
ਵਿਧਾਇਕ ਸਿੱਧੂ ਨੇ ਸੈਕਟਰ-109 ਵਿੱਚ ਆਇਸ਼ਾ ਮਸਜਿਦ ਦਾ ਨੀਂਹ ਪੱਥਰ ਰੱਖਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਇੱਥੋਂ ਦੇ ਸੈਕਟਰ-109 (ਪਿੰਡ ਰਾਏਪੁਰ ਕਲਾਂ) ਵਿਖੇ ਬਣਨ ਵਾਲੀ ਆਇਸ਼ਾ ਮਸਜਿਦ ਦਾ ਨੀਂਹ ਪੱਥਰ ਹਲਕਾ ਵਿਧਾਇਕ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਰੱਖਿਆ ਗਿਆ ਅਤੇ ਇਸ ਧਾਰਮਿਕ ਅਸਥਾਨ ਦੀ ਉਸਾਰੀ ਲਈ ਆਪਣੇ ਵੱਲੋਂ ਮਾਲੀ ਮਦਦ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਮੁਸਲਿਮ ਵਿਕਾਸ ਬੋਰਡ ਦੇ ਚੇਅਰਮੈਨ ਹਾਫਿਜ਼ ਅਨਵਰ ਉਲ ਹੱਕ ਅਤੇ ਮੀਤ ਚੇਅਰਮੈਨ ਜੁਨੈਦ ਖਾਨ ਵੀ ਹਾਜ਼ਰ ਸਨ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਸਿੱਧੂ ਨੇ ਕਿਹਾ ਕਿ ਅੱਜ ਇਸ ਧਾਰਮਿਕ ਅਸਥਾਨ ਦਾ ਨੀਂਹ ਪੱਥਰ ਰੱਖ ਕੇ ਉਨ੍ਹਾਂ ਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ ਕਿਉਂਕਿ ਹਰੇਕ ਧਰਮ ਆਪਸੀ ਸਦਭਾਵਨਾ ਅਤੇ ਮਿਲਵਰਤਨ ਦੀ ਭਾਵਨਾ ਸਾਡੇ ਅੰਦਰ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਿੱਥੇ ਕਰੋੜਾਂ ਰੁਪਏ ਦੀਆਂ ਗਰਾਂਟਾਂ ਹਲਕੇ ਦੇ ਵਿਕਾਸ ਲਈ ਤਕਸੀਮ ਕੀਤੀਆਂ ਹਨ ਉਥੇ ਹੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਅਤੇ ਅਸਥਾਨਾਂ ਲਈ ਵੀ ਪੰਜਾਬ ਸਰਕਾਰ ਕੋਲੋਂ ਲੱਖਾਂ ਰੁਪਏ ਦੀਆਂ ਗਰਾਂਟਾਂ ਲਿਆ ਕੇ ਵੰਡ ਚੁੱਕੇ ਹਨ। ਇਸ ਮੌਕੇ ਇਕੱਤਰ ਹੋਏ ਪਤਵੰਤਿਆਂ ਨੇ ਵਿਧਾਇਕ ਸਿੱਧੂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਇਮਾਮ ਸਾਹਿਬ ਅਜਮਲ ਖਾਨ, ਡਾ. ਅਨਵਰ ਹੁਸੈਨ, ਮੌਲਾਨਾ ਮੌਲਵੀ ਇਮਰਾਨ ਖਾਨ, ਪਿੰਡ ਰਾਏਪੁਰ ਦੇ ਸਰਪੰਚ ਜਸਪ੍ਰੀਤ ਸਿੰਘ ਜੱਸਾ, ਯੁਵਕ ਸੇਵਾਵਾਂ ਕਲੱਬ ਰਾਏਪੁਰ ਕਲਾਂ ਦੇ ਪ੍ਰਧਾਨ ਰਜਿੰਦਰ ਸਿੰਘ ਰਾਏਪੁਰ ਕਲਾਂ, ਅਬਦੁਲ ਸਤਾਰ, ਅਬਦੁਲ ਗੁਫਾਰ, ਬਲਜਿੰਦਰ ਸਿੰਘ ਬਿੱਲੂ, ਦਿਲਬਰ ਖਾਨ ਸੁਖਗੜ੍ਹ, ਰੌਸ਼ਨ ਅਲੀ ਸਨੇਟਾ ਆਦਿ ਵੀ ਮੌਜੂਦ ਸਨ।