nabaz-e-punjab.com

ਕਿੱਥੇ ਗਈ ਦਰਖਤਾਂ ਦੀ ਕਟਾਈ ਤੇ ਛੰਗਾਈ ਲਈ ਜਰਮਨੀ ਤੋਂ ਖਰੀਦੀ ਅਤਿ ਆਧੁਨਿਕ ਮਸ਼ੀਨ?

ਸਥਾਨਕ ਸਰਕਾਰ ਵਿਭਾਗ ਦੇ ਅੰਦਰੂਨੀ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਬੇਨਿਯਮੀਆਂ ਸਬੰਧੀ ਮਾਮਲੇ ਦੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਾਰਕਾਂ ਅਤੇ ਸੜਕਾਂ ਦੇ ਕਿਨਾਰੇ ਰੁੱਖਾਂ ਦੀ ਕਟਾਈ ਅਤੇ ਛੰਗਾਈ ਕਰਨ ਲਈ ਮੁਹਾਲੀ ਨਗਰ ਨਿਗਮ ਵੱਲੋਂ ਦਿੱਲੀ ਦੀ ਇੱਕ ਨਾਮੀ ਕੰਪਨੀ ਕਾਸਮਿਕ ਹੀਲਰ ਪ੍ਰਾਈਵੇਟ ਲਿਮਟਿਡ ਰਾਹੀਂ ਜਰਮਨੀ ਤੋਂ ਖਰੀਦੀ ਜਾਣ ਵਾਲੀ ਅਤਿ ਆਧੁਨਿਕ ਮਸ਼ੀਨ ਦੇ ਮਾਮਲੇ ਵਿੱਚ ਸਥਾਨਕ ਸਰਕਾਰ ਵਿਭਾਗ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਹੁਣ ਸਮਾਜ ਸੇਵੀ ਆਗੂ ਤੇ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਨਿਗਮ ਤੋਂ ਸੂਚਨਾ ਦੇ ਅਧਿਕਾਰ ਤਹਿਤ ਵਿਸਥਾਰ ਜਾਣਕਾਰੀ ਮੰਗ ਕੇ ਅਧਿਕਾਰੀਆਂ ਦੀ ਨੀਂਦ ਉੱਡਾ ਦਿੱਤੀ ਹੈ।
ਸ੍ਰੀ ਬੇਦੀ ਨੇ ਮੰਗੀ ਜਾਣਕਾਰੀ ਵਿੱਚ ਪੁੱਛਿਆ ਹੈ ਕਿ ਇਹ ਦੱਸਿਆ ਜਾਵੇ ਕਿ ਫਰਵਰੀ 2016 ਵਿੱਚ ਹਾਊਸ ਦੀ ਮੀਟਿੰਗ ਵਿੱਚ ਮਤਾ ਪਾਸ ਕਰਨ ਤੋਂ ਬਾਅਦ ਇਸ ਮਸ਼ੀਨ ਦੀ ਖ਼ਰੀਦ ਸਬੰਧੀ ਸਥਾਨਕ ਸਰਕਾਰ ਵਿਭਾਗ ਦੀ ਮਨਜ਼ੂਰੀ ਕਦੋਂ ਹਾਸਿਲ ਹੋਈ ਸੀ। ਇਸ ਮਸ਼ੀਨ ਦੀ ਖ਼ਰੀਦ ਦਾ ਠੇਕਾ ਕਿਸ ਕੰਪਨੀ ਨੂੰ ਅਤੇ ਕਦੋਂ ਦਿੱਤਾ ਗਿਆ, ਉਕਤ ਕੰਪਨੀ ਨੂੰ ਦਿੱਤੇ ਗਏ ਐਡਵਾਂਸ ਦੀ ਰਕਮ ਕਿੰਨੀ ਸੀ ਅਤੇ ਇਹ ਕਿਸਦੇ ਹੁਕਮਾਂ ’ਤੇ ਦਿੱਤੀ ਗਈ। ਉਨ੍ਹਾਂ ਇਸ ਸਬੰਧੀ ਕੰਪਨੀ ਨਾਲ ਹੋਏ ਐਗਰੀਮੈਂਟ ਦੀ ਕਾਪੀ ਵੀ ਮੰਗੀ ਹੈ।
