ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਵੱਲੋਂ ਮੋਬਾਈਲ ਫੂਡ ਟੈਸਟਿੰਗ ਲੈਬਾਰਟਰੀ ਦੀ ਸ਼ੁਰੂਆਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਮਿਲਾਵਟੀ ਭੋਜਨ ਅਤੇ ਪੀਣ ਵਾਲੇ ਨਮੂਨਿਆਂ ਦੀ ਜਾਂਚ ਕਰਨ ਲਈ ਅੱਜ ਇਕ ਮੋਬਾਈਲ ਫੂਡ ਟੈਸਟਿੰਗ ਲੈਬਾਰਟਰੀ ਨੂੰ ਹਰੀ ਝੰਡੀ ਦੇ ਰਵਾਨਾ ਕੀਤਾ। ਇਸ ਨਾਲ ਉਨ੍ਹਾਂ ਵਲੋਂ ਸੂਬੇ ਵਿਚ ਮੋਬਾਇਲ ਫੂਡ ਟੈਸਟਿੰਗ ਲੈਬਾਰਟਰੀ ਦੀ ਸ਼ੁਰੂਆਤ ਕੀਤੀ ਗਈ ਹੈ। ਕੇਂਦਰ ਸਰਕਾਰ ਦੁਆਰਾ ਫੰਡ ਕੀਤੀ ਗਈ ਪ੍ਰਯੋਗਸਾਲਾ ’ਫੂਡ ਸੇਫਟੀ ਐਂਡ ਸਟੈਂਡਰਡਜ ਅਥਾਰਟੀ ਆਫ਼ ਇੰਡੀਆ’ (ਐਫ.ਐਸ.ਐਸ.ਏ.ਆਈ.) ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਨਾਲ ਜੁੜੀ ਹੋਈ ਹੈ ਅਤੇ ਇਹ ਲੈਬ ਦੁੱਧ, ਪਾਣੀ, ਖਾਣ ਵਾਲੇ ਤੇਲ ਅਤੇ ਰੋਜ਼ਾਨਾ ਖਾਣ ਦੀਆਂ ਹੋਰ ਵਸਤਾਂ ਦੀ ਜਾਂਚ ਕਰਨ ਲਈ ਵਰਤੀ ਜਾਵੇਗੀ। ਇਸ ਤੋਂ ਇਲਾਵਾ ਇਸ ਵੈਨ ਨੂੰ ਦੁੱਧ ਵਿੱਚ ਫੈਟ ਦੀ ਮਾਤਰਾ, ਮਿਲਾਵਟ ਵਾਲੇ ਸਟਾਰਚ, ਸਕਰੋਜ਼, ਯੂਰੀਆ, ਮਾਲਟੋਡੇਕਸਟਰਿਨ ਆਦਿ, ਪਾਣੀ ਵਿੱਚ ਜੀਐਚ, ਟੋਟਲ ਡਿਸਸੋਲਵਡ ਸੋਲਿਡ, ਕੰਡਕਟੀਵਿਟੀ ਆਦਿ ਹੋਰ ਕੈਮੀਕਲ ਬਾਰੇ ਜਾਂਚ ਕਰਨ ਲਈ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਇਸ ਮੌਕੇ ਮੌਜੂਦ ਐਫ.ਡੀ.ਏ ਅਧਿਕਾਰੀਆਂ ਨੇ ਮੌਕੇ ’ਤੇ ਮੌਜੂਦ ਮੁੱਖ ਮੰਤਰੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵੈਨ ਵਿੱਚ ਮੌਕੇ ਤੇ ਹੀ ਸੈਂਪਲ ਭਰਨ ਤੇ ਮੌਕੇ ’ਤੇ ਹੀ ਰਿਪੋਰਟ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਫੂਡ ਐਂਡ ਡਰੱਗ ਐਡਮਨਿਸਟ੍ਰੇਸਨ ਦੀ ਪਹਿਲਕਦਮੀ ਦੀ ਸਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਇਹ ਵੈਨ ਖੁਰਾਕ ਸੁਰੱਖਿਆ ਦੇ ਸਬੰਧ ਵਿਚ ਲੋਕਾਂ ਵਿਚ ਵਧੇਰੇ ਜਾਗਰੂਕਤਾ ਪੈਦਾ ਕਰੇਗੀ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਫੂਡ ਟੈਸਟਇੰਗ ਲੈਬੋਰਟਰੀਆਂ ਹਰ ਜਗਾਂ ਤੇ ਉਪਲਬੱਧ ਨਹੀਂ ਹਨ, ਜਿਸ ਦੇ ਚੱਲਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਗੁਣਵੱਤਾ ਪੂਰਵਕ ਖਾਣਾ ਉਪਲੱਬਧ ਕਰਵਾਉਣ ਲਈ ਮੋਬਾਈਲ ਫੂਡ ਟੈਸਟ ਲੈਬੋਰਟਰੀਆਂ ਦੀ ਸ਼ੁਰੂਆਤ ਕੀਤੀ ਹੈ। ਉਨਾਂ ਨੇ ਦੱਸਿਆ ਕਿ ਵੈਨ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ। ਇਸ ਵਿੱਚ ਮਿਲਕ ਐਨਾਲਾਈਜ਼ਰ, ਹਾਟ ਏਅਰ ਓਵਨ, ਹੋਟ ਪਲੇਟ, ਮਿਕਸਰ ਗਰਾਇੰਡਰ, ਡਿਜ਼ੀਟਲ ਵੇਇੰਗ ਸਕੇਲ, ਡਿਜੀਟਲ ਮਲਟੀ ਪੈਰਾਮੀਟਰ ਹੈਂਡ ਹੈਲਡ ਮੀਟਰ, ਡਿਜ਼ੀਟਲ ਰੀਫਰੈਕਟੋਮੀਟਰ ਆਦਿ ਉਪਲਬੱਧ ਕਰਵਾਏ ਗਏ ਹਨ। ਮਹਿੰਦਰਾ ਨੇ ਕਿਹਾ ਕਿ ਵੈਨ ਸੂਬੇ ਦੀ ਐਫ.ਡੀ.ਏ ਨੂੰ ਆਪਣੇ ਆਊਟਰੀਚ ਪ੍ਰੋਗਰਾਮਾਂ ਨੂੰ ਵਧਾਉਣ ਅਤੇ ਦੂਰ ਦੁਰਾਡੇ ਇਲਾਕਿਆਂ ਵਿਚ ਵੀ ਚੈਕਿੰਗ ਗਤੀਵਿਧੀਆਂ ਕਰਨ ਵਿਚ ਸਹਾਇਤਾ ਕਰੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਹੋਰ ਅਜਿਹੇ ਵੈਨ ਜਲਦੀ ਹੀ ਆਉਣ ਵਾਲੇ ਸਮੇਂ ਵਿਚ ਲਾਂਚ ਕੀਤੇ ਜਾਣਗੇ।
ਇਸ ਮੌਕੇ ਮੁੱਖ ਮੰਤਰੀ ਨੇ ਇਕ ਐਂਡਰਾਇਡ ਮੋਬਾਈਲ ਐਪ ਫੂਡ ਸੇਫਟੀ ਪੰਜਾਬ ਵੀ ਲਾਂਚ ਕੀਤਾ, ਜੋ ਮੁਫਤ ਹੈ ਅਤੇ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਐਪਲੀਕੇਸ਼ਨ ਨਾਗਰਿਕਾਂ ਨੂੰ ਵੱਖ ਵੱਖ ਖਪਤ ਵਾਲੀਆਂ ਚੀਜਾਂ ਦੀ ਤੇਜ ਜਾਂਚ ਦੇ ਨਾਲ ਨਾਲ ਮਿਲਾਵਟ ਦੀ ਖੋਜ ਲਈ ਸੇਧ ਦਿੰਦਾ ਹੈ ਅਤੇ ਸੁਰੱਖਿਅਤ ਅਤੇ ਪੋਸਕ ਭੋਜਨ ਬਾਰੇ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਨਾਲ ਰਜਿਸਟਰੇਸ਼ਨ/ਲਾਇਸੰਸ ਲਈ ਆਨਲਾਈਨ ਅਪਲਾਈ ਕਰਨ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਮੌਕੇ ਸਿਹਤ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਜਲੀ ਭਾਵੜਾ, ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਵਰੁਣ ਰੂਜਮ ਅਤੇ ਨੋਡਲ ਅਫ਼ਸਰ (ਫੂਡ) ਡਾ. ਅੰਮ੍ਰਿਤਪਾਲ ਵੜਿੰਗ ਅਤੇ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…