਹੈ। ਇਸ ਦੇ ਬਣਨ ਨਾਲ ਦਰਜਨਾਂ ਪਿੰਡ ਸਿੱਧੇ ਤੌਰ ’ਤੇ ਮੁਹਾਲੀ ਨਾਲ ਜੁੜਨਗੇ ਅਤੇ ਪੇਂਡੂ ਲੋਕਾਂ ਨੂੰ ਸ਼ਹਿਰ ਆਉਣ ਜਾਣ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਜੁਝਾਰ ਨਗਰ ਦੇ ਵਸਨੀਕਾਂ ਨਾਲ ਇਸ ਤਰ੍ਹਾਂ ਸਲੂਕ ਹੁੰਦਾ ਹੈ ਜਿਵੇਂ ਉਹ ਦਰਿਆਓਂ ਪਾਰ ਰਹਿੰਦੇ ਹੋਣ। ਜੇ ਕੋਈ ਬਿਮਾਰ ਹੋ ਜਾਵੇ ਤਾਂ ਉਸ ਨੂੰ ਹਸਪਤਾਲ ਤੱਕ ਲਿਆਉਣਾ ਬਹੁਤ ਅੌਖਾ ਹੁੰਦਾ ਸੀ ਅਤੇ ਬਰਸਾਤੀ ਮੌਸਮ ਵਿੱਚ ਇਹ ਲਾਂਘਾ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਸੀ, ਪ੍ਰੰਤੂ ਹੁਣ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਸੋਖ ਹੋਵੇਗੀ। ਉਨ੍ਹਾਂ ਕਿਹਾ ਕਿ ਬੜਮਾਜਰਾ ਦੀ ਜ਼ਮੀਨ ਉੱਤੇ ਬਣ ਰਹੇ ਮੈਡੀਕਲ ਕਾਲਜ ਲਈ ਇਹ ਸੜਕ ਬਹੁਤ ਲਾਹੇਵੰਦ ਹੋਵੇਗੀ। ਇੱਥੇ ਸਲੱਮ ਏਰੀਆ ਦਾ ਵਿਕਾਸ ਕਰਕੇ ਲੋਕਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸੜਕ ਅਤੇ ਪੁਲ ਦੇ ਟੈਂਡਰ ਤੋਂ ਬਾਅਦ ਵਰਕ ਆਰਡਰ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਆਉਂਦੇ ਚਾਰ-ਪੰਜ ਮਹੀਨਿਆਂ ਵਿੱਚ ਇਹ ਕੰਮ ਮੁਕੰਮਲ ਕਰਕੇ ਸੜਕ ਲੋਕਾਂ ਹਵਾਲੇ ਕਰ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ, ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਲਖਬੀਰ ਸਿੰਘ, ਨਛੱਤਰ ਸਿੰਘ, ਸੁੱਚਾ ਸਿੰਘ ਕਲੌੜ, ਕਮਲਪ੍ਰੀਤ ਬੰਨੀ, ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ, ਪ੍ਰਮੋਦ ਮਿੱਤਰਾ (ਸਾਰੇ ਕੌਂਸਲਰ), ਚੇਅਰਮੈਨ ਧਰਮ ਸਿੰਘ ਸੈਣੀ, ਗੁਰਸਾਹਿਬ ਸਿੰਘ, ਨਵਜੋਤ ਬਾਛਲ, ਕੁਲਵਿੰਦਰ ਸੰਜੂ, ਗੁਰਪ੍ਰੀਤ ਸਿੰਘ ਢੀਂਡਸਾ ਸਰਪੰਚ ਜੁਝਾਰ ਨਗਰ, ਗੁਰਦੇਵ ਸਿੰਘ ਸਰਪੰਚ ਬੜਮਾਜਰਾ, ਮਨਜੀਤ ਸਿੰਘ ਸਰਪੰਚ ਬਹਿਲੋਲਪੁਰ, ਸੁਖਦੀਪ ਸਿੰਘ ਸਰਪੰਚ ਝਾਮਪੁਰ, ਗੁਰਪ੍ਰੀਤ ਸਿੰਘ ਗਿੰਨੀ, ਅਮਰਜੀਤ ਸਿੰਘ ਪੰਚ ਜੁਝਾਰ ਨਗਰ, ਬਹਾਦਰ ਸਿੰਘ ਸਰਪੰਚ ਠਸਕਾ, ਅਜਮੇਰ ਸਿੰਘ ਸਰਪੰਚ ਦਾਊਂ, ਮੋਹਣ ਸਿੰਘ ਸਰਪੰਚ ਰਾਏਪੁਰ, ਰਣਧੀਰ ਸਿੰਘ ਸਰਪੰਚ ਹੁਸੈਨਪੁਰ, ਬਲਜੀਤ ਸਿੰਘ ਠਸਕਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਵੱਖ-ਵੱਖ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਗਰੰਟੀਆਂ ਦਾ ਕੋਈ ਮੁੱਲ ਨਹੀਂ ਹੈ ਅਤੇ ਇਹ ਸਿਰਫ਼ ਵੋਟਾਂ ਬਟੋਰਨ ਲਈ ਮਹਿਜ਼ ਫੋਕੇ ਐਲਾਨ ਹਨ। ਉਨ੍ਹਾਂ ਕਿਹਾ ਕਿ ਕਰੋਨਾ ਵੇਲੇ ਦਿੱਲੀ ਤੋਂ ਮਰੀਜ਼ ਪੰਜਾਬ ਆ ਕੇ ਹਸਪਤਾਲਾਂ ਵਿੱਚ ਦਾਖ਼ਲ ਹੋ ਕੇ ਆਪਣੀ ਜਾਨ ਬਚਾਉਂਦੇ ਰਹੇ ਹਨ ਜਦੋਂਕਿ ਦਿੱਲੀ ਵਿੱਚ ਜੋ ਹਾਲ ਹੋਇਆ ਉਸ ਬਾਰੇ ਸਾਰੇ ਲੋਕ ਭਲੀਭਾਂਤ ਜਾਣਦੇ ਹਨ।

ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਦੇ ਪੰਜਾਬ ਦੌਰੇ ਸਿਰਫ਼ ਚੋਣ ਸਟੰਟ ਹੀ ਹਨ। ਸਾਲ ਤੋਂ ਵੱਧ ਦਿੱਲੀ ਦੀਆਂ ਸੜਕਾਂ ਉੱਤੇ ਗਰਮੀ, ਹਨ੍ਹੇਰੀ, ਮੀਂਹ, ਸਰਦੀ ਦਾ ਮੁਕਾਬਲਾ ਕਰਦੇ ਹੋਏ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ ਤੱਦ ਤਾਂ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਉਦੋਂ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਆਏ ਸੀ ਅਤੇ ਸਨੇਟਾ ਵਿੱਚ ਲੜਕੀਆਂ ਲਈ ਤਕਨੀਕੀ ਸੰਸਥਾਨ ਦੇਣ ਦੀ ਗੱਲ ਕਰ ਗਏ ਸੀ ਪਰ ਹੁਣ ਤੱਕ ਉੱਥੇ ਕੁਝ ਵੀ ਹੋਇਆ।

Load More Related Articles
Load More By Nabaz-e-Punjab
Load More In Agriculture & Forrest

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…