ਪੈਟਰੋਲ ਤੇ ਡੀਜ਼ਲ ਮਹਿੰਗਾ ਕਰਕੇ ਮੋਦੀ ਸਰਕਾਰ ਨੇ ਲੋਕਾਂ ਦਾ ਲੱਕ ਤੋੜਿਆ: ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤ ਨਹੀਂ ਸੀ ਵਧਾਈ ਗਈ ਅਤੇ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਅਤੇ ਲੜੀਵਾਰ ਜੰਗ ਦੌਰਾਨ ਵੀ ਭਾਰਤ ਵਿੱਚ ਪੈਟਰੋਲ ਦੇ ਰੇਟ ਨਹੀਂ ਵਧੇ ਕਿਉਂਕਿ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਲੋਕਾਂ ਨੇ ਪੰਜ’ਚੋਂ ਚਾਰ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਬਣਾ ਦਿੱਤੀ ਹੈ ਤਾਂ ਮੁੜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਵਧ ਰਹੀਆਂ ਹਨ। ਪਿਛਲੇ 10 ਦਿਨਾਂ ਵਿੱਚ ਹੁਣ ਤੱਕ 9 ਵਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲਗਪਗ ਛੇ ਰੁਪਏ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧ ਚੁੱਕੀ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਕਰੋਨਾ ਸਮੇਂ ਵਿੱਚ ਕਰੂਡ ਆਇਲ ਦਾ ਪ੍ਰਤੀ ਬੈਰਲ ਦਾ ਰੇਟ 20 ਡਾਲਰ ਸੀ ਤਾਂ ਵੀ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਨਹੀਂ ਘਟਾਏ ਸਗੋਂ ਡੀਜ਼ਲ ਉੱਤੇ ਲੱਗਦਾ ਕੇਂਦਰੀ ਟੈਕਸ ਵਧਾ ਕੇ 34 ਰੁਪਏ ਕਰ ਦਿੱਤਾ। ਉਨ੍ਹਾਂ ਕਿਹਾ ਕਿ 2014 ਵਿੱਚ ਜਦੋਂ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਪ੍ਰਤੀ ਬੈਰਲ ਕਰੂਡ ਆਇਲ ਦਾ ਰੇਟ 150 ਡਾਲਰ ਤੋਂ ਵੀ ਵੱਧ ਹੋ ਗਿਆ ਸੀ ਤਾਂ ਵੀ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਨਹੀਂ ਸੀ ਵਧਣ ਦਿੱਤੇ ਅਤੇ ਹੁਣ ਜਦੋਂਕਿ ਪ੍ਰਤੀ ਬੈਰਲ ਰੇਟ ਕਿਤੇ ਘੱਟ ਹਨ ਤਾਂ ਵੀ ਲੋਕਾਂ ਨੂੰ 100 ਰੁਪਏ ਤੋਂ ਵੱਧ ਪ੍ਰਤੀ ਲੀਟਰ ਪੈਟਰੋਲ ਦੇ ਦੇਣੇ ਪੈ ਰਹੇ ਹਨ।
ਉਨ੍ਹਾਂ ਕਿਹਾ ਕਿ 2014 ਵਿੱਚ ਪੈਟਰੋਲ ਡੀਜ਼ਲ ਰਸੋਈ ਗੈਸ ਦੀਆਂ ਕੀਮਤਾਂ ਨੂੰ ਘੱਟ ਕਰਨ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਭਾਜਪਾ ਸਰਕਾਰ ਨੇ ਲੋਕਾਂ ਨਾਲ ਲਗਾਤਾਰ ਧੋਖਾ ਹੀ ਕੀਤਾ ਹੈ ਅਤੇ ਰਾਸ਼ਟਰਵਾਦ ਦੀ ਆੜ ਅਤੇ ਸੰਪਰਦਾਇਕਤਾ ਫੈਲਾ ਕੇ ਇਹ ਪਾਰਟੀ ਮੁੜ ਸੱਤਾ ਵਿੱਚ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਕੇਂਦਰ ਸਰਕਾਰ ਮਹਿੰਗਾਈ ਵਧਾ ਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ ਅਤੇ ਹੁਣ ਭਾਜਪਾ ਨੂੰ ਵੱਖ-ਵੱਖ ਰਾਜਾਂ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਝਟਕਾ ਦੇਣਾ ਬਹੁਤ ਜ਼ਰੂਰੀ ਹੈ ਤਾਂ ਹੀ ਮਹਿੰਗਾਈ ਨੂੰ ਠੱਲ੍ਹ ਪੈ ਸਕੇਗੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …