nabaz-e-punjab.com

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਵਿਧਾਇਕ ਧੜਾ ਅਤੇ ਅਕਾਲੀ ਭਾਜਪਾ ਕੌਂਸਲਰ ਆਹਮੋ ਸਾਹਮਣੇ

ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਮੇਅਰ

ਵਿਧਾਇਕ ਸਿੱਧੂ ਤੇ ਮੇਅਰ ਕੁਲਵੰਤ ਸਿੰਘ ਵਿੱਚ ਹੋਈ ਹਲਕੀ ਫੁਲਕੀ ਨੋਕ ਝੋਕ, ਸਾਰੇ ਮਤੇ ਸਰਵਸੰਮਤੀ ਨਾਲ ਪਾਸ

ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਵਿਧਾਇਕ ਸਿੱਧੂ ਤੇ ਕਾਂਗਰਸੀ ਕੌਂਸਲਰਾਂ ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਿਗਮ ਦੀ ਅੱਜ ਇੱਥੇ ਹੋਈ ਮੀਟਿੰਗ ਕਾਫੀ ਹੰਗਾਮੇਦਾਰ ਰਹੀ। ਇਸ ਦੌਰਾਨ ਮੇਅਰ ਕੁਲਵੰਤ ਸਿੰਘ ਤੋਂ ਦੂਰੀ ਬਣਾ ਕੇ ਚਲਣ ਵਾਲੇ ਅਕਾਲੀ ਭਾਜਪਾ ਗੱਠਜੋੜ ਦੀ ਟਿਕਟ ’ਤੇ ਚੋਣ ਲੜਣ ਵਾਲੇ ਕੌਂਸਲਰਾਂ ਵੱਲੋਂ ਮੀਟਿੰਗ ਵਿੱਚ ਮੇਅਰ ਵੱਲੋਂ ਲਿਆਂਦੇ ਗਏ ਮਤਿਆਂ ਦਾ ਖੁੱਲ੍ਹ ਕੇ ਸਮਰਥਨ ਕੀਤੇ ਜਾਣ ਨਾਲ ਵਿਧਾਇਕ ਦੀ ਅਗਵਾਈ ਵਿੱਚ ਕਾਂਗਰਸ ਦੇ ਕੌਂਸਲਰਾਂ ਨੂੰ ਬਚਾਓ ਦੀ ਮੁੰਦਰਾ ਵਿੱਚ ਆਉਣ ਲਈ ਮਜਬੂਰ ਕਰ ਦਿੱਤਾ। ਨਤੀਜਾ ਇਹ ਰਿਹਾ ਕਿ ਮੀਟਿੰਗ ਵਿੱਚ ਸਮਾਰਟ ਬਿਨ ਦੇ ਮਤੇ ’ਤੇ ਪਹਿਲਾਂ ਤਾਂ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਗਿਆ ਪ੍ਰੰਤੂ ਜਦੋਂ ਇਹ ਮਤਾ ਬਹੁਸਮੰਤੀ ਨਾਲ ਪਾਸ ਹੋਣ ਦਾ ਐਲਾਨ ਹੋਇਆ ਤਾਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਇਸ ਸਬੰਧੀ ਟੈਂਡਰ ਜਾਰੀ ਕਰਨ ਤੋਂ ਪਹਿਲਾਂ ਸ਼ਰਤਾਂ ਤਹਿ ਕਰਨ, ਜਿਹਨਾਂ ਥਾਂਵਾਂ ’ਤੇ ਇਹ ਪ੍ਰੋਜੈਕਟ ਚਲ ਰਿਹਾ ਹੈ ਉਥੋਂ ਦਾ ਦੌਰਾ ਕਰਕੇ ਜ਼ਮੀਨੀ ਹਾਲਤ ਵੇਖਣ ਅਤੇ ਘਰਾਂ ਤੋਂ ਚੁੱਕਣ ਵਾਲੇ ਰਹੇੜੀ ਵਾਲਿਆਂ ਦਾ ਪੱਕਾ ਪ੍ਰਬੰਧ ਕਰਨ ਦੀਆਂ ਮੰਗਾਂ ਰੱਖਦਿਆਂ ਮਤੇ ਨੂੰ ਸਰਵਸੰਮਤੀ ਨਾਲ ਪਾਸ ਕਰਵਾ ਦਿੱਤਾ। ਇਸ ਮੌਕੇ ਮੇਅਰ ਨੇ ਹਾਊਸ ਨੂੰ ਦੱਸਿਆ ਕਿ ਗਮਾਡਾ ਵਲੋੱ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਨਿਗਮ ਨੂੰ 5 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਿੰਡ ਸੋਹਾਣਾ ਦੇ ਵੱਡੀ ਗਿਣਤੀ ਵਸਨੀਕ ਮੀਟਿੰਗ ਹਾਲ ਵਿੱਚ ਪਹੁੰਚ ਗਏ। ਇਹਨਾਂ ਵਸਨੀਕਾਂ ਨੇ ਮੰਗ ਕੀਤੀ ਕਿ ਪਿਛਲੀ ਮੀਟਿੰਗ ਵਿੱਚ ਪਿੰਡ ਸੋਹਾਣਾ ਦੀ ਸੈਕਟਰ=74 ਵਿੱਚ ਪੈਂਦੀ ਸ਼ਾਮਲਾਟ ਜਮੀਨ ਨੂੰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਦਾ ਜਿਹੜਾ ਮਤਾ ਪਾਇਆ ਗਿਆ ਸੀ ਉਸਨੂੰ ਰੱਦ ਕੀਤਾ ਜਾਵੇ। ਪਿੰਡ ਵਾਸੀਆਂ ਵਲੋੱ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਮੇਅਰ ਕੁਲਵੰਤ ਸਿੰਘ ਅਤੇ ਹਾਊਸ ਦੇ ਮੈਂਬਰਾਂ ਨੂੰ ਆਪਣੇ ਪੱਖ ਤੋੱ ਜਾਣੂੰ ਕਰਵਾਇਆ ਗਿਆ। ਮੀਟਿੰਗ ਦੇ ਸ਼ੁਰੂ ਹੋਣ ਤੇ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕਰਨ ਵੇਲੇ ਪਿਛਲੀ ਮੀਟਿੰਗ ਵਿੱਚ ਪਿੰਡ ਸੋਹਾਣਾ ਦੀ ਜਮੀਨ ਨੂੰ ਨਿਗਮ ਵਿੱਚ ਸ਼ਾਮਿਲ ਕਰਨ ਦੇ ਮਤੇ ਨੂੰ ਪੈਂਡਿੰਗ ਕਰਦਿਆਂ ਪਿਛਲੀ ਕਾਰਵਾਈ ਦੀ ਪੁਸ਼ਟੀ ਕੀਤੀ ਗਈ।
ਇਸ ਉਪਰੰਤ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਹਲਕਾ ਵਿਧਾਇਕ ਨੂੰ ਕਿਹਾ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਤੋੱ ਪਹਿਲਾਂ ਵਾਇਦਾ ਕੀਤਾ ਸੀ ਕਿ ਉਹ ਪ੍ਰਾਪਰਟੀ ਟੈਕਸ ਅਤੇ ਰੈਂਟਲ ਟੈਕਸ ਖਤਮ ਕਰਵਾਉਣਗੇ ਪਰੰਤੂ ਬਜਟ ਸੈਸ਼ਨ ਦੌਰਾਨ ਉਹਨਾਂ ਨੇ ਇਸ ਸੰਬੰਧੀ ਕੁਝ ਨਹੀਂ ਕੀਤਾ। ਇਸ ਮੁੱਦੇ ’ਤੇ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ ਅਤੇ ਅਕਾਲੀ-ਭਾਜਪਾ ਗਠਜੋੜ ਦੇ ਮੈਂਬਰ ਪ੍ਰਾਪਰਟੀ ਟੈਕਸ ਖਤਮ ਕਰਨ ਦੀ ਮੰਗ ਨੂੰ ਲੈ ਕੇ ਰੌਲਾ ਪਾਉੱਦੇ ਰਹੇ। ਇਸਦੇ ਜਵਾਬ ਵਿੱਚ ਹਲਕਾ ਵਿਧਾਇਕ ਨੇ ਕਿਹਾ ਕਿ ਕੱਚੀ ਗੱਲ ਨਹੀਂ ਕਰਦੇ ਅਤੇ ਇਸ ਸਬੰਧੀ ਉਹਨਾਂ ਦੀ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨਾਲ ਗੱਲ ਹੋ ਗਈ ਹੈ ਅਤੇ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਸ਼ਹਿਰ ਵਿੱਚ ਚੰਡੀਗੜ੍ਹ ਪੈਟਰਨ ’ਤੇ ਪ੍ਰਾਪਰਟੀ ਟੈਕਸ ਲਾਗੂ ਕੀਤਾ ਜਾਵੇਗਾ। ਇਸ ਮੁੱਦੇ ਤੇ ਕੌਂਸਲਰਾਂ ਨੇ ਸ੍ਰੀ ਸਿੱਧੂ ਨੂੰ ਕਿਹਾ ਕਿ ਉਹਨਾਂ ਨੇ ਟੈਕਸ ਖਤਮ ਕਰਨ ਦਾ ਵਾਇਦਾ ਕੀਤਾ ਸੀ ਨਾ ਕਿ ਚੰਡੀਗੜ੍ਹ ਪੈਟਰਨ ਲਾਗੂ ਕਰਨ ਦਾ, ਤਾਂ ਸ੍ਰੀ ਸਿੱਧੂ ਨੇ ਕਿਹਾ ਕਿ ਜੇਕਰ ਅਕਾਲੀ-ਭਾਜਪਾ ਕੌਂਸਲਰਾਂ ਨੂੰ ਇੰਨਾ ਹੀ ਦਰਦ ਹੈ ਤਾਂ ਫਿਰ ਉਹਨਾਂ ਦੀ ਸਰਕਾਰ ਨੇ ਇਹ ਲਾਗੂ ਹੀ ਕਿਉੱ ਕੀਤਾ ਸੀ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਦੇ ਕੌਂਸਲਰਾਂ ਨੂੰ ਇਸ ਮੁਦੇ ਤੇ ਬੋਲਣ ਦਾ ਕੋਈ ਹੱਕ ਨਹੀਂ ਹੈ ਅਤੇ ਉਹਨਾਂ ਨੇ ਪਿਛਲੇ 10 ਸਾਲਾਂ ਦੌਰਾਨ ਜਿਹੜੀ ਸਵਾਹ ਉੜਾਈ ਹੈ ਉਹ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ ਮੈਂਬਰ ਇਹ ਮਤਾ ਪਾਸ ਕਰਨ ਕਿ ਲੋਕਾਂ ਤੋੱ ਵਸੂਲਿਆਂ ਪ੍ਰਾਪਰਟੀ ਟੈਕਸ ਵਾਪਸ ਮੋੜਿਆ ਜਾਵੇਗਾ ਅਤੇ ਉਹਨਾਂ ਦੇ 15 ਮੈਂਬਰ ਇਸ ਦੀ ਹਮਾਇਤ ਕਰਨਗੇ।
