
ਵਿਧਾਇਕ ਸਿੱਧੂ ਨੇ ਪਿੰਡ ਜਗਤਪੁਰਾ ਵਿੱਚ ਰੱਖਿਆ ਵਿਕਾਸ ਕਾਰਜਾਂ ਦਾ ਨੀਂਹ ਪੱਥਰ
ਚੰਨੀ ਸਰਕਾਰ ਦੇ ਲੋਕਪੱਖੀ ਫੈਸਲਿਆਂ ਕਾਰਨ ਆਪ ਪਾਰਟੀ ਅਤੇ ਅਕਾਲੀ ਦਲ ਵਿੱਚ ਘਬਰਾਹਟ: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ:
ਸਾਬਕਾ ਸਿਹਤ ਮੰਤਰੀ ਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਜਗਤਪੁਰਾ ਵਿੱਚ 90 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਦੱਸਿਆ ਕਿ ਪਿੰਡ ਦੀ ਫਿਰਨੀ ਨੂੰ ਪੱਕਾ ਕਰਨ ’ਤੇ 30 ਲੱਖ ਰੁਪਏ ਅਤੇ ਆਬਾਦੀ ਨੇੜਿਓਂ ਲੰਘਦੇ ਗੰਦੇ ਨਾਲੇ ਦਾ ਇਕ ਪਾਸਾ ਪੱਕਾ ਕਰਨ ’ਤੇ 60 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਜਗਤਪੁਰਾ ਦੇ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾ ਚੁੱਕੀ ਹੈ।
ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਵਿਕਾਸ ਕੰਮਾਂ ਅਤੇ ਲੋਕ ਹਿਤੈਸ਼ੀ ਫੈਸਲਿਆਂ ਦੇ ਮੁੱਦੇ ’ਤੇ ਕਾਂਗਰਸ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਹੂੰਝਾਫੇਰ ਜਿੱਤ ਹਾਸਲ ਕਰਕੇ ਮੁੜ ਤੋਂ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਕਾਰਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਿੱਚ ਘਬਰਾਹਟ ਪੈਦਾ ਹੋ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਰਵਿੰਦ ਕੇਜਰੀਵਾਲ ਦੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ, ਕਿਉਂਕਿ ਉਹ ਨਿਰ੍ਹਾ ਝੂਠ ਕੇ ਸੱਤਾ ਹਥਿਆਉਣ ਦੀ ਤਾਕ ਵਿੱਚ ਹਨ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਰਪੰਚ ਰਣਜੀਤ ਸਿੰਘ ਗਿੱਲ, ਕੁਲਦੀਪ ਸਿੰਘ, ਗੀਤਾ ਭਾਰਤੀ, ਅਮਨਪ੍ਰੀਤ ਸਿੰਘ ਸੰਧੂ, ਗੁਰਬਚਨ ਸਿੰਘ ਗਿੱਲ, ਡਾ. ਟਹਿਲ ਸਿੰਘ, ਗੁਰਦੇਵ ਸਿੰਘ, ਨੰਬਰਦਾਰ ਅਵਤਾਰ ਸਿੰਘ, ਸੁਰਿੰਦਰ ਸਿੰਘ, ਬੀਡੀਪੀਓ ਹਿਤੇਨ ਕਪਿਲਾ ਅਤੇ ਜੇਈ ਜਸਪਾਲ ਮਸੀਹ ਵੀ ਮੌਜੂਦ ਸਨ।