
ਵਿਧਾਇਕ ਸਿੱਧੂ ਨੇ ਸੈਕਟਰ-79 ਤੇ 80 ਵਿੱਚ ਸ਼ੁਰੂ ਕਰਵਾਏ 8.5 ਕਰੋੜ ਦੇ ਵਿਕਾਸ ਕਾਰਜ
ਸਾਬਕਾ ਮੇਅਰ ਨੇ ਕੀਤਾ ਸੀ ਗਮਾਡਾ ਨਾਲ ਪਾਰਕਾਂ ਦਾ ਐਮਓਯੂ ਸਾਈਨ ਪਰ ਲਿਆਂਦਾ ਨਹੀਂ ਇਕ ਧੇਲਾ: ਸਿੱਧੂ
ਵਿਧਾਇਕ ਸਿੱਧੂ ਦੀ ਬਦੌਲਤ ਵੱਖ-ਵੱਖ ਵਿਭਾਗਾਂ ਵੱਲ ਬਕਾਇਆ ਰਾਸ਼ੀ ਦੇ ਚੈੱਕ ਮਿਲਣੇ ਸ਼ੁਰੂ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਸਾਬਕਾ ਸਿਹਤ ਮੰਤਰੀ ਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਇੱਥੋਂ ਦੇ ਸੈਕਟਰ-79 ਅਤੇ ਸੈਕਟਰ-80 ਵਿੱਚ 8.5 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਅਤੇ ਸੈਕਟਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਇਸ ਮੌਕੇ ਲੋਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪੂਰਾ ਮੁਹਾਲੀ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਇਸ ਪੂਰੇ ਇਲਾਕੇ ਦੇ ਵਿਕਾਸ ਦੀ ਜ਼ਿੰਮੇਵਾਰੀ ਮੁਹਾਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਸੌਂਪੀ ਹੈ ਤੇ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਨੇ 2016 ਵਿੱਚ ਗਮਾਡਾ ਦੇ ਨਾਲ ਐਮਓਯੂ ਸਾਈਨ ਕਰ ਕੇ ਸ਼ਹਿਰ ਦੇ ਸਾਰੇ ਪਾਰਕ ਨਗਰ ਨਿਗਮ ਅਧੀਨ ਲਏ ਸਨ। ਇਸ ਬਦਲੇ ਗਮਾਡਾ ਤੋਂ 50 ਕਰੋੜ ਰੁਪਏ ਸਾਲਾਨਾ ਲੈਣੇ ਸਨ ਪਰ ਪਿਛਲੇ ਸਮੇਂ ਦੌਰਾਨ ਕਾਰਜ ਧਿਰ ਨੇ ਗਮਾਡਾ ਤੋਂ ਇੱਕ ਧੇਲਾ ਵੀ ਨਹੀਂ ਲਿਆ ਅਤੇ ਨਾ ਹੀ ਕੋਈ ਚਾਰਾਜੋਈ ਕੀਤੀ ਗਈ ਪ੍ਰੰਤੂ ਹੁਣ ਨਗਰ ਨਿਗਮ ਦੀ ਨਵੀਂ ਟੀਮ ਸਮੇਤ ਉਨ੍ਹਾਂ ਨੇ ਨਿੱਜੀ ਦਿਲਚਸਪੀ ਲੈ ਕੇ ਲਗਪਗ 35 ਕਰੋੜ ਬਕਾਇਆ ਰਾਸ਼ੀ ਹਾਸਲ ਕੀਤੀ ਗਈ ਹੈ ਅਤੇ ਇਹ ਪੈਸਾ ਵੱਖ-ਵੱਖ ਵਿਕਾਸ ਕੰਮਾਂ ਉੱਤੇ ਖ਼ਰਚ ਕੀਤਾ ਜਾ ਰਿਹਾ ਹੈ। ਇੰਜ ਹੀ ਪਾਵਰਕੌਮ ਕੋਲੋਂ ਹੁਣ ਤੱਕ ਨਗਰ ਨਿਗਮ ਨੂੰ 10 ਕਰੋੜ ਹਾਸਲ ਕੀਤੇ ਜਾ ਚੁੱਕੇ ਹਨ।
