
ਲਾਪਰਵਾਹੀ: ਨੌਜਵਾਨ ਨੇ ਸਫ਼ਾਈ ਸੇਵਕਾਂ ’ਤੇ ਚੜ੍ਹਾਈ ਕਾਰ, ਅੌਰਤ ਦੀ ਮੌਤ, 2 ਜ਼ਖ਼ਮੀ
ਸਿਲਵੀ ਪਾਰਕ ਫੇਜ਼-10 ਨੇੜੇ ਹੋਟਲ ਸਰਾਓ ਦੀ ਪਾਰਕਿੰਗ ’ਚ ਰੁੱਖਾਂ ਹੇਠ ਬੈਠੀਆਂ ਸਨ ਸਫ਼ਾਈ ਕਰਮਚਾਰਨਾਂ
ਮੁਹਾਲੀ ਪੁਲੀਸ ਵੱਲੋਂ ਕਾਰ ਚਾਲਕ ਨੌਜਵਾਨ ਹਰਪ੍ਰੀਤ ਸਿੰਘ ਵਿਰੁੱਧ ਕੇਸ ਦਰਜ, ਹਿਰਾਸਤ ਵਿੱਚ ਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਮੁਹਾਲੀ ਵਿੱਚ ਅੱਜ ਵਾਪਰੇ ਇਕ ਭਿਆਨਕ ਹਾਦਸੇ ਵਿੱਚ ਇਕ ਮਹਿਲਾ ਸਫ਼ਾਈ ਕਰਮਚਾਰੀ ਦੀ ਮੌਕੇ ਉੱਤੇ ਮੌਤ ਹੋ ਗਈ ਜਦੋਂਕਿ ਦੋ ਅੌਰਤਾਂ (ਮਾਂ-ਧੀ) ਗੰਭੀਰ ਜ਼ਖ਼ਮੀ ਹੋ ਗਈਆਂ। ਮ੍ਰਿਤਕਾ ਦੀ ਪਛਾਣ ਓਮਬੀਰੀ (50) ਵਜੋਂ ਹੋਈ ਹੈ ਜਦੋਂਕਿ ਜ਼ਖ਼ਮੀਆਂ ਵਿੱਚ ਮਮਤਾ ਰਾਣੀ (35) ਅਤੇ ਉਸ ਦੀ ਮਾਂ ਰਾਮਬੀਰੀ (48) ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ-32 ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਪਵਨ ਗੋਡਿਆਲ ਨੇ ਦੱਸਿਆ ਕਿ ਅੱਜ ਇੱਥੋਂ ਦੇ ਫੇਜ਼-10 ਸਥਿਤ ਸਿਲਵੀ ਪਾਰਕ ਦੇ ਸਾਹਮਣੇ ਹੋਟਲ ਸਰਾਓ ਨੇੜੇ ਕੁਝ ਸਫ਼ਾਈ ਕਰਮਚਾਰੀ ਸਫ਼ਾਈ ਕਰਨ ਤੋਂ ਬਾਅਦ ਦੁਪਹਿਰ ਵੇਲੇ ਮਾਰਕੀਟ ਦੀ ਪਾਰਕਿੰਗ ਵਿੱਚ ਦਰੱਖ਼ਤਾਂ ਦੇ ਥੱਲੇ ਚਟਾਈ ਵਿਛਾ ਕੇ ਖਾਣਾ ਖਾਣ ਲਈ ਬੈਠੇ ਸਨ ਤਾਂ ਇਸ ਦੌਰਾਨ ਇਕ ਚਿੱਟੇ ਰੰਗ ਦੀ ਵਰਨਾ ਗੱਡੀ ਵਿੱਚ ਸਵਾਰ ਨੌਜਵਾਨਾਂ ਨੇ ਲਾਪਰਵਾਹੀ ਨਾਲ ਕਾਰ ਉਨ੍ਹਾਂ ਉੱਪਰ ਚੜ੍ਹਾ ਦਿੱਤੀ। ਇਸ ਹਾਦਸੇ ਵਿੱਚ ਓਮਬੀਰੀ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਦੋ ਹੋਰ ਸਫ਼ਾਈ ਕਰਮਚਾਰਨਾਂ ਮਮਤਾ ਰਾਣੀ ਅਤੇ ਉਸ ਦੀ ਮਾਂ ਰਾਮਬੀਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਰਨ ਵਾਲੀ ਅੌਰਤ ਵੀ ਜ਼ਖ਼ਮੀ ਅੌਰਤਾਂ ਦੀ ਰਿਸ਼ਤੇਦਾਰ ਹੈ। ਰਿਸਤੇ ਵਿੱਚ ਉਹ ਮਮਤਾ ਦੀ ਸੱਸ ਹੈ।
ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਵੱਡੀ ਗਿਣਤੀ ਵਿੱਚ ਸਫ਼ਾਈ ਕਰਮਚਾਰੀ ਅਤੇ ਯੂਨੀਅਨ ਆਗੂ ਤੁਰੰਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵਰਨਾ ਕਾਰ ਵਿੱਚ ਸਵਾਰ ਨੌਜਵਾਨਾਂ ’ਤੇ ਉਨ੍ਹਾਂ ਨੂੰ ਬੁਰਾ ਭਲਾ ਕਹਿਣ ਦੇ ਦੋਸ਼ ਵੀ ਲਗਾਏ। ਇਹੀ ਨਹੀਂ ਕਾਰ ਸਵਾਰ ਨੌਜਵਾਨਾਂ ਨੇ ਮੀਡੀਆ ਕਰਮਚਾਰੀਆਂ ਨਾਲ ਵੀ ਉਲਝਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