ਹੰਗਾਮੇ ਨੂੰ ਸ਼ਾਂਤ ਕਰਦਿਆਂ ਮੇਅਰ ਵੱਲੋਂ ਮਤੇ ਦੀ ਕਾਰਵਾਈ ਨੂੰ ਅੱਗੇ ਵਧਾਇਆ ਗਿਆ। ਸ਼ਹਿਰ ਵਿੱਚ ਸਮਾਰਟ ਬਿਨ ਦੇ ਮਤੇ ਤੇ ਬੋਲਦਿਆਂ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਮਤੇ ਵਿੱਚ ਬਾਕੀ ਗੱਲਾਂ ਤਾਂ ਠੀਕ ਹਨ ਪ੍ਰੰਤੂ ਇਸ ਵਿੱਚ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਣ ਵਾਲੇ ਬੰਦਿਆਂ ਬਾਰੇ ਕੋਈ ਗੱਲ ਨਹੀਂ ਹੈ। ਇਸ ਮੌਕੇ ਮੇਅਰ ਨੇ ਕਿਹਾ ਕਿ ਪਹਿਲਾਂ ਉਹਨਾਂ ਨੂੰ ਮਤੇ ਬਾਰੇ ਹਾਊਸ ਨੂੰ ਜਾਣਕਾਰੀ ਦੇ ਦਿਤੀ ਜਾਵੇ ਅਤੇ ਉਸ ਤੋਂ ਬਾਅਦ ਮੈਂਬਰ ਜਿਵੇੱ ਚਾਹੁਣ ਫੈਸਲਾ ਕਰਨ ਪ੍ਰੰਤੂ ਹਲਕਾ ਵਿਧਾਇਕ ਸਿੱਧੂ ਨੇ ਮੇਅਰ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਕਰੋੜਾਂ ਦਾ ਇਹ ਪ੍ਰੋਜੈਕਟ ਬਣਾਉਣ ਤੋਂ ਪਹਿਲਾਂ ਕਿਸੇ ਨਾਲ ਸਲਾਹ ਕੀਤੀ ਜਾਂ ਕਿਸੇ ਨੂੰ ਭਰੋਸੇ ਵਿੱਚ ਲਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਨਿਗਮ ਵੱਲੋਂ ਮਸ਼ੀਨੀ ਸਫਾਈ ਦੇ ਪ੍ਰੋਜੈਕਟ ’ਤੇ 92 ਹਜਾਰ ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾ ਰਹੀ ਹੈ ਅਤੇ ਨਿਗਮ ਨੂੰ ਕਰੋੜਾਂ ਦਾ ਚੂਨਾ ਲੱਗਿਆ ਹੈ। ਇਸ ’ਤੇ ਵਿਰੋਧ ਜਤਾਉਂਦਿਆਂ ਮੇਅਰ ਨੇ ਕਿਹਾ ਕਿ ਮੈਂ ਹਾਊਸ ਨੂੰ ਜਵਾਬਦੇਹ ਹਾਂ ਅਤੇ ਹਾਊਸ ਨੂੰ ਦੱਸਾਂਗਾ ਅਤੇ ਉਹਨਾਂ ਨੂੰ ਬੋਲਣ ਦਿੱਤਾ ਜਾਵੇ। ਏਨੀ ਗੱਲ ਸੁਣ ਕੇ ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ ਆਪਣੀ ਸੀਟ ’ਤੇ ਖੜੇ ਹੋ ਕੇ ਵਿਧਾਇਕ ਸਿੱਧੂ ਨੂੰ ਘੇਰਦਿਆਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਜਦੋਂ ਇਹ ਮਤਾ ਪਾਸ ਕੀਤਾ ਸੀ ਤਾਂ ਸਭ ਤੋਂ ਪਹਿਲਾਂ ਕਾਂਗਰਸ ਦੇ ਕੌਂਸਲਰਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਸੀ। ਉਨ੍ਹਾਂ ਉਲਟਾ ਵਿਧਾਇਕ ਨੂੰ ਸੁਆਲ ਕੀਤਾ ਕਿ ਹੁਣ ਉਹ ਕਿੰਤੂ ਪ੍ਰੰਤੂ ਕਿਉਂ ਕਰ ਰਹੇ ਹੋ। ਉਹ ਪਹਿਲਾਂ ਕਿਊਂ ਨਹੀਂ ਬੋਲੇ।
