nabaz-e-punjab.com

ਨਸ਼ਿਆਂ ਦਾ ਕਹਿਰ: ਮੋਗਾ ਦੇ ਸਾਬਕਾ ਐਸਐਸਪੀ ਰਾਜਜੀਤ ਉੱਤੇ ਮੰਡਰਾਉਣ ਲੱਗੇ ਸੰਕਟ ਦੇ ਬੱਦਲ

ਅਕਾਲੀ ਭਾਜਪਾ ਸਰਕਾਰ ਵੇਲੇ ਵੀ ਖੂਬ ਚਰਚਾ ’ਚ ਰਿਹਾ ਹੈ ਰਾਜਜੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਜੁਲਾਈ:
ਪੰਜਾਬ ਪੁਲੀਸ ਦੇ ਵਿਵਾਦਤ ਪੁਲੀਸ ਅਫ਼ਸਰ ਤੇ ਮੋਗੇ ਦੇ ਸਾਬਕਾ ਐਸਐਸਪੀ ਰਾਜਜੀਤ ਸਿੰਘ ਉਪਰ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਰਾਜ ਦੇ ਗ੍ਰਹਿ ਵਿਭਾਗ ਨੇ ਇਸ ਪੁਲੀਸ ਅਧਿਕਾਰੀ ਦਾ ਰਿਕਾਰਡ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਰਾਜਜੀਤ ਸਿੰਘ ਨਾਲ ਸਬੰਧਤ ਸਬੂਤ ਅਤੇ ਜਾਣਕਾਰੀ ਗ੍ਰਹਿ ਵਿਭਾਗ ਨਾਲ ਸਾਂਝੀ ਕੀਤੀ ਜਾਵੇ। ਮੁੱਖ ਮੰਤਰੀ ਨੇ ਸੋਮਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਆਪਣੇ ਸਾਥੀ ਮੰਤਰੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਰਾਜਜੀਤ ਸਿੰਘ ਅਤੇ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੂੰ ਧਾਰਾ 311 ਦੀ ਵਰਤੋਂ ਕਰਕੇ ਬਰਖ਼ਾਸਤ ਕੀਤਾ ਜਾਵੇਗਾ।
ਡੀਐਸਪੀ ਢਿੱਲੋਂ ਅਤੇ ਇੱਕ ਹੌਲਦਾਰ ਨੂੰ ਤਾਂ ਸੋਮਵਾਰ ਦੇਰ ਸ਼ਾਮ ਹੀ ਬਰਖਾਸਤ ਕਰ ਦਿੱਤਾ ਸੀ ਜਦੋਂ ਕਿ ਮੋਗੇ ਦੇ ਸਾਬਕਾ ਐਸ.ਐਸ.ਪੀ. ਖਿਲਾਫ਼ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ ਉਸ ਦਾ ਮਹਿਜ਼ ਤਬਾਦਲਾ ਕੀਤਾ ਗਿਆ ਸੀ। ਉੱਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਰਾਜਜੀਤ ਸਿੰਘ ਦੇ ਖਿਲਾਫ਼ ਵੀ ਧਾਰਾ 311 ਦੀ ਵਰਤੋਂ ਕਰਦਿਆਂ ਬਰਖਾਸਤਗੀ ਵਰਗੀ ਕਾਰਵਾਈ ਸੰਭਵ ਜਾਪਦੀ ਹੈ। ਉਧਰ ਦੋ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਸਾਬਕਾ ਐਸਐਸਪੀ ਦੇ ਬਚਾਅ ਲਈ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਇੰਗਲੈਂਡ ਦੇ ਦੋ ਚਰਚਿਤ ਪਰਵਾਸੀ ਭਾਰਤੀਆਂ ਵੱਲੋਂ ਵੀ ਪੁਲੀਸ ਅਧਿਕਾਰੀਆਂ ਦੇ ਤਾਜ਼ਾ ਸੰਕਟ ਵਿੱਚ ਬਚਾਅ ਲਈ ਭੂਮਿਕਾ ਨਿਭਾਏ ਜਾਣ ਦੀ ਚਰਚਾ ਹੈ।
ਰਾਜਜੀਤ ਸਿੰਘ ਭਾਵੇਂ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ ਪਰ ਲੰਘੇ ਸਾਲ ਪੁਲੀਸ ਦੇ ਇੱਕ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਨੇ ਗੰਭੀਰ ਰੁਖ਼ ਅਖਤਿਆਰ ਕਰ ਲਿਆ ਪਰ ਕੈਪਟਨ ਸਰਕਾਰ ਨੇ ਇਸ ਪੁਲੀਸ ਅਫ਼ਸਰ ਖਿਲਾਫ਼ ਕਾਰਵਾਈ ਦਾ ਹੌਸਲਾ ਨਹੀਂ ਕੀਤਾ। ਵਿਸ਼ੇਸ਼ ਟਾਸਕ ਫੋਰਸ ਵੱਲੋਂ ਇੰਸਪੈਕਟਰ (ਬਰਖਾਸਤ) ਇੰਦਰਜੀਤ ਸਿੰਘ ਦੇ ਬਿਆਨਾਂ ਅਤੇ ਤਫ਼ਤੀਸ਼ ਦੇ ਆਧਾਰ ‘ਤੇ ਸਾਰਾ ਰਿਕਾਰਡ ਇਕੱਠਾ ਕਰ ਲਿਆ ਸੀ। ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ‘ਤੇ ਡੀਜੀਪੀ ਰੈਂਕ ਦੇ ਅਧਿਕਾਰੀ ਸਿਧਾਰਥ ਚਟੌਪਾਧਿਆਏ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਵੀ ਰਾਜਜੀਤ ਦੇ ਖਿਲਾਫ਼ ਪੁਖਤਾ ਸਬੂਤ ਹੋਣ ਦਾ ਦਾਅਵਾ ਕੀਤਾ ਸੀ। ਐਸ.ਆਈ.ਟੀ. ਦੇ ਮੁਖੀ ਨੇ ਤਾਂ ਡੀਜੀਪੀ ਸੁਰੇਸ਼ ਅਰੋੜਾ ਅਤੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਉਪਰ ਰਾਜਜੀਤ ਸਿੰਘ ਦੀ ਮਦਦ ਕਰਨ ਦੇ ਦੋਸ਼ ਵੀ ਲਾਏ ਸਨ। ਪਿਛਲੇ ਦਿਨਾਂ ਦੌਰਾਨ ਹੀ ਇੱਕ ਟੀਵੀ ਚੈਨਲ ‘ਤੇ ਇਸ ਵਿਵਾਦਤ ਪੁਲੀਸ ਅਧਿਕਾਰੀ ਵੱਲੋਂ ਬਣਾਈਆਂ ਜਾਇਦਾਦਾਂ ਦੇ ਵੇਰਵੇ ਵੀ ਨਸ਼ਰ ਕੀਤੇ ਸਨ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਐਸ.ਟੀ.ਐਫ. ਨੇ ਰਾਜਜੀਤ ਸਿੰਘ ਦੇ ਖਿਲਾਫ਼ ਪਹਿਲਾਂ ਹੀ ਠੋਸ ਸਬੂਤ ਇਕੱਤਰ ਕੀਤੇ ਹੋਏ ਹਨ। ਇਸ ਪੁਲੀਸ ਅਫ਼ਸਰ ਦੇ ਖਿਲਾਫ਼ ਛੇ ਕੁ ਮਹੀਨੇ ਪਹਿਲਾਂ ਕਾਰਵਾਈ ਹੋਣ ਦੇ ਆਸਾਰ ਸਨ ਪਰ ਇੱਕ ਸੀਨੀਅਰ ਪੁਲੀਸ ਅਧਿਕਾਰੀ ਦੀ ਸ਼ਹਿ ‘ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੇ ਖਿਲਾਫ਼ ਪਟੀਸ਼ਨ ਦਾਇਰ ਹੋਣ ਕਾਰਨ ਸਾਰਾ ਮਾਮਲਾ ਲਮਕ ਗਿਆ ਸੀ। ਅਧਿਕਾਰੀਆਂ ਦਾ ਦੱਸਣਾ ਹੈ ਕਿ ਨਸ਼ਿਆਂ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਦੇ ਮਾਮਲਿਆਂ ਨੇ ਸਰਕਾਰ ਨੂੰ ਪੁਲੀਸ ਅਫ਼ਸਰਾਂ ਖਿਲਾਫ਼ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਦੱਸਣਾ ਹੈ ਕਿ ਸੂਬੇ ਵਿੱਚ ਨਸ਼ਿਆਂ ਦੇ ਕਹਿਰ ਦੀ ਤਾਜ਼ਾ ਹਾਲਤ ਅਤੇ ਪੁਲੀਸ ਦੀ ਕਾਰਗੁਜ਼ਾਰੀ ਤੋਂ ਮੁੱਖ ਮੰਤਰੀ ਬਹੁਤ ਪ੍ਰੇਸ਼ਾਨ ਹਨ।
ਉਧਰ, ਮੋਗਾ ਦੇ ਨਵੇਂ ਐਸਐਸਪੀ ਕੰਵਲਜੀਤ ਸਿੰਘ ਢਿੱਲੋਂ ਦੀ ਤਾਇਨਾਤੀ ਸਬੰਧੀ ਵਿਵਾਦ ਜਾਰੀ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਆਉਂਦੇ ਦੋ ਕੁ ਦਿਨਾਂ ਦੇ ਅੰਦਰ ਢਿੱਲੋਂ ਦੇ ਭਵਿੱਖ ਸਬੰਧੀ ਫੈਸਲਾ ਲੈਣ ਬਾਰੇ ਗੱਲ ਕਹੀ ਹੈ।
(ਧੰਨਵਾਦ ਸਹਿਤ: ਦਵਿੰਦਰ ਪਾਲ, ਪੰਜਾਬੀ ਟ੍ਰਿਬਿਊਨ)।

Load More Related Articles

Check Also

ਤੰਬਾਕੂ ਦੀ ਆਦਤ ਛੱਡ ਕੇ ਚੰਗੀ ਜ਼ਿੰਦਗੀ ਵੱਲ ਮੁੜਿਆ ਜਾਵੇ: ਡਾ. ਨਵਦੀਪ ਸਿੰਘ

ਤੰਬਾਕੂ ਦੀ ਆਦਤ ਛੱਡ ਕੇ ਚੰਗੀ ਜ਼ਿੰਦਗੀ ਵੱਲ ਮੁੜਿਆ ਜਾਵੇ: ਡਾ. ਨਵਦੀਪ ਸਿੰਘ ਵਿਸ਼ਵ ਤੰਬਾਕੂ ਦਿਵਸ ’ਤੇ ਖ਼ਾਲਸਾ…