Nabaz-e-punjab.com

ਵਿਧਾਇਕ ਸਿੱਧੂ ਨੇ ਦਿਲ ਦੇ ਰੋਗਾਂ ਦੇ ਹਸਪਤਾਲ ਲਈ 6 ਏਕੜ ਜ਼ਮੀਨ ਮੁਫ਼ਤ ਦੇਣ ਦੀ ਪੇਸ਼ਕਸ਼

ਸਾਬਕਾ ਸਿਹਤ ਮੰਤਰੀ ਨੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਵਿਰੋਧੀਆਂ ਦੇ ਮੂੰਹ ਕੀਤੇ ਬੰਦ

ਜ਼ਮੀਨ ਮਾਮਲਾ: ਚੰਦੂਮਾਜਰਾ ’ਤੇ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਦੇ ਮਾਮਲੇ ’ਚ ਅੜਿੱਕੇ ਖੜੇ ਕਰਨ ਦਾ ਦੋਸ਼

ਮੀਡੀਆ ਨੂੰ ਤੱਥਾਂ ਦੀ ਪੜਤਾਲ ਕੀਤੇ ਬਿਨਾਂ ਖ਼ਬਰਾਂ ਨਸ਼ਰ ਨਾ ਕਰਨ ਦੀ ਸਲਾਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਮੁਹਾਲੀ ਤੋਂ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਦਿਲ ਦੇ ਰੋਗਾਂ ਦੇ ਵਿਸ਼ਵ ਪ੍ਰਸਿੱਧ ਮਾਹਰ ਡਾ. ਟੀ.ਐਸ. ਕਲੇਰ ਨੂੰ ਮੁਹਾਲੀ ਨੇੜਲ਼ੇ ਪਿੰਡ ਬੜੀ ਵਿੱਚ ਸੰਸਾਰ ਪੱਧਰੀ ਸਿਹਤ ਸਹੂਲਤਾਂ ਵਾਲਾ ਹਸਪਤਾਲ ਖੋਲ੍ਹਣ ਲਈ ਗਰਾਮਡ ਪੰਚਾਇਤ ਵੱਲੋਂ ੩੩ ਸਾਲ ਲਈ ਕਿਰਾਏ ਉੱਤੇ ਦਿੱਤੀ ਜਾ ਰਹੀ ਜ਼ਮੀਨ ਵਿੱਚ ਅੜਿੱਕੇ ਖੜੇ ਕਰਕੇ ਪੰਜਾਬ ਖਾਸ ਕਰ ਕੇ ਮੁਹਾਲੀ ਇਲਾਕੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਤੋਂ ਵਾਂਝਾ ਕਰ ਰਹੇ ਹਨ।
ਸਾਬਕਾ ਸਿਹਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਪਿੰਡ ਕੁਰੜੀ ਵਿੱਚ ਆਪਣੀ ਨਿੱਜੀ ਜ਼ਮੀਨ ’ਚੋਂ ੬ ਏਕੜ ਜ਼ਮੀਨ ਡਾਕਟਰ ਕਲੇਰ ਨੂੰ ਮੁਫ਼ਤ ਦੇਣ ਲਈ ਤਿਆਰ ਹਨ ਤਾਂ ਜੋ ਮੁਹਾਲੀ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਇਲਾਕਾ ਨਿਵਾਸੀਆਂ ਨੂੰ ਸੰਸਾਰ ਪੱਧਰ ਦੀਆਂ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਡਾਕਟਰ ਕਲੇਰ ਅਤੇ ਉਹਨਾਂ ਦੀ ਪਤਨੀ ਸ੍ਰੀਮਤੀ ਨੀਲਮਾ ਕਲੇਰ ਸੰਸਾਰ ਪ੍ਰਸਿੱਧ ਡਾਕਟਰ ਹਨ ਜਿਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮ ਵਿਭੂਸ਼ਨ ਨਾਲ ਸਨਮਾਨਤ ਕਰਨ ਤੋਂ ਇਲਾਵਾ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਦੁਆਰਾ ਅਨੇਕਾਂ ਮਾਨ ਸਨਮਾਨ ਦਿੱਤੇ ਜਾ ਚੁੱਕੇ ਹਨ।