ਇਸ ਉਪਰੰਤ ਮੇਅਰ ਨੇ ਸਮਾਰਟ ਬਿਨ ਪ੍ਰੋਜੈਕਟ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਪ੍ਰੋਜੈਕਟ ਸਬੰਧੀ ਇੱਕ ਪੇਸ਼ਕਾਰੀ ਵੀ ਦਿੱਤੀ ਗਈ। ਇਸ ਮੌਕੇ ਅਕਾਲੀ-ਭਾਜਪਾ ਗਠਜੋੜ ਦੇ ਕੌਂਸਲਰਾਂ ਵੱਲੋਂ ਇੱਕਜੁੱਟ ਹੋ ਕੇ ਮਤੇ ਨੂੰ ਪਾਸ ਕਰਨ ਲਈ ਕਿਹਾ ਗਿਆ ਜਦੋਂ ਕਿ ਕਾਂਗਰਸੀ ਕੌਂਸਲਰ ਮਤੇ ਦੇ ਵਿਰੋਧ ਵਿੱਚ ਰਹੇ ਅਤੇ ਇਹ ਮਤਾ ਬਹੁਸੰਮਤੀ ਨਾਲ ਪਾਸ ਹੋਣ ਦੀ ਗੱਲ ਆਖੀ ਗਈ। ਇਸ ਮੌਕੇ ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਪਾਰਟੀ ਦਾ ਬਚਾਅ ਕਰਦਿਆਂ ਕਿਹਾ ਕਿ ਮਤੇ ਦਾ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ ਪ੍ਰੰਤੂ ਇਸ ਵਿੱਚ ਲੋੜੀਂਦੇ ਸੁਧਾਰ ਕਰਨ ਦੀ ਗੱਲ ਕੀਤੀ ਸੀ ਅਤੇ ਇਸਨੂੰ ਪੈਂਡਿੰਗ ਕੀਤਾ ਜਾਵੇ। ਇਸ ਉਪਰੰਤ ਹਲਕਾ ਵਿਧਾਇਕ ਨੇ ਕਿਹਾ ਕਿ ਇਹ ਮਤਾ ਸ਼ਹਿਰ ਵਾਸੀਆਂ ਦੇ ਹਿੱਤ ਵਿੱਚ ਹੈ ਅਤੇ ਉਹ ਚਾਹੁੰਦੇ ਹਨ ਕਿ ਨਿਗਮ ਦੀ ਲੁੱਟ ਨਾ ਹੋਵੇ ਜਿਵੇਂ ਪਹਿਲਾਂ ਮਸ਼ੀਨ ਸਫਾਈ ਦੇ ਮਾਮਲੇ ਵਿੱਚ ਹੋ ਰਹੀ ਹੈ। ਇਹ 10 ਸਾਲ ਤੱਕ ਚੱਲਣ ਵਾਲਾ ਪ੍ਰੋਜੈਕਟ ਹੈ ਅਤੇ ਇਸ ਸੰਬੰਧੀ ਕੌਂਸਲਰਾਂ ਦੇ ਧਰਨੇ ਦੂਰ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਮੇਅਰ ਨੇ ਹਲਕਾ ਵਿਧਾਇਕ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਹੁਣ ਵਿਧਾਇਕ ਤੇ ਨਿਰਭਰ ਹੈ ਕਿ ਉਹ ਮਤੇ ਨੂੰ ਬਹੁਸੰਮਤੀ ਨਾਲ ਪਾਸ ਕਰਵਾਉਣਗੇ ਜਾਂ ਸਰਵਸੰਮਤੀ ਨਾਲ। ਇਸ ਉਪਰੰਤ ਵਿਧਾਇਕ ਵਲੋੱ ਇਸ ਸਬੰਧੀ ਆਪਣੇ ਸੁਝਾਅ ਦਿੰਦਿਆਂ ਮਤੇ ਨੂੰ ਸਰਵਸੰਮਤੀ ਨਾਲ ਪਾਸ ਕਰਨ ਲਈ ਕਿਹਾ।
ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਦੇ ਰਖ ਰਖਾਉ ਦੇ ਮੁੱਦੇ ਤੇ ਵੀ ਹਾਊਸ ਵਿੱਚ ਭਰਵੀਂ ਬਹਿਸ ਹੋਈ ਅਤੇ ਇਸ ਮੁੱਦੇ ’ਤੇ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਅਮਰੀਕ ਸਿੰਘ ਸੋਮਲ, ਕੁਲਜੀਤ ਸਿੰਘ ਬੇਦੀ, ਹਰਪਾਲ ਸਿੰਘ ਚੰਨਾ, ਅਰੁਣ ਸ਼ਰਮਾ, ਹਰਮਨਪ੍ਰੀਤ ਸਿੰਘ ਪ੍ਰਿੰਸ, ਗੁਰਮੀਤ ਵਾਲੀਆ ਨੇ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਇਹ ਤਜਰਬਾ ਪਹਿਲਾਂ ਵੀ ਨਾਕਾਮ ਰਿਹਾ ਹੈ ਅਤੇ ਠੇਕੇਦਾਰ ਦੇ ਬੰਦਿਆਂ ਦਾ ਧਿਆਨ ਸਿਰਫ ਪੈਸੇ ਇੱਕਠੇ ਕਰਨ ਵੱਲ ਹੀ ਰਹਿੰਦਾ ਹੈ ਅਤੇ ਪਾਰਕਿੰਗ ਵਿਵਸਥਾ ਵੱਲ ਕੋਈ ਧਿਆਨ ਨਹੀਂ। ਮੈਂਬਰਾਂ ਨੇ ਕਿਹਾ ਕਿ ਪਾਰਕਿੰਗ ਵਿੱਚ ਵਧੀਆ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਪ੍ਰੰਤੂ ਪਾਰਕਿੰਗ ਵਾਸਤੇ ਫੀਸ ਨਹੀਂ ਹੋਣੀ ਚਾਹੀਦੀ। ਕੌਂਸਲਰ ਬੇਦੀ ਨੇ ਕਿਹਾ ਕਿ ਇਸ ਵਾਸਤੇ ਖਰਚੇ ਦਾ ਪ੍ਰਬੰਧ ਕਰਨ ਲਈ ਟੈਂਡਰਾਂ ਤੇ ਸੈਸ ਲਗਾਇਆ ਜਾ ਸਕਦਾ ਹੈ ਜਾਂ ਕੇਬਲ ਦੇ ਖੰਭਿਆ ਨੂੰ ਸੈਸ ਲਗਾ ਕੇ ਰਕਮ ਇੱਕਠੀ ਕੀਤੀ ਜਾ ਸਕਦੀ ਹੈ। ਕੌਂਸਲਰ ਵਾਲੀਆ ਨੇ ਕਿਹਾ ਕਿ ਜਦੋੱ ਨਿਗਮ ਮਾਰਕੀਟਾਂ ਵਿੱਚੋਂ ਕਰੋੜਾਂ ਦੇ ਹਿਸਾਬ ਨਾਲ ਪ੍ਰਾਪਰਟੀ ਟੈਕਸ ਇਕੱਠਾ ਕਰਦਾ ਹੈ ਤਾਂ ਮਾਰਕੀਟਾਂ ਵਿੱਚ ਪਾਰਕਿੰਗ ਦੇ ਲੋੜੀਂਦੇ ਪ੍ਰਬੰਧ ਕਰਨ ਲਈ ਉਸਦੀ ਜਿੰਮੇਵਾਰੀ ਹੈ। ਸ੍ਰੀ ਕਾਹਲੋਂ ਅਤੇ ਸ੍ਰੀ ਸੋਮਲ ਨੇ ਮਾਰਕੀਟਾਂ ਵਿੱਚ ਵਾਹਨਾਂ ਦੇ ਖੜਾਉਣ ਲਈ ਨਿਯਮ ਲਾਗੂ ਕਰਨ, ਲਾਈਨਾਂ ਲਗਵਾਉਣ ਅਤੇ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕਰਨ ਦੀ ਗੱਲ ਆਖੀ। ਹਾਲਾਂਕਿ ਇਸ ਮੌਕੇ ਕੌਂਸਲਰ ਗੁਰਮੀਤ ਕੌਰ ਅਤੇ ਕੌਂਸਲਰ ਆਰ ਪੀ ਸ਼ਰਮਾ ਨੇ ਮੰਗ ਕੀਤੀ ਕਿ ਪੇਡ ਪਾਰਕਿੰਗ ਲਾਗੂ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਫੇਜ਼-6 ਅਤੇ ਫੇਜ਼-1 ਵਿੱਚ ਲੋਕ ਮਾਰਕੀਟ ਵਿੱਚ ਆਪਣੇ ਵਾਹਨ ਖੜ੍ਹੇ ਕਰਕੇ ਆਪਣੇ ਕੰਮ ਤੇ ਚਲੇ ਜਾਂਦੇ ਹਨ ਅਤੇ ਦੁਕਾਨਦਾਰਾਂ ਅਤੇ ਗ੍ਰਾਹਕਾਂ ਨੂੰ ਗੱਡੀਆਂ ਖੜਾਉਣ ਦੀ ਥਾਂ ਨਹੀਂ ਮਿਲਦੀ। ਬਾਅਦ ਵਿੱਚ ਮੇਅਰ ਨੇ ਕਿਹਾ ਕਿ ਸਮੂਹ ਕੌਂਸਲਰਾਂ ਦੇ ਵਿਚਾਰ ਆ ਗਏ ਹਨ ਅਤੇ ਇਹਨਾਂ ਦੇ ਆਧਾਰ ਤੇ ਅਗਲੀ ਮੀਟਿੰਗ ਵਿੱਚ ਮਤਾ ਲਿਆਂਦਾ ਜਾਵੇਗਾ।
ਇਸਤੋੱ ਬਾਅਦ ਮੇਅਰ ਨੇ ਸਮੂਹ ਮੈਂਬਰਾਂ ਨੂੰ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਪ੍ਰੋਜੈਕਟ ਸੁਲਝਾਉਣ। ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਉਹਨਾਂ ਨੇ ਵੈਨਕੂਵਰ ਵਿੱਚ ਵੇਖਿਆ ਹੈ ਕਿ 100 ਸਾਲ ਪਹਿਲਾਂ ਬਣੀਆਂ ਸੜਕਾਂ ਦਾ ਲੈਵਲ ਵੀ ਪੁਰਾਣਾਂ ਹੀ ਹੈ ਇਸਦਾ ਕਾਰਨ ਹੈ ਕਿ ਸੜਕ ਬਨਾਉਣ ਤੋੱ ਪਹਿਲਾਂ ਮਸ਼ੀਨ ਨਾਲ ਸੜਕ ਦੀ ਕਟਾਈ ਕੀਤੀ ਜਾਂਦੀ ਹੈ ਅਤੇ ਉਹ ਬਜਰੀ ਦੁਬਾਰਾ ਕੰਮ ਵਿੱਚ ਆ ਜਾਂਦੀ ਹੈ ਅਤੇ ਸੜਕ ਦਾ ਲੈਵਲ ਵੀ ਉੱਚਾ ਨਹੀਂ ਹੁੰਦਾ। ਉਹਨਾਂ ਕਿਹਾ ਅਜਿਹੀ ਇੱਕ ਮਸ਼ੀਨ ਨਿਗਮ ਵਿੱਚ ਵੀ ਲਿਆਂਦੀ ਜਾਵੇ ਤਾਂ ਜੋ ਸ਼ਹਿਰ ਵਿੱਚ ਸੜਕਾਂ ਦੇ ਲੈਵਲ ਦੀ ਸਮੱਸਿਆ ਖਤਮ ਹੋਵੇ। ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਸੁਝਾਅ ਦਿੱਤਾ ਕਿ ਵਾਈਪੀਐਸ ਚੌਂਕ ਤੋਂ ਸੈਕਟਰ 66 ਤੱਕ ਨਾਲੇ ਦੇ ਖੇਤਰ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਇਸ ਖੇਤਰ ਨੂੰ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇ ਅਤੇ ਇਸ ਵਿੱਚ ਸਾਈਕਲ ਟ੍ਰੈਕ ਬਣਾਇਆ ਜਾਵੇ। ਕੌਂਸਲਰ ਬੌਬੀ ਕੰਬੋਜ ਨੇ ਸੈਕਟਰ 68 ਦੇ ਸਿਟੀ ਪਾਰਕ ਵਿਚਲੇ ਆਡੀਟੋਰੀਅਮ ਨੂੰ ਚਾਲੂ ਕਰਨ ਦੀ ਮੰਗ ਕੀਤੀ। ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਚੱਪੜਚਿੜੀ ਨੇੜੇ ਵੱਡਾ ਪਾਰਕ ਅਤੇ ਰੀਕ੍ਰੀਏਸ਼ਨ ਸੈਂਟਰ ਵਿਕਸਿਤ ਕਰਨ ਦਾ ਸੁਝਾਅ ਦਿੱਤਾ। ਕੌਂਸਲਰ ਹਰਪਾਲ ਸਿੰਘ ਚੰਨਾ ਨੇ ਗਊਸ਼ਾਲਾਂ ਵਿੱਚ ਸੁਧਾਰ ਦਾ ਮੁੱਦਾ ਚੁੱਕਿਆ।
ਇਸ ਮੌਕੇ ਉਹਨਾਂ ਨੇ ਸਕਾਈ ਹਾਕ ਟਾਈਮਜ ਦੀ ਕਾਪੀ ਵੀ ਲਹਿਰਾਈ ਜਿਸ ਵਿੱਚ ਗਊਸ਼ਾਲਾ ਦੀ ਮਾੜੀ ਹਾਲਤ ਸਬੰਧੀ ਵਿਸਤਾਰਤ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਕੌਂਸਲਰ ਹਰਦੀਪ ਸਿੰਘ ਗਰਾਊੱਡ ਫੇਜ਼ -10 ਵਿਚਾਲੇ ਅੰਡਰ ਗਰਾਊੱਡ ਵਾਟਰ ਟੈਂਕਰ ਦੀ ਸਾਂਭ ਸੰਭਾਲ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ। ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਚੁਕਦਿਆਂ ਮੰਗ ਕੀਤੀ ਕਿ ਗਰਮੀਆਂ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਅਤੇ ਬਰਸਾਤ ਵਿੱਚ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਸੈਕਟਰ 66 ਤੋਂ 69 ਦੇ ਚੁੱਕੇ ਵਿਕਾਸ ਕਾਰਜ ਮੁਕੰਮਲ ਕਰਨ, ਇਹਨਾਂ ਸੈਕਟਰਾਂ ਲਈ ਨਹਿਰੀ ਪਾਣੀ ਸਪਲਾਈ ਦਾ ਮੁੱਦਾ ਚੁੱਕਿਆ ਅਤੇ ਕੌਂਸਲਰ ਰਾਜਿੰਦਰ ਸਿੰਘ ਰਾਣਾ ਨੇ ਪਿੰਡ ਮਦਨਪੁਰ ਦੇ ਵਿਕਾਸ ਕਾਰਜਾਂ ਵਿੱਚ ਕਮੀਆਂ ਲਈ ਜ਼ਿੰਮੇਵਾਰ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਮੀਟਿੰਗ ਵਿੱਚ ਪੇਸ਼ ਬਾਕੀ ਮਤੇ ਵੀ ਸਰਵਸੰਮਤੀ ਨਾਲ ਪਾਸ ਕਰ ਦਿੱਤੇ ਗਏ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…