ਮੁਹਾਲੀ: ‘ਆਪ’ ਉਮੀਦਵਾਰ ਕੁਲਵੰਤ ਸਿੰਘ ਨੇ ਸਾਬਕਾ ਮੰਤਰੀ ਬਲਬੀਰ ਸਿੱਧੂ ਨੂੰ ਵੱਡੇ ਫਰਕ ਨਾਲ ਹਰਾਇਆ

ਜ਼ਿਲ੍ਹਾ ਮੁਹਾਲੀ ਵਿੱਚ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ‘ਆਪ’ ਜੇਤੂ

ਪਹਿਲੇ ਤਿੰਨ ਰਾਊਂਡ ਦੀ ਗਿਣਤੀ ’ਚ ਪਿੱਛੇ ਰਹਿਣ ਕਾਰਨ ਗਿਣਤੀ ਕੇਂਦਰ ’ਚੋਂ ਖਿਸਕੇ ਬਲਬੀਰ ਸਿੱਧੂ

ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਕੁਲਵੰਤ ਸਿੰਘ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ’ਚ ਨਤਮਸਤਕ ਹੋਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਪੰਜਾਬ ਵਿਧਾਨ ਸਭਾ ਦੀਆਂ ਬੀਤੀ 20 ਫਰਵਰੀ ਨੂੰ ਹੋਈਆਂ ਚੋਣਾਂ ਸਬੰਧੀ ਅੱਜ ਵੋਟਾਂ ਦੀ ਗਿਣਤੀ ਕੀਤੀ ਗਈ। ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਤਿੰਨ ਵਿਧਾਨ ਸਭਾ ਹਲਕਿਆਂ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਮੁਹਾਲੀ ਤੋਂ ‘ਆਪ’ ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਵੱਡੇ ਫਰਕ ਨਾਲ ਹਰਾਇਆ। ਚੋਣ ਜਿੱਤਣ ਤੋਂ ਬਾਅਦ ਕੁਲਵੰਤ ਸਿੰਘ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਨੇ ਆਪਣੇ ਦਫ਼ਤਰ ਤੋਂ ਸ਼ਹਿਰ ਵਿੱਚ ਜੇਤੂ ਰੈਲੀ ਵੀ ਕੱਢੀ ਅਤੇ ਲੋਕਾਂ ਦਾ ਧੰਨਵਾਦ ਕੀਤਾ।
ਸਿੱਧੂ ਪਿਛਲੇ ਡੇਢ ਦਹਾਕੇ ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਸੀ ਅਤੇ ਉਹ ਹਰ ਵਾਰੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਹਰਾਉਂਦੇ ਆ ਰਹੇ ਸੀ ਪ੍ਰੰਤੂ ਇਸ ਵਾਰ ਆਪ ਦੇ ਹੱਕ ਵਿੱਚ ਚੱਲੀ ਹਨੇਰੀ ਕਾਰਨ ਉਨ੍ਹਾਂ ਦੀ ਨਿਰਾਸ਼ਾਜਨਕ ਹਾਰ ਹੋਈ। ਖਰੜ ਤੋਂ ਆਪ ਦੀ ਉਮੀਦਵਾਰ ਅਨਮੋਲ ਗਗਨ ਮਾਨ ਅਤੇ ਡੇਰਾਬੱਸੀ ਤੋਂ ਆਪ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਨੇ ਚੋਣ ਜਿੱਤ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਹਿ ਜ਼ਿਲ੍ਹਾ ਮੁਹਾਲੀ ਵਿੱਚ ਹੁਕਮਰਾਨ ਕਾਂਗਰਸ ਪਾਰਟੀ ਸਮੇਤ ਭਾਜਪਾ ਅਤੇ ਅਕਾਲੀ ਦਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ।
ਮੁਹਾਲੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਅੱਜ ਇੱਥੋਂ ਦੇ ਸੈਕਟਰ-78 ਸਥਿਤ ਖੇਡ ਸਟੇਡੀਅਮ ਵਿੱਚ ਸਵੇਰੇ ਅੱਠ ਵਜੇ ਸ਼ੁਰੂ ਹੋਈ। ਜਦੋਂਕਿ ਖਰੜ ਅਤੇ ਡੇਰਾਬੱਸੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਵਿੱਚ ਮੁਹਾਲੀ ਵਿਖੇ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਵਿੱਚ ਹੋਈ। ਇਨ੍ਹਾਂ ਥਾਵਾਂ ’ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸੀ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਕਾਲੀਆ ਅਤੇ ਐਸਐਸਪੀ ਹਰਜੀਤ ਸਿੰਘ ਨੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਲੋਕਾਂ ਨੇ ਵੀ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਨੂੰ ਪੂਰਾ ਸਹਿਯੋਗ ਦਿੱਤਾ।

ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਉਮੀਦਵਾਰਾਂ ਅਤੇ ਚੋਣ ਏਜੰਟਾਂ ਦੇ ਸਾਹਮਣੇ ਪੁਰੀ ਪਾਰਦਰਸ਼ਤਾ ਨਾਲ ਕੀਤੀ ਗਈ। ਇਹ ਸਾਰੀ ਕਾਰਵਾਈ ਮੁੱਖ ਚੋਣ ਕਮਿਸ਼ਨ ਵੱਲੋਂ ਤਾਇਨਾਤ ਚੋਣ ਅਬਜ਼ਰਵਰਾਂ ਅਤੇ ਰਿਟਰਨਿੰਗ ਅਫ਼ਸਰਾਂ ਦੀ ਨਿਗਰਾਨੀ ਹੇਠ ਨੇਪਰੇ ਚਾੜੀ ਗਈ। ਉਨ੍ਹਾਂ ਦੱਸਿਆ ਕਿ ਮੁਹਾਲੀ ਤੋਂ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਕਾਂਗਰਸ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੂੰ 34097 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਕੁਲਵੰਤ ਸਿੰਘ ਨੂੰ 77 ਹਜ਼ਾਰ 134 ਵੋਟਾਂ ਪਈਆਂ ਜਦੋਂਕਿ ਬਲਬੀਰ ਸਿੱਧੂ ਨੂੰ 43,037, ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੂੰ 17,020, ਅਕਾਲੀ ਦਲ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੂੰ 9628, ਕਿਸਾਨ ਆਗੂ ਰਵਨੀਤ ਸਿੰਘ ਬਰਾੜ ਨੂੰ 2971, ਅਕਾਲੀ ਦਲ (ਮਾਨ) ਦੀ ਬਲਵਿੰਦਰ ਕੌਰ ਨੂੰ 2620, ਆਜ਼ਾਦ ਉਮੀਦਵਾਰ ਹਰਸਿਮਰਨ ਸਿੰਘ ਨੂੰ 947, ਸਮਾਜ ਅਧਿਕਾਰ ਕਲਿਆਣ ਪਾਰਟੀ ਦੀ ਮਨੀਸ਼ਾ ਨੂੰ 344 ਅਤੇ ਪੰਜਾਬ ਨੈਸ਼ਨਲ ਪਾਰਟੀ ਦੇ ਸ਼ਿੰਦਰਪਾਲ ਸਿੰਘ ਨੂੰ 303 ਵੋਟਾਂ ਪਈਆਂ ਹਨ।

ਅੱਜ ਵੋਟਾਂ ਦੀ ਗਿਣਤੀ ਦੌਰਾਨ ਕੁਲਵੰਤ ਸਿੰਘ ਨੂੰ ਪਹਿਲੇ ਹੀ ਰਾਉਂਡ ਵਿੱਚ 855 ਵੋਟਾਂ ਦੀ ਜੇਤੂ ਲੀਡ ਮਿਲ ਗਈ ਸੀ ਜੋ ਅਖੀਰਲੇ ਰਾਉਂਡ ਤੱਕ ਬਰਕਰਾਰ ਰਹੀ। ਦੂਜੇ ਰਾਉਂਡ ਵਿੱਚ 1467 ਵੋਟਾਂ ਦੀ ਲੀਡ ਮਿਲੀ ਅਤੇ ਤੀਜੇ ਰਾਉਂਡ ਵਿੱਚ 2322 ਵੋਟਾਂ ਦੀ ਲੀਡ ਮਿਲੀ। ਇਸ ਤਰ੍ਹਾਂ ਲਗਾਤਾਰ ਲੀਡ ਮਿਲਣ ਕਾਰਨ ਤੀਜੇ ਰਾਉਂਡ ਤੋਂ ਬਾਅਦ ‘ਆਪ’ ਵਲੰਟੀਅਰਾਂ ਨੇ ਗਿਣਤੀ ਕੇਂਦਰ ਅਤੇ ਆਪ ਦੇ ਚੋਣ ਦਫ਼ਤਰ ਦੇ ਬਾਹਰ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਵਰਕਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਧਰ, ਆਪ ਦੀ ਲਗਾਤਾਰ ਜੇਤੂ ਲੀਡ ਨੂੰ ਦੇਖ ਕੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਚੁੱਪ ਚੁਪੀਤੇ ਗਿਣਤੀ ਕੇਂਦਰ ’ਚੋਂ ਖਿਸਕ ਗਏ ਜਦੋਂਕਿ ਪਹਿਲਾਂ ਉਹ ਗਿਣਤੀ ਕੇਂਦਰ ਵਿੱਚ ਰਿਟਰਨਿੰਗ ਅਫ਼ਸਰ ਦੇ ਪਿੱਛੇ ਸਟੇਜ ਉੱਤੇ ਕੁਰਸੀ ’ਤੇ ਬੈਠੇ ਹੋਏ ਸੀ।

ਇਸ ਦੌਰਾਨ ਜਿਵੇਂ ਹੀ ਕੁਲਵੰਤ ਸਿੰਘ ਚੋਣ ਨਤੀਜਿਆਂ ਦਾ ਰੁਝਾਨ ਦੇਖਣ ਤੋਂ ਬਾਅਦ ਆਪਣੇ ਦਫ਼ਤਰ ’ਚੋਂ ਬਾਹਰ ਆਏ ਤਾਂ ‘ਆਪ’ ਵਲੰਟੀਅਰਾਂ ਅਤੇ ਸਮਰਥਕਾਂ ਨੇ ਜੈਕਾਰੇ ਛੱਡ ਕੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਵਰਕਰਾਂ ਨੇ ਕੁਲਵੰਤ ਸਿੰਘ ਸਮੇਤ ਉਨ੍ਹਾਂ ਦੇ ਕੌਂਸਲਰ ਪੁੱਤ ਸਰਬਜੀਤ ਸਿੰਘ ਸਮਾਣਾ, ਛੋਟੇ ਭਰਾ ਕੁਲਦੀਪ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ। ਇਸ ਤੋਂ ਬਾਅਦ ਕੁਲਵੰਤ ਵਰਕਰਾਂ ਦੇ ਇਕ ਵੱਡੇ ਕਾਫ਼ਲੇ ਨਾਲ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਪੁੱਜੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਕੁਲਵੰਤ ਸਿੰਘ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਨ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਹਰ ਕੋਈ ਆਪਣੇ ਹਰਮਨ ਪਿਆਰੇ ਆਗੂ ਨੂੰ ਵਧਾਈ ਦੇਣ ਲਈ ਉਤਾਵਲਾ ਦਿਖਾਈ ਦੇ ਰਿਹਾ ਸੀ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…