ਸੀਜੀਸੀ ਲਾਂਡਰਾਂ ਵਿੱਚ ‘ਆਦਰਸ਼ ਸੰਯੁਕਤ ਰਾਸਟਰ ਸਭਾ’ ਵਿੱਚ ਵਿਸ਼ਵ ਸ਼ਾਂਤੀ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ

ਮਹਿਲਾ ਸ਼ਸ਼ਕਤੀਕਰਨ ਜਿਹੇ ਵੱਖ-ਵੱਖ ਸਮਾਜਿਕ-ਆਰਥਿਕ ਮੁੱਦਿਆਂ ’ਤੇ ਕੀਤੀ ਵਿਚਾਰ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਡਰਾਂ ਵੱਲੋਂ ਵਿਸ਼ਵ ਪੱਧਰ ’ਤੇ ਸ਼ਾਂਤੀ ਅਤੇ ਅਮਨ ਕਾਨੂੰਨ ਬਣਾਈ ਰੱਖਣ ਵਿੱਚ ਨੌਜਵਾਨਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦੇਣ ਲਈ ਦੋ ਰੋਜ਼ਾ ‘ਆਦਰਸ਼ ਸੰਯੁਕਤ ਰਾਸ਼ਟਰ ਸਭਾ’ ਆਯੋਜਿਤ ਕੀਤੀ ਗਈ। ਜਿਸ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਦੇ 300 ਤੋਂ ਵੱਧ ਡੈਲੀਗੇਟ ਨੇ ਮਨੁੱਖੀ ਅਧਿਕਾਰਾਂ, ਆਪਸੀ ਕੂਟੀਨਤਿਕ ਸਬੰਧਾਂ, ਮਾਰੂ ਹਥਿਆਰਾਂ ਦੇ ਪਾਸਾਰ ’ਤੇ ਰੋਕ ਅਤੇ ਮਹਿਲਾ ਸ਼ਸ਼ਕਤੀਕਰਣ ਤੋਂ ਇਲਾਵਾ ਵੱਖ-ਵੱਖ ਸਮਾਜਿਕ-ਆਰਥਿਕ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਆਲਮੀ ਪੱਧਰ ’ਤੇ ਦੁਨੀਆਂ ਦੇ ਲਗਪਗ ਦੋ ਸੌ ਮੁਲਕਾਂ ਦੀ ਨੁਮਾਇੰਦਗੀ ਕਰ ਰਹੀ ਸੰਯੁਕਤ ਰਾਸ਼ਟਰ ਸਭਾ ਦੀ ਤਰਜ਼ ’ਤੇ ਆਯੋਜਿਤ ਕੀਤੀ ਗਈ ਇਸ ‘ਆਦਰਸ਼ ਸੰਯੁਕਤ ਰਾਸ਼ਟਰ ਸਭਾ-2017’ ਦੌਰਾਨ ਦੇਸ਼-ਵਿਦੇਸ਼ ਦੇ ਨੁਮਾਇੰਦਿਆਂ ਨੇ ਨੌਜਵਾਨ ਵਿਦਿਆਰਥੀਆਂ ਨੂੰ ਸਾਡੀਆਂ ਜੜ੍ਹ ਹੋ ਚੱੁਕੀਆਂ ਕੌਮਾਂਤਰੀ ਸੰਸਥਾਵਾਂ ਦੇ ਵਿਕਾਸ ਵਿੱਚ ਮੋਹਰੀ ਰੋਲ ਅਦਾ ਕਰਨ ਤੋਂ ਇਲਾਵਾ ਅੰਤਰਰਾਸ਼ਟਰੀ ਸਦਭਾਵਨਾ ਅਤੇ ਭਾਈਚਾਰਕ ਏਕਤਾ ਕਾਇਮ ਕਰਨ ਦਾ ਸੁਨੇਹਾ ਦਿੱਤਾ।
ਸੀਜੀਸੀ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਭਾਗ ਦੇ ਮੁਖੀ ਡਾ. ਰਮਨਦੀਪ ਕੌਰ ਸੈਣੀ ਨੇ ਦੱਸਿਆ ਕਿ ਇਸ ਤਹਿਤ ਸੰਯੁਕਤ ਰਾਸ਼ਟਰ ਦੀ ਕਾਰਜ ਪ੍ਰਣਾਲੀ ਵਿੱਚ ਹੋਰ ਉਸਾਰੂ ਸੁਧਾਰ ਲਿਆਉਣ ਅਤੇ ਕੌਮਾਂਤਰੀ ਪੱਧਰ ’ਤੇ ਸੰਯੁਕਤ ਰਾਸ਼ਟਰ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕਰਨ ਲਈ ‘ਮਾਰੂ ਹਥਿਆਰ ਸੁਰੱਖਿਆ ਕਮੇਟੀ, ਮਾਨਵ ਅਧਿਕਾਰ ਕਮੇਟੀ, ਸੁਰੱਖਿਆ ਪ੍ਰੀਸ਼ਦ ਅਤੇ ਸਮਾਜਿਕ-ਆਰਥਿਕ ਕਮੇਟੀ’ ਨਾਂ ਹੇਠ ਚਾਰ ਕਮੇਟੀਆਂ ਗਠਿਤ ਕੀਤੀਆਂ ਗਈਆਂ। ਇਸੇ ਤਰ੍ਹਾਂ ਰਾਜਨੀਤਿਕ ਪਹਿਲੂਆਂ ’ਤੇ ਗੱਲਬਾਤ ਕਰਨ ਲਈ ਆਲ ਇੰਡੀਆ ਰਾਜਨੀਤਕ ਦਲ ਕਮੇਟੀ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ, ਲਾਲੂ ਪ੍ਰਸਾਦ ਯਾਦਵ, ਰਾਹੁਲ ਗਾਂਧੀ, ਬਰਾਕ ਓਬਾਮਾ ਅਤੇ ਨਵਾਜ਼ ਸ਼ਰੀਫ਼ ਸਮੇਤ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਆਗੁੂਆਂ ਦੇ ਵਿਚਾਰਧਾਰਕ ਨਜ਼ਰੀਏ ਨੂੰ ਵਿਦਿਆਰਥੀਆਂ ਨੇ ਮੰਚ ’ਤੇ ਬਾਖ਼ੂਬੀ ਪੇਸ਼ ਕੀਤਾ। ਡਾ. ਸੈਣੀ ਦੱਸਿਆ ਕਿ ਇਸ ਅੰਤਰਰਾਸਟਰੀ ਕਾਨਫ਼ਰੰਸ ਦੌਰਾਨ ਜਾਤੀਵਾਦ ਆਧਾਰਿਤ ਰਾਜਨੀਤੀ ’ਤੇ ਰੋਕ, ਜਾਤੀ ਆਧਾਰਿਤ ਰਾਖਵਾਂਕਰਨ ਦੇ ਖ਼ਾਤਮੇ, ਸਮਾਜ ਅੰਦਰ ਅਪਾਹਜ ਲੋਕਾਂ ਲਈ ਸਤਿਕਾਰ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਦੀ ਵਕਾਲਤ ਕਰਨ ਤੋਂ ਇਲਾਵਾ ਕੌਮਾਂਤਰੀ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਸਬੰਧੀ ਉਪਾਵਾਂ ’ਤੇ ਚਰਚਾ ਕੀਤੀ ਗਈ।
ਇਸ ‘ਆਦਰਸ਼ ਸੰਯੁਕਤ ਰਾਸ਼ਟਰ ਸਭਾ-2017’ ਵਿੱਚ ਹਿੱਸਾ ਲੈਣ ਲਈ ਪੁੱਜੇ ਅਮਰੀਕੀ ਵਫ਼ਦ ਦੇ ਨੁਮਾਇੰਦਿਆਂ ਨੇ ਮਾਰੂ ਹਥਿਆਰਾਂ ਦੇ ਪਾਸਾਰ ਅਤੇ ਸੁਰੱਖਿਆ ਦੇ ਗੰਭੀਰ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਸਾਡੇ ਕੋਲ ਅਤਿਵਾਦੀ ਗਤੀਵਿਧੀਆਂ ਨਾਲ ਨਿਪਟਣ ਲਈ ਪ੍ਰਮਾਣੂ ਹਥਿਆਰ ਤਾਂ ਹਨ, ਪਰ ਅਤਿਵਾਦੀ ਗਤੀਵਿਧੀਆਂ ਦੀ ਹਮਾਇਤ ਕਰ ਰਹੇ ਦੇਸ਼ਾਂ ਨੂੰ ਮਾਨਵ ਭਲਾਈ ਦੇ ਉੱਚੇ ਆਦਰਸ਼ਾਂ ਲਈ ਆਪਣੇ ਹੱਥ ਪਿਛੇ ਖਿੱਚਣੇ ਚਾਹੀਦੇ ਹਨ ਕਿਉਂਕਿ ਅਜਿਹੀਆਂ ਗਤੀਵਿਧੀਆਂ ਮਾਨਵਤਾ ਦੇ ਵਿਕਾਸ ’ਚ ਰੋੜਾ ਬਣ ਰਹੀਆਂ ਹਨ। ਇਸ ਮੌਕੇ ਕੋਲੰਬੀਆ ਦੇ ਘਰੇਲੂ ਯੁੱਧ ਅਤੇ ਵਿਸ਼ਵ ਪੱਧਰ ’ਤੇ ਫ਼ੈਲ ਰਹੀ ਕੁਪੋਸ਼ਣ ਦੀ ਭਿਆਨਕ ਬੀਮਾਰੀ ਦੇ ਸਾਰਥਕ ਹੱਲ ਬਾਰੇ ਵੀ ਖੁੱਲ੍ਹ ਕੇ ਚਰਚਾ ਹੋਈ।
ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਦੌਰਾਨ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਿੱਥੇ ਦੇਸ਼-ਵਿਦੇਸ਼ ਦੇ 300 ਤੋਂ ਵੱਧ ਡੈਲੀਗੇਟ ਨਾਲ ਆਦਾਨ-ਪ੍ਰਦਾਨ ਦਾ ਮੌਕਾ ਮਿਲਿਆ ਉੱਥੇ ਉਨ੍ਹਾਂ ਨੂੰ ਵਿਸ਼ਵ ਦੇ ਭਖਦੇ ਮੁੱਦਿਆਂ ਨੂੰ ਸਮਝਣ ਦਾ ਨਵਾਂ ਕੌਮਾਂਤਰੀ ਨਜ਼ਰੀਆ ਮਿਲਿਆ ਹੈ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਜਗਤਾਰ ਸਿੰਘ ਖੱਟੜਾ ਸਮੇਤ ਦੇਸ਼-ਵਿਦੇਸ਼ ਤੋਂ ਪਹੁੰਚੇ ਡੈਲੀਗੇਟਸ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…