ਸ੍ਰੀ ਬੇਦੀ ਨੇ ਪੁੱਛਿਆ ਹੈ ਕਿ ਇੱਕ ਵਾਰ ਐਡਵਾਂਸ ਦਿੱਤੇ ਜਾਣ ਤੋਂ ਬਾਅਦ ਇਸ ਕੰਪਨੀ ਨਾਲ ਮਸ਼ੀਨ ਦੀ ਡਲਿਵਰੀ ਸਬੰਧੀ ਕਿੰਨੀ ਸਮਾਂ ਸੀਮਾ ਤੈਅ ਕੀਤੀ ਗਈ ਸੀ ਅਤੇ ਕੀ ਕੰਪਨੀ ਵੱਲੋਂ ਨਿਗਮ ਨੂੰ ਵਿਦੇਸ਼ ਜਾ ਕੇ ਮਸ਼ੀਨ ਦਾ ਨਿਰੀਖਣ ਕਰਨ ਸਬੰਧੀ ਕੋਈ ਪ੍ਰਸਤਾਵ ਦਿੱਤਾ ਗਿਆ ਸੀ। ਕੀ ਇਸ ਮਸ਼ੀਨ ਦੇ ਕੰਮ ਕਰਨ ਬਾਰੇ ਨਿਗਮ ਦੇ ਕਿਸੇ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਸ ਦਾ ਡੈਮੋ ਦੇਖਿਆ ਗਿਆ ਸੀ ਅਤੇ ਜੇਕਰ ਦੇਖਿਆ ਗਿਆ ਸੀ ਤਾਂ ਉਹ ਕਿਸ ਅਧਿਕਾਰੀ (ਅਹੁਦਾ ਤੇ ਨਾਮ) ਨੇ ਦੇਖਿਆ ਸੀ। ਉਨ੍ਹਾਂ ਪੁੱਛਿਆ ਹੈ ਕਿ ਇਸ ਮਸ਼ੀਨ ਦਾ ਮੌਜੂਦਾ ਸਟੇਟਸ ਕੀ ਹੈ ਅਤੇ ਇਹ ਨਿਗਮ ਨੂੰ ਕਦੋਂ ਹਾਸਲ ਹੋਵੇਗੀ। ਕੀ ਇਹ ਮਸ਼ੀਨ ਨਿਗਮ ਨੂੰ ਮਿਲ ਗਈ ਹੈ ਅਤੇ ਜੇਕਰ ਹੁਣ ਤੱਕ ਨਹੀਂ ਮਿਲੀ ਤਾਂ ਨਿਗਮ ਵੱਲੋਂ ਇਸ ਸਬੰਧੀ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ। ਕੀ ਕੰਪਨੀ ਨੂੰ ਕੋਈ ਨੋਟਿਸ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਪੁੱਛਿਆ ਹੈ ਕਿ ਮਸ਼ੀਨ ਦੀ ਖ਼ਰੀਦ ਦੇ ਇਸ ਪੁਰੇ ਅਮਲ ਦੀ ਜ਼ਿੰਮੇਵਾਰੀ ਕਿਸ ਅਧਿਕਾਰੀ ਦੀ ਬਣਦੀ ਹੈ।
ਜਾਣਕਾਰੀ ਅਨੁਸਾਰ ਫਰਵਰੀ 2016 ਵਿੱਚ ਹਾਊਸ ਵੱਲੋਂ ਪੌਣੇ ਦੋ ਕਰੋੜ ਰੁਪਏ ਦੀ ਕੀਮਤ ਵਾਲੀ ਇਹ ਅਤਿ ਆਧੁਨਿਕ ਮਸ਼ੀਨ ਖ਼ਰੀਦਣ ਬਾਰੇ ਮਤਾ ਪਾਸ ਕੀਤਾ ਗਿਆ ਸੀ । ਇਸ ਤੋਂ ਬਾਅਦ ਨਗਰ ਨਿਗਮ ਵੱਲੋਂ ਇਸ ਕੰਪਨੀ ਦਾ ਠੇਕਾ ਦਿੱਲੀ ਦੀ ਇੱਕ ਕੰਪਨੀ ਨੂੰ ਦਿੰਦਿਆਂ ਨਿਗਮ ਅਧਿਕਾਰੀਆਂ ਵੱਲੋਂ ਉਸ ਕੰਪਨੀ ਨੂੰ 90 ਲੱਖ ਰੁਪਏ ਐਡਵਾਂਸ ਵਿੱਚ ਭੁਗਤਾਨ ਕਰ ਦਿੱਤੇ ਗਏ ਸੀ। ਇਸ ਸਬੰਧੀ ਛੇ ਕੁ ਮਹੀਨੇ ਪਹਿਲਾਂ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਵੱਲੋਂ ਹਾਊਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਮਸ਼ੀਨ ਵਿਦੇਸ਼ ਤੋਂ ਆ ਗਈ ਹੈ ਅਤੇ ਇਹ ਬੰਦਰਗਾਹ ’ਤੇ ਪਹੁੰਚ ਚੁੱਕੀ ਹੈ ਜਿਹੜੀ ਅਗਲੇ ਮਹੀਨੇ ਤੱਕ ਨਗਰ ਨਿਗਮ ਨੂੰ ਮਿਲ ਜਾਵੇਗੀ। ਉਨ੍ਹਾਂ ਕਿਹਾ ਸੀ ਕਿ ਇਸ ਮਸ਼ੀਨ ਦੇ ਆਉਣ ਤੋਂ ਬਾਅਦ ਸ਼ਹਿਰ ਵਿੱਚ ਬਹੁਤ ਜ਼ਿਆਦਾ ਉੱਚੇ ਹੋ ਚੁੱਕੇ ਦਰਖਤਾਂ ਦੀ ਕਟਾਈ ਅਤੇ ਛੰਗਾਈ ਦਾ ਕੰਮ ਸੁਰੱਖਿਅਤ ਤਰੀਕੇ ਨਾਲ ਸੰਭਵ ਹੋ ਸਕੇਗਾ, ਪ੍ਰੰਤੂ ਇਹ ਮਸ਼ੀਨ ਹੁਣ ਤੱਕ ਨਗਰ ਨਿਗਮ ਨੂੰ ਹਾਸਲ ਨਹੀਂ ਹੋਈ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਇਸ ਮਸ਼ੀਨ ਦੀ ਖ਼ਰੀਦ ਦੇ ਇਸ ਪੂਰੇ ਅਮਲ ਵਿੱਚ ਕੀ ਕੀ ਬੇਨਿਯਮੀਆਂ ਹੋਈਆਂ ਇਸ ਦੀ ਜਾਂਚ ਸਥਾਨਕ ਸਰਕਾਰ ਵਿਭਾਗ ਦੇ ਅੰਦਰੂਨੀ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਇਹ ਸ਼ੱਕ ਉੱਠਣਾ ਲਾਜ਼ਮੀ ਹੈ ਕਿ ਇਸ ਮਸ਼ੀਨ ਦੀ ਖ਼ਰੀਦ ਦੇ ਅਮਲ ਵਿੱਚ ਘਪਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਸਚਾਈ ਸ਼ਹਿਰ ਵਾਸੀਆਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਕਿਉਂਕਿ ਇਹ ਮਸ਼ੀਨ ਸ਼ਹਿਰ ਵਾਸੀਆਂ ਤੋਂ ਇਕੱਤਰ ਕੀਤੇ ਜਾਂਦੇ ਟੈਕਸਾਂ ਦੀ ਰਕਮ ਨਾਲ ਹੀ ਖਰੀਦੀ ਜਾ ਰਹੀ ਸੀ ਅਤੇ ਸ਼ਹਿਰ ਵਾਸੀਆਂ ਨੂੰ ਇਸ ਸਬੰਧੀ ਮੁਕੰਮਲ ਜਾਣਕਾਰੀ ਦੇਣ ਲਈ ਹੀ ਉਨ੍ਹਾਂ ਵੱਲੋਂ ਨਗਰ ਨਿਗਮ ਤੋਂ ਇਹ ਜਾਣਕਾਰੀ ਮੰਗੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…