Nabaz-e-punjab.com

ਪੇਂਡੂ ਖੇਤਰਾਂ ਦੇ ਸਰਕਾਰੀ ਹਸਪਤਾਲ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ: ਸਿੱਧੂ

ਮੁਹਾਲੀ ਹਲਕੇ ਦੀਆਂ ਲਿੰਕ ਸੜਕਾਂ ਦੀ ਹਾਲਤ ਸੁਧਾਰਨ ਦਾ ਦਿੱਤਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਪੰਜਾਬ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੇਂਡੂ ਖੇਤਰ ਦੇ ਹਸਪਤਾਲਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਇਹ ਭਰੋਸਾ ਉਨ੍ਹਾਂ ਇੱਥੇ ਅੱਜ ਪਿੰਡ ਚਡਿਆਲਾ ਸੂਦਾਂ, ਪੱਤੜਾਂ, ਭਾਰਤਪੁਰ, ਸੋਏਮਾਜਰਾ ਅਤੇ ਗਿੱਦੜਪੁਰ ਦੀਆਂ ਪੰਚਾਇਤਾਂ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਦਿੱਤਾ। ਇਹ ਵਫ਼ਦ ਆਪਣੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸ੍ਰੀ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਦੀ ਅਗਵਾਈ ਵਿੱਚ ਸਿਹਤ ਮੰਤਰੀ ਨੂੰ ਮਿਲਿਆ।
ਇਸ ਮੌਕੇ ਪੰਚਾਇਤਾਂ ਨੇ ਜਿੱਥੇ ਸ੍ਰੀ ਸਿੱਧੂ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ, ਉਥੇ ਮੰਗ ਕੀਤੀ ਕਿ ਪਿੰਡ ਚਡਿਆਲਾ ਸੂਦਾਂ ਦਾ ਹਸਪਤਾਲ, ਜੋ ਕਈ ਪਿੰਡਾਂ ਨੂੰ ਲੱਗਦਾ ਹੈ, ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇ ਅਤੇ ਭਾਗੋਮਾਜਰਾ ਤੋਂ ਮੌਜਪੁਰ, ਭਾਰਤਪੁਰ, ਚਡਿਆਲਾ ਸੂਦਾਂ ਤੋਂ ਪੱਤੜਾਂ ਨੂੰ ਜੋੜਦੀ ਸੜਕ ਦੀ ਹਾਲਤ ਸੁਧਾਰੀ ਜਾਵੇ। ਇਸ ਤੋਂ ਇਲਾਵਾ ਪੰਚਾਇਤਾਂ ਨੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ਦੀ ਵੀ ਮੰਗ ਕੀਤੀ, ਜਿਸ ’ਤੇ ਸਿਹਤ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੇਣ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਚਡਿਆਲਾ ਸੂਦਾਂ ਦੇ ਹਸਪਤਾਲ ਵਿੱਚ ਲੋੜੀਂਦੀਆਂ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਲੋੜਵੰਦਾਂ ਨੂੰ ਸਿਹਤ ਸੇਵਾਵਾਂ ਮਿਲਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਭਾਗੋਮਾਜਰਾ ਤੋਂ ਮੌਜਪੁਰ, ਭਾਰਤਪੁਰ, ਚਡਿਆਲਾ ਸੂਦਾਂ ਤੋਂ ਪੱਤੜਾਂ ਨੂੰ ਜੋੜਦੀ ਸੜਕ ਦੀ ਹਾਲਤ ਵੀ ਜਲਦੀ ਸੁਧਾਰਨ ਦਾ ਯਕੀਨ ਦਿਵਾਇਆ।
ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਇਨ੍ਹਾਂ ਪਿੰਡਾਂ ਨਾਲ 1993 ਤੋਂ ਵਾਹ ਹੈ ਅਤੇ ਇਨ੍ਹਾਂ ਪਿੰਡਾਂ ਦੇ ਲੋਕ ਸ਼ੁਰੂ ਤੋਂ ਉਨ੍ਹਾਂ ਨਾਲ ਖੜ੍ਹਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਗਰਾਂਟਾਂ ਦੇ ਗੱਫੇ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸ. ਸਿੱਧੂ ਵੱਲੋਂ ਖਰੜ ਤੋਂ ਚੋਣ ਲੜਨ ਸਮੇਂ ਜਿੱਥੇ ਇਨ੍ਹਾਂ ਪਿੰਡਾਂ ਨੇ ਸ. ਸਿੱਧੂ ਦਾ ਪੁਰਜ਼ੋਰ ਸਮਰਥਨ ਕੀਤਾ ਸੀ, ਉਥੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਹੋਈ ਸ੍ਰੀ ਮਨੀਸ਼ ਤਿਵਾੜੀ ਦੀ ਜਿੱਤ ਵਿੱਚ ਵੀ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਅਹਿਮ ਭੁਮਿਕਾ ਨਿਭਾਈ। ਸਿਹਤ ਮੰਤਰੀ ਨੂੰ ਮਿਲੇ ਵਫ਼ਦ ਵਿੱਚ ਰੀਟਾ ਰਾਣੀ ਸਰਪੰਚ ਚਡਿਆਲਾ ਸੂਦਾਂ, ਕੁਲਦੀਪ ਸਿੰਘ ਸਰਪੰਚ ਪੱਤੜਾਂ, ਜਸਵਿੰਦਰ ਸਿੰਘ ਭੱਪਾ ਸਰਪੰਚ ਗਿੱਦੜਪੁਰ, ਹਰਮੇਸ਼ ਸਿੰਘ ਸਰਪੰਚ ਭਾਰਤਪੁਰ, ਗੁਰਪ੍ਰਤਾਪ ਸਿੰਘ ਸਰਪੰਚ ਸੋਏਮਾਜਰਾ, ਜਗਤਾਰ ਸਿੰਘ ਪੰਚ ਚਡਿਆਲਾ ਸੂਦਾਂ, ਹਰਨੈਬ ਸਿੰਘ ਸਾਬਕਾ ਸਰਪੰਚ ਪੱਤੜਾਂ ਅਤੇ ਮੰਤਰੀ ਸਿੰਘ ਸਮੇਤ ਹੋਰ ਵੀ ਪੰਚਾਇਤ ਮੈਂਬਰ ਮੌਜੂਦ ਸਨ।

Load More Related Articles
Load More By Nabaz-e-Punjab
Load More In Government

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …