ਜਨ ਅੰਦੋਲਨ ਸ਼ੁਰੂ ਕਰਨ ਲਈ ‘ਆਮ ਆਦਮੀ-ਘਰ ਬਚਾਓ ਮੋਰਚਾ’ ਵੱਲੋਂ ਲਾਮਬੰਦੀ ਸ਼ੁਰੂ

ਜੁਝਾਰ ਨਗਰ, ਬੜਮਾਜਰਾ, ਬਹਿਲੋਲਪੁਰ, ਝਾਮਪੁਰ ਤੇ ਬਲੌਂਗੀ ਦੀ ਸਾਂਝੀ ਮੀਟਿੰਗ ਹੋਈ

ਨਬਜ਼-ਏ-ਪੰਜਾਬ, ਮੁਹਾਲੀ, 22 ਅਗਸਤ:
ਮੁਹਾਲੀ ਸਮੇਤ ਪੰਜਾਬ ਭਰ ਵਿੱਚ ਕਰੀਬ 20 ਹਜ਼ਾਰ ਕਲੋਨੀਆਂ ਵਿੱਚ ਰਹਿੰਦੇ ਲੱਖਾਂ ਪਰਿਵਾਰਾਂ ਉੱਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ। ਪੀੜਤ ਲੋਕਾਂ ਵੱਲੋਂ ਇਨਸਾਫ਼ ਪ੍ਰਾਪਤੀ ਲਈ ਗਠਿਤ ‘ਆਮ ਆਦਮੀ ਘਰ-ਬਚਾਓ ਮੋਰਚਾ ਪੰਜਾਬ’ ਨੇ ਕਾਨੂੰਨੀ ਚਾਰਾਜੋਈ ਅਤੇ ਸਮਾਜਿਕ ਲੜਾਈ ਲੜਨ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਥਾਨਕ ਜੁਝਾਰ ਨਗਰ ਵਿੱਚ ਮੀਟਿੰਗ ਸੱਦੀ ਗਈ। ਜਿਸ ਵਿੱਚ ਜੁਝਾਰ ਨਗਰ ਸਮੇਤ ਬੜਮਾਜਰਾ, ਬਹਿਲੋਲਪੁਰ, ਝਾਮਪੁਰ ਅਤੇ ਬਲੌਂਗੀ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਕਨਵੀਨਰ ਹਰਮਿੰਦਰ ਸਿੰਘ ਮਾਵੀ, ਕਾਨੂੰਨੀ ਸਲਾਹਕਾਰ ਦਰਸ਼ਨ ਸਿੰਘ ਧਾਲੀਵਾਲ ਅਤੇ ਸਰਪੰਚ ਗੁਰਪ੍ਰੀਤ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਪੇਂਡੂ ਖੇਤਰ ਵਿਚਲੀਆਂ ਕਲੋਨੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਰਜਿਸਟਰੀਆਂ ’ਤੇ ਲਗਾਈ ਰੋਕ ਤੁਰੰਤ ਹਟਾਈ ਜਾਵੇ। ਕਿਉਂਕਿ ਉਕਤ ਕਲੋਨੀਆਂ ਨੂੰ ਸਰਕਾਰ ਹੁਣ ਕਥਿਤ ਗੈਰਕਾਨੂੰਨੀ ਦੱਸ ਰਹੀ ਹੈ। ਮੋਰਚੇ ਦੇ ਆਗੂਆਂ ਨੇ ਗਰੀਬ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਰਜਿਸਟਰੀਆਂ ’ਤੇ ਲਗਾਈ ਰੋਕ ਤੁਰੰਤ ਨਾ ਹਟਾਈ ਤਾਂ ਉਹ ਜਨ ਅੰਦੋਲਨ ਸ਼ੁਰੂ ਕਰਨਗੇ ਅਤੇ ਲੋੜ ਪੈਣ ’ਤੇ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਲੋਕਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਮੁਹਾਲੀ ਦੀ ਜੂਹ ਵਿੱਚ ਜੁਝਾਰ ਨਗਰ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਲੋਕ ਆਪਣੀ ਉਮਰ ਭਰ ਦੀ ਜਮ੍ਹਾ ਪੂੰਜੀ ਖ਼ਰਚ ਕਰਕੇ ਕਰੀਬ ਤਿੰਨ ਦਹਾਕੇ ਤੋਂ ਪਰਿਵਾਰਾਂ ਨਾਲ ਰਹਿ ਰਹੇ ਹਨ ਅਤੇ ਕਾਫ਼ੀ ਲੋਕ ਆਪਣੇ ਸੁਪਨਿਆਂ ਦਾ ਘਰ ਬਣਾਉਣ ਲਈ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ ਲੇਕਿਨ ਗਮਾਡਾ ਦੀ ਟੀਮ ਜਦੋਂ ਮਰਜ਼ੀ ਆ ਕੇ ਲੋਕਾਂ ਦੇ ਘਰਾਂ ਅਤੇ ਉਸਾਰੀਆਂ ਨੂੰ ਢਾਹ ਦਿੰਦੇ ਹਨ। ਜਿਸ ਕਾਰਨ ਪੀੜਤ ਲੋਕਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਹਰਮਿੰਦਰ ਸਿੰਘ ਮਾਵੀ ਅਤੇ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਹੁਕਮਰਾਨਾਂ ਨੇ ਚੋਣਾਂ ਦੌਰਾਨ ਹਰੇਕ ਗਰੀਬ ਨੂੰ ਸਿਰ ’ਤੇ ਛੱਤ ਮੁਹੱਈਆ ਕਰਵਾਉਣ ਦਾ ਭਰੋਸਾ ਦੇ ਕੇ ਵੋਟਾਂ ਬਟੋਰੀਆਂ ਸਨ ਪ੍ਰੰਤੂ ਆਪ ਸਰਕਾਰ ਨੇ ਲੋਕਾਂ ਨੂੰ ਘਰ ਬਣਾ ਦੇਣੇ ਤਾਂ ਇੱਕ ਪਾਸੇ ਰਿਹਾ, ਉਲਟਾ, ਲੋਕਾਂ ਦਾ ਉਜਾੜਾ ਕਰਨ ’ਤੇ ਤੁਲੀ ਹੋਈ ਹੈ।
ਇਸ ਮੌਕੇ ਮਨਜੀਤ ਰਾਣਾ ਸਰਪੰਚ ਪਿੰਡ ਬਹਿਲੋਲਪੁਰ, ਰਾਜ ਕੁਮਾਰ ਸਾਬਕਾ ਸਰਪੰਚ, ਮੁਖ਼ਤਿਆਰ ਸਿੰਘ, ਨਾਹਾਰੋ ਦੇਵੀ, ਬਿਮਲਾ ਦੇਵੀ, ਦਰਸ਼ਨ ਕੁਮਾਰ, ਅਮਰਜੀਤ ਸਿੰਘ ਮੋਨੀ, ਹਰਜੀਤ ਸਿੰਘ (ਸਾਰੇ ਪੰਚ), ਸੁਖਦੀਪ ਸਿੰਘ ਸਰਪੰਚ ਝਾਮਪੁਰ ਅਤੇ ਮੁਹੰਮਦ ਸਲੀਮ ਖਾਨ ਸਮੇਤ ਹੋਰ ਪੀੜਤ ਲੋਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …