ਮੁਹਾਲੀ ਮਹਾਂ-ਰੈਲੀ ਤੇ ਪੰਜਾਬ ਵਿਧਾਨ ਸਭਾ ਵੱਲ ਕੂਚ ਕਰਨ ਲਈ ਮੁਲਾਜ਼ਮਾਂ ਦੀ ਲਾਮਬੰਦੀ

ਨਬਜ਼-ਏ-ਪੰਜਾਬ, ਮੁਹਾਲੀ, 21 ਮਾਰਚ:
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੀ ਮੀਟਿੰਗ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਜਟ ਸੈਸ਼ਨ ਦੌਰਾਨ ਵਿਧਾਨ ਸਭ ਵੱਲ ਕੂਚ ਕਰਨ ਅਤੇ ਮਹਾਂ-ਰੈਲੀ ਨੂੰ ਸਫਲ ਬਣਾਉਣ ਲਈ ਚਰਚਾ ਕਰਦਿਆਂ ਜਥੇਬੰਦੀ ਦੇ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ। ਮੁਲਾਜ਼ਮਾਂ ਨੇ ਸਰਕਾਰ ਦੀਆਂ ਮਾੜੀ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰਦਿਆਂ ਸਾਰੀਆਂ ਧਿਰਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ।
ਅੱਜ ਇੱਥੇ ਜਨਰਲ ਸਕੱਤਰ ਐਨਡੀ ਤਿਵਾੜੀ ਨੇ ਦੱਸਿਆ ਕਿ 24 ਤੇ 25 ਮਾਰਚ ਨੂੰ ਮੁਹਾਲੀ ਵਿਖੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੇ ਸਮਾਨੰਤਰ ਸੈਸ਼ਨ, ਮੁਹਾਲੀ ਵਿੱਚ ਸੂਬਾ ਪੱਧਰੀ ਰੋਸ ਰੈਲੀ ਕਰਨ ਉਪਰੰਤ ਮੁਹਾਲੀ ਤੋਂ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ।
ਮੀਟਿੰਗ ਉਕਤ ਐਕਸ਼ਨ ਦੀ ਅਗਾਊਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਬਜਟ ਇਜਲਾਸ ਸੈਸ਼ਨ ਦੇ ਸਮਾਨੰਤਰ ਮਹਾਂ ਰੈਲੀ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੇ ਸਾਥੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਅਤੇ ਬਿੱਕਰ ਸਿੰਘ ਮਾਖਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪਿਛਲੇ ਤਿੰਨ ਸਾਲਾਂ ਤੋਂ ਮੁਲਾਜ਼ਮ ਵਿਰੋਧੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ ‘ਆਪ’ ਸਰਕਾਰ ਮੁਲਾਜ਼ਮ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ’ਤੇ ਚੱਲ ਰਹੀ ਹੈ। ਕੱਚੇ ਕਾਮਿਆਂ ਨੂੰ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ, ਸਗੋਂ ਪਿਛਲੇ ਤਿੰਨ ਸਾਲਾਂ ਤੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਝੂਠੇ ਲਾਰੇ ਲਗਾ ਕੇ ਲਗਾਤਾਰ ਲਮਕਾਉਂਦੇ ਆ ਰਹੇ ਹਨ।
ਵਿੱਤ ਸਕੱਤਰ ਗੁਲਜ਼ਾਰ ਖਾਨ ਨੇ ਕਿਹਾ ਕਿ ਸਾਂਝਾ ਫਰੰਟ ਦਾ ਘੇਰਾ ਹੋਰ ਵੱਡਾ ਕਰਕੇ ਸੰਘਰਸ਼ ਨੂੰ ਤਕੜਾ ਕੀਤਾ ਜਾ ਸਕਦਾ ਹੈ। ਜੁਆਇੰਟ ਸਕੱਤਰ ਸੁਰਿੰਦਰ ਕੰਬੋਜ ਅਤੇ ਹਰਦੀਪ ਕੁਮਾਰ ਨੇ ਕਿਹਾ ਕਿ ਮਾਨ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ’ਤੇ ਚੱਲ ਰਹੀ ਹੈ। ਇਸ ਲਈ ਹੁਣ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀ ਹੈ। ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਅਤੇ ਸਹਾਇਕ ਪ੍ਰੈੱਸ ਸਕੱਤਰ ਸੁਖਵਿੰਦਰ ਦੋਦਾ ਨੇ ਕਿਹਾ ਕਿ ਬਜਟ ਸੈਸ਼ਨ ਦੇ ਸਮਾਨ-ਅੰਤਰ ਕੀਤੇ ਜਾ ਰਹੇ ਸੰਘਰਸ਼ਾਂ ਤੋਂ ਇਲਾਵਾ ਕੇਂਦਰ ਸਰਕਾਰ ਦੀ ਯੂਨੀਫਾਈਡ ਪੈਨਸ਼ਨ ਸਕੀਮ ਜੋ ਇਕ ਅਪਰੈਲ ਤੋਂ ਕੇਂਦਰ ਦੇ ਮੁਲਾਜ਼ਮਾਂ ’ਤੇ ਲਾਗੂ ਹੋ ਰਹੀ ਹੈ, ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਪੀਐਫਆਰਡੀਏ ਬਿੱਲ ਰੱਦ ਕਰਵਾ ਕੇ ਪੁਰਾਣੀ ਪੈਨਸ਼ਨ ਬਹਾਲੀ ਲਈ ਵੱਡਾ ਸੰਘਰਸ਼ ਵਿੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਯੂਨੀਫਾਈਡ ਪੈਨਸ਼ਨ ਸਕੀਮ ਦੀਆਂ ਖ਼ਾਮੀਆਂ ਬਾਰੇ ਪੋਸਟਰ ਛਾਪ ਕੇ ਅਤੇ ਪੰਜਾਬ ਵਿੱਚ ਵੱਡੀ ਕਨਵੈਨਸ਼ਨ ਕਰਕੇ ਵਿਰੋਧ ਦਰਜ ਕਰਵਾਇਆ ਜਾਵੇਗਾ।
ਇਸ ਮੌਕੇ ਗੁਰਜੀਤ ਸਿੰਘ ਮੁਹਾਲੀ, ਮਦਨ ਲਾਲ ਜਲਾਲਾਬਾਦ, ਚਰਨਜੀਤ ਸਿੰਘ ਸਿੱਧੂ ਜਲ ਸਰੋਤ ਵਿਭਾਗ, ਰਸ਼ਮਿੰਦਰ ਪਾਲ ਸੋਨੂੰ ਜਲੰਧਰ, ਗੁਰਮੀਤ ਸਿੰਘ ਖ਼ਾਲਸਾ, ਪਰਮਲ ਧਨੌਲਾ, ਮਨੀਸ਼ ਗਰਗ ਬਠਿੰਡਾ, ਹਿੰਮਤ ਸਿੰਘ ਦਾਦੂਵਾਲ, ਲਖਵਿੰਦਰ ਲਾਡੀ, ਗੁਰੇਕ ਸਿੰਘ ਗਿੱਲ ਨੇ 25 ਮਾਰਚ ਨੂੰ ਸਾਂਝੇ ਫਰੰਟ ਦੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਰਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In General News

Check Also

ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ, ਨਿਤੇਸ਼ ਵਿੱਜ ਬਣੇ ਪ੍ਰਧਾਨ

ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ, ਨਿਤੇਸ਼ ਵਿੱਜ ਬਣੇ ਪ੍ਰਧਾਨ ਨਬਜ਼-ਏ-ਪੰਜਾਬ, ਮੁਹਾਲੀ, 21 ਮਾਰਚ: ਇੱਥੋਂ…