ਸੈਕਟਰ-76 ਤੋਂ 80 ਬਾਰੇ ਗੱਲਬਾਤ ਕਰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਗਮਾਡਾ ਨੇ ਇਨ੍ਹਾਂ ਸੈਕਟਰਾਂ ਦੇ ਵਸਨੀਕਾਂ ਕੋਲੋਂ ਪਾਣੀ ਬਿੱਲਾਂ ਦੇ ਸਾਢੇ 5 ਗੁਣਾ ਵੱਧ ਪੈਸੇ ਵਸੂਲੇ ਜਾਂਦੇ ਹਨ ਪ੍ਰੰਤੂ ਇਸ ਦੇ ਬਾਵਜੂਦ ਵਿਕਾਸ ਪੱਖੋਂ ਉਕਤ ਸੈਕਟਰਾਂ ਨੂੰ ਅਣਗੌਲਿਆ ਕਰਕੇ ਰੱਖਿਆ ਗਿਆ। ਜਿਸ ਦਾ ਖ਼ਮਿਆਜ਼ਾ ਸੈਕਟਰ ਵਾਸੀਆਂ ਨੂੰ ਭੁਗਤਨਾ ਪੈ ਰਿਹਾ ਹੈ ਪਰ ਹੁਣ ਕਾਂਗਰਸ ਸਰਕਾਰ ਨੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਸੈਕਟਰ-79 ਅਤੇ 80 ਦੀਆਂ ਸੜਕਾਂ ਅਤੇ ਪਾਰਕਾਂ ਦੇ ਵਿਕਾਸ ਲਈ 8.5 ਕਰੋੜ ਰੁਪਏ ਦੇ ਕੰਮ ਸ਼ੁਰੂ ਕਰਵਾਏ ਗਏ ਹਨ।
ਇਸ ਤੋਂ ਪਹਿਲਾਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਾਬਕਾ ਸਿਹਤ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਲਬੀਰ ਸਿੱਧੂ ਦੀ ਨਿੱਜੀ ਦਿਲਚਸਪੀ ਦਾ ਹੀ ਨਤੀਜਾ ਹੈ ਕਿ ਮੁਹਾਲੀ ਨਗਰ ਨਿਗਮ ਨੂੰ ਵੱਖ-ਵੱਖ ਵਿਭਾਗਾਂ ਵੱਲ ਬਕਾਇਆ ਖੜੀ ਕਰੋੜਾਂ ਰੁਪਏ ਦੀ ਰਾਸ਼ੀ ਮਿਲਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁਹਾਲੀ ਦੇ ਲੋਕਾਂ ਦਾ ਹੀ ਪੈਸਾ ਹੈ ਅਤੇ ਸ਼ਹਿਰ ਵਾਸੀਆਂ ਦੀਆਂ ਲੋੜਾਂ ਪੂਰੀਆਂ ਕਰਨ ’ਤੇ ਖ਼ਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਨਗਰ ਨਿਗਮ ਦੇ ਕੌਂਸਲਰ ਆਪੋ ਆਪਣੇ ਵਾਰਡਾਂ ਵਿੱਚ ਪੂਰੀ ਨਜ਼ਰਸਾਨੀ ਰੱਖਦੇ ਹਨ ਤਾਂ ਜੋ ਵਿਕਾਸ ਕਾਰਜਾਂ ਵਿੱਚ ਕੋਈ ਕੁਤਾਹੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਿਕਾਸ ਕਾਰਜ ਮੁਹਾਲੀ ਵਿੱਚ ਲਗਾਤਾਰ ਜਾਰੀ ਰਹਿਣਗੇ।
ਇਸ ਮੌਕੇ ਕੌਂਸਲਰ ਕੁਲਜਿੰਦਰ ਕੌਰ, ਸੁੱਚਾ ਸਿੰਘ ਕਲੌੜ, ਨਵਜੋਤ ਸਿੰਘ ਬਾਛਲ, ਲਾਭ ਸਿੰਘ, ਬਲਬੀਰ ਸਿੰਘ, ਭਗਤ ਸਿੰਘ, ਹਰਦਿਆਲ ਚੰਦ ਬਰਬੜ, ਕ੍ਰਿਸ਼ਨ ਕੁਮਾਰ, ਜੀਐਸ ਪਠਾਣੀਆ, ਸ਼ਰਨਜੀਤ ਸਿੰਘ, ਕੇਐਸ ਸੰਧੂ, ਜੀਐਸ ਪਰਮਾਰ ਸਮੇਤ ਵੱਡੀ ਗਿਣਤੀ ਵਿੱਚ ਸੈਕਟਰ ਵਾਸੀ ਹਾਜ਼ਰ ਸਨ।