Nabaz-e-punjab.com

ਕੇਂਦਰ ਸਰਕਾਰ ਨੇ ਘਰੇਲੂ ਗੈਸ ’ਤੇ ਸਬਸਿਡੀ ਖ਼ਤਮ ਕਰਕੇ ਲੋਕਾਂ ਨਾਲ ਧੋਖਾ ਕੀਤਾ: ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕੇਂਦਰ ਸਰਕਾਰ ਉਤੇ ਗੈਸ ਸਬਸਿਡੀ ਖਤਮ ਕਰਕੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਕੇਸ਼ ਚੰਦ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨ ਤੇ ਗਰੀਬ ਵਿਰੋਧੀ ਦੱਸਦਿਆਂ ਕਿਹਾ ਕਿ ਪਹਿਲਾਂ ਜਦੋਂ ਗੈਸ ਸਿਲੰਡਰ ਦੀ ਕੀਮਤ 800 ਰੁਪਏ ਤੋਂ ਵੱਧ ਪਹੁੰਚਦੀ ਸੀ ਤਾਂ ਲੋਕਾਂ ਦੇ ਖਾਤਿਆਂ ਵਿੱਚ 250 ਤੋਂ 300 ਰੁਪਏ ਤੱਕ ਸਬਸਿਡੀ ਵਜੋਂ ਵਾਪਸ ਆਉਂਦੇ ਸਨ, ਪਰ ਹੁਣ ਪਿਛਲੇ ਲਗਭਗ ਇਕ ਸਾਲ ਤੋਂ 8 ਤੋਂ 10 ਰੁਪਏ ਹੀ ਸਬਸਿਡੀ ਵਜੋਂ ਆ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਬੰਦ ਹੋਣ ਵਾਲੀ ਹੈ ਜਦੋਂਕਿ ਇਸ ਦੇ ਉਲਟ ਆਏ ਦਿਨ ਘਰੇਲੂ ਗੈਸ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਗਰੀਬ ਲੋਕਾਂ ਦੇ ਚੁੱਲ੍ਹੇ ਠੰਢੇ ਹੋਣ ਦੀ ਨੌਬਤ ਆ ਗਈ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਹੌਲੀ-ਹੌਲੀ ਕਰਕੇ ਗੈਸ ਸਬਸਿਡੀ ਖਤਮ ਕਰਦੀ ਜਾ ਰਹੀ ਹੈ, ਜਿਸ ਨਾਲ ਗਰੀਬ ਲੋਕਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਜਵਲਾ ਯੋਜਨਾ ਤਹਿਤ ਗਰੀਬਾਂ ਨੂੰ ਗੈਸ ਸਿਲੰਡਰ ਵੰਡਣ ਦੇ ਦਮਗਜੇ ਮਾਰਨ ਵਾਲੇ ਭਾਜਪਾ ਆਗੂ ਹੁਣ ਮੂਕ ਦਰਸ਼ਕ ਬਣ ਕੇ ਬੈਠੇ ਹਨ ਅਤੇ ਗੈਸ ਮਹਿੰਗੀ ਹੋਣ ਕਾਰਨ ਗਰੀਬ ਲੋਕਾਂ ਨੇ ਉਜਵਲਾ ਸਿਲੰਡਰ ਦੁਬਾਰਾ ਰਿਫਿਲ ਹੀ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਬੇਸ਼ੱਕ ਅੰਤਰਰਾਸ਼ਟਰੀ ਪੱਧਰ ਉੱਤੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਸਨ, ਪਰ ਇਸ ਸਭ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਗੈਸ ਸਬਸਿਡੀ ਕਦੇ ਨਹੀਂ ਸੀ ਘਟਾਈ। ਪਰ ਅਜੋਕੇ ਸਮੇਂ ਵਿੱਚ ਭਾਜਪਾ ਸਰਕਾਰ ਗਰੀਬ, ਕਿਰਸਾਨ ਤੇ ਮਜ਼ਦੂਰਾਂ ਦੀ ਗੱਲ ਸੁਣਨ ਦੀ ਬਜਾਇ ਵੱਡੇ ਪੂੰਜੀਪਤੀਆਂ ਅਤੇ ਉਦਯੋਗਿਕ ਘਰਾਣਿਆਂ ਦੀ ਪੁਸ਼ਤਪਨਾਹੀ ਕਰਨ ’ਤੇ ਲੱਗੀ ਹੋਈ। ਉਨ੍ਹਾਂ ਮੰਗ ਕੀਤੀ ਕਿ ਗੈਸ ਸਬਸਿਡੀ ਦੁਬਾਰਾ ਬਹਾਲ ਕੀਤੀ ਜਾਵੇ ਅਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਘੱਟ ਕੀਤੀਆਂ ਜਾਣ।

Load More Related Articles
Load More By Nabaz-e-Punjab
Load More In Business

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…