
ਕੰਪਨੀ ’ਚ ਇੰਟਰਵਿਊ ਦੇਣ ਆਈ ਅੌਰਤ ਤੋਂ ਮੋਬਾਈਲ ਖੋਹਿਆ, ਤਿੰਨ ਮੁਲਜ਼ਮ ਗ੍ਰਿਫ਼ਤਾਰ
2 ਮੋਟਰ ਸਾਈਕਲ, 44 ਮੋਬਾਈਲ, ਟੈਬ, ਕੈਮਰਾ, ਘੜੀਆਂ ਵੀ ਕੀਤੀਆਂ ਬਰਾਮਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਇੱਥੋਂ ਦੇ ਸਨਅਤੀ ਖੇਤਰ ਫੇਜ਼-8 ਦੀ ਪੁਲੀਸ ਨੇ ਰਾਹਗੀਰਾਂ ਨੂੰ ਘੇਰ ਕੇ ਮੋਬਾਈਲ ਖੋਹ ਕੇ ਫਰਾਰ ਹੋਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਇਨ੍ਹਾਂ ਦਾ ਇੱਕ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ। ਅੱਜ ਇੱਥੇ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਅਤੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਮੁਲਜ਼ਮ ਅੰਕਿਤ ਵਾਸੀ ਫੇਜ਼-11 ਅਤੇ ਸਤਪਾਲ ਤੇ ਰਾਜ ਕੁਮਾਰ ਵਾਸੀ ਸੋਹਾਣਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਆਈਪੀਸੀ.ਦੀ ਧਾਰਾ 379 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਦਾ ਇੱਕ ਸਾਥੀ ਵਰੁਣ ਗੁਪਤਾ ਵਾਸੀ ਖਰੜ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 2 ਮੋਟਰ ਸਾਈਕਲ, 44 ਮੋਬਾਈਲ ਫੋਨ, 1 ਟੈਬ, 1 ਕੈਮਰਾ, 3 ਘੜੀਆਂ ਅਤੇ 5 ਪਰਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬੀਤੀ 12 ਅਪਰੈਲ ਨੂੰ ਇੱਥੋਂ ਦੇ ਫੇਜ਼-10 ਦੀ ਵਸਨੀਕ ਇੱਕ ਅੌਰਤ ਸਨਅਤੀ ਖੇਤਰ ਫੇਜ਼-8 ਵਿੱਚ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਇੰਟਰਵਿਊ ਦੇਣ ਲਈ ਆਈ ਸੀ। ਇਸ ਦੌਰਾਨ ਮੁਲਜ਼ਮ ਉਸ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ਸੀ। ਇਸ ਸਬੰਧੀ ਪੀੜਤ ਅੌਰਤ ਦੇ ਪਤੀ ਆਸ਼ੁਲ ਨੇ ਸਥਾਨਕ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਆਪਣੀ ਪਤਨੀ ਨੂੰ ਘਰ ਲਿਜਾਉਣ ਲਈ ਮੌਕੇ ’ਤੇ ਆਇਆ ਸੀ। ਇਸ ਦੌਰਾਨ ਦੋ ਮੋਟਰ ਸਾਈਕਲਾਂ ’ਤੇ ਸਵਾਰ ਚਾਰ ਨੌਜਵਾਨ ਕੰਪਨੀ ਦੇ ਗੇਟ ਦੇ ਬਾਹਰ ਉਸ ਦੀ ਪਤਨੀ ਦਾ ਮੋਬਾਈਲ ਫੋਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਅਤੇ ਇਸ ਤਰ੍ਹਾਂ ਪੁਲੀਸ ਨੇ ਉਕਤ ਵਿਅਕਤੀਆਂ ਨੂੰ ਕਾਬੂ ਕਰ ਲਿਆ।
ਉਧਰ, ਦੂਜੇ ਪਾਸੇ ਬਲੌਂਗੀ ਵਿੱਚ ਗੁੱਗਾ ਮਾੜੀ ਨੇੜੇ ਅਣਪਛਾਤੇ ਚੋਰਾਂ ਨੇ ਇੱਕ ਘਰ ਦਾ ਤਾਲਾ ਤੋੜ ਕੇ 2 ਗੈਸ ਸਿਲੰਡਰ ਅਤੇ 1 ਕੁਇੰਟਲ ਕਣਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੀ ਮਾਲਕਨ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਹਫ਼ਤੇ ਲਈ ਪੂਰੇ ਪਰਿਵਾਰ ਸਮੇਤ ਨੈਣਾ ਦੇਵੀ ਮੰਦਰ ਹਿਮਾਚਲ ਮੱਥਾ ਟੇਕਣ ਗਏ ਸੀ। ਜਦੋਂ ਉਹ ਵਾਪਸ ਬਲੌਂਗੀ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ 2 ਗੈਸ ਸਿਲੰਡਰ ਅਤੇ 1 ਕੁਇੰਟਲ ਕਣਕ ਚੋਰੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਦੀ ਫੋਟੇਜ ਵਿੱਚ ਚੋਰ ਨਜ਼ਰ ਆਉਂਦੇ ਹਨ। ਜਿਨ੍ਹਾਂ ਦੀ ਪਛਾਣ ਵੀ ਹੋ ਗਈ ਹੈ। ਉਨ੍ਹਾਂ ਨੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।