ਸ਼੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਕੋਲ ਉਨ੍ਹਾਂ ਖ਼ਿਲਾਫ਼ ਕਹਿਣ ਨੂੰ ਕੁਝ ਵੀ ਨਹੀਂ ਹੈ, ਇਸ ਲਈ ਹੁਣ ਉਨ੍ਹਾਂ ਦਾ ਸਬੰਧ ਡਾਕਟਰ ਕਲੇਰ ਦੇ ਇਸ ਹੈਲਥ ਕਲੇਰ ਪ੍ਰਾਜੈਕਟ ਨਾਲ ਜੋੜਿਆ ਜਾ ਰਿਹਾ ਹੈ ਜਦੋਂਕਿ ਡਾਕਟਰ ਕਲੇਰ ਵੱਲੋਂ ਬਣਾਈ ਗਈ ਸੰਸਥਾ ਕਲੇਰ ਹੋੋਲਿਸਟਿਕ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ। ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਡਾਕਟਰ ਕਲੇਰ ਨੇ ਖ਼ੁਦ ਆਪਣੇ ਪਿਤਰੀ ਸੂਬੇ ਪੰਜਾਬ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਦੇਣ ਦੀ ਰੀਝ ਨਾਲ ਮੁਹਾਲੀ ਨਜ਼ਦੀਕ ਸੰਸਾਰ ਪੱਧਰੀ ਹਸਪਤਾਲ ਖੋਲ੍ਹਣ ਦੀ ਇੱਛਾ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਕਿ ਇਲਾਕੇ ਦਾ ਸੇਵਾਦਾਰ ਹੋਣ ਦੇ ਨਾਤੇ ਉਹ ਚਾਹੁੰਦੇ ਸਨ ਕਿ ਇਹ ਹਸਪਤਾਲ ਮੁਹਾਲੀ ਵਿੱਚ ਬਣਨਾ ਚਾਹੀਦਾ ਹੈ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਬੀਮਾਰੀਆਂ ਦੇ ਇਲਾਜ ਲਈ ਬਾਹਰਲੇ ਸੂਬਿਆਂ ਜਾਂ ਮੁਲਕਾਂ ਵਿੱਚ ਨਾ ਜਾਣਾ ਪਵੇ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਪਿੰਡ ਬੜੀ ਦੀ ਪੰਚਾਇਤ ਨੇ ਪੰਚਾਇਤੀ ਰਾਜ ਕਾਨੂੰਨਾਂ ਦੇ ਨਿਯਮਾਂ ਅਨੁਸਾਰ ਇਸ ਹਸਪਤਾਲ ਲਈ ਆਪਣੀ ਜ਼ਮੀਨ ੩੩ ਸਾਲਾਂ ਲਈ ਘੱਟ ਤੋਂ ਘੱਟ ਇੱਕ ਲੱਖ ਪ੍ਰਤੀ ਏਕੜ ਪ੍ਰਤੀ ਸਾਲ ਕਿਰਾਏ ਉੱਤੇ ਦੇਣ ਦਾ ਮਤਾ ਪਾਇਆ ਜਿਸ ਵਿਚ ਹਰ ਸਾਲ ੧੦ ਪ੍ਰਤੀਸ਼ਤ ਵਾਧਾ ਹੋਵੇਗਾ। ਇਸ ਤੋਂ ਬਿਨਾਂ ਡਾਕਟਰ ਕਲੇਰ ਵੱਲੋਂ ਦਿੱਤੀ ਤਜਵੀਜ਼ ਅਨੁਸਾਰ ਪਿੰਡ ਵਾਸੀਆਂ ਦਾ ਹਰ ਇਲਾਜ ਸਮੇਤ ਦਵਾਈਆਂ ਬਿਲਕੁਲ ਮੁਫ਼ਤ ਹੋਵੇਗਾ। ਪਿੰਡ ਨੂੰ ਗੋਦ ਲੈ ਕੇ ਇਸ ਦਾ ਸਰਬਪੱਖੀ ਵਿਕਾਸ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਯੋਗ ਬਣਾਉਣ ਲਈ ਪਿੰਡ ਵਿਚ ਕੈਰੀਅਰ ਕੌਂਸਲਿੰਗ ਅਕੈਡਮੀ ਵੀ ਖੋਲ੍ਹੀ ਜਾਵੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਉੱਤੇ ਸੌੜੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪਿੰਡ ਵਾਸੀਆਂ ਨੂੰ ਗਲਤ ਜਾਣਕਾਰੀ ਰਾਹੀਂ ਉਕਸਾ ਕੇ ਆਪਣੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਚਾਈ ਇਹ ਹੈ ਕਿ ਡਾਕਟਰ ਕਲੇਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਜ਼ਿਲਾ ਪ੍ਰਸ਼ਾਸਨ ਨਾਲ ਸਿੱਧਾ ਰਾਬਤਾ ਕੀਤਾ ਸੀ। ਜ਼ਿਲ੍ਹਾ ਅਧਿਕਾਰੀਆਂ ਨੇ ਹੀ ਉਨ੍ਹਾਂ ਦੀ ਬੜੀ ਪਿੰਡ ਦੀ ਪੰਚਾਇਤ ਨਾਲ ਮੀਟਿੰਗਾਂ ਕਰਵਾ ਕੇ ਆਪਸੀ ਵਿਸ਼ਵਾਸ਼ ਪੈਦਾ ਕਰ ਕੇ ਜ਼ਮੀਨ ਲੀਜ਼ ਉੱਤੇ ਦੇਣ ਦੀ ਸਹਿਮਤੀ ਬਣਵਾਈ ਸੀ। ਉਨ੍ਹਾਂ ਕਿਹਾ ਕਿ ਮਤਾ ਪਾਉਣ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਨੇ ਉਨ੍ਹਾਂ ਨਾਲ ਸਲਾਹ ਜਰੂਰ ਕੀਤੀ ਸੀ ਅਤੇ ਉਨ੍ਹਾਂ ਨੇ ਇਹੀ ਸਲਾਹ ਦਿੱਤੀ ਸੀ ਕਿ ਇਸ ਸੰਸਾਰ ਪੱਧਰੀ ਹਸਪਤਾਲ ਬਣਨਾ ਪਿੰਡ, ਇਲਾਕੇ ਅਤੇ ਪੰਜਾਬ ਦੀ ਭਲਾਈ ਵਿਚ ਹੀ ਹੈ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਮੁਹਾਲੀ ਵਿਖੇ ਇੰਡੀਅਨ ਸਕੂਲ ਆਫ਼ ਬਿਜ਼ਨਸ ਖੋਲ੍ਹਣ ਲਈ ਹਰ ਸਾਲ ਇੱਕ ਰੁਪਿਆ ਪ੍ਰਤੀ ਏਕੜ ਲੀਜ਼ ਉੱਤੇ ਜ਼ਮੀਨ ਦਿੱਤੀ ਗਈ ਸੀ। ਇਸੇ ਤਰਾਂ ਹੀ ਮੁੋਹਾਲੀ ਅਤੇ ਬਠਿੰਡਾ ਵਿਚ ਮੈਕਸ ਹਸਪਤਾਲ ਨੂੰ ਸਰਕਾਰੀ ਜ਼ਮੀਨ ਦਿੱਤੀ ਗਈ ਸੀ ਬਲਬੀਰ ਸਿੰਘ ਸਿੱਧੂ ਨੇ ਮੀਡੀਆ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਬਿਨਾਂ ਤੱਥਾਂ ਦੀ ਪੜਤਾਲ ਕੀਤੇ ਅਜਿਹੀਆਂ ਖ਼ਬਰਾਂ ਨਸ਼ਰ ਨਾ ਕਰੇ ਜਿਨ੍ਹਾਂ ਨਾਲ ਲੋਕ ਗੁੰਮਰਾਹ ਹੁੰਦੇ ਹੋਣ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਕੁਝ ਨਿਊਜ਼ ਚੈਨਲਾਂ ਵੱਲੋਂ ਉਨ੍ਹਾਂ ਦਾ ਨਾਂ ਇਸ ਮਾਮਲੇ ਵਿੱਚ ਬਿਨਾਂ ਵਜ੍ਹਾ ਹੀ ਘਸੀਟਿਆ ਜਾ ਰਿਹਾ ਹੈ ਅਤੇ ਇਨ੍ਹਾਂ ਚੈਨਲਾਂ ਨੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ।

Load More Related Articles
Load More By Nabaz-e-Punjab
Load More In Agriculture & Forrest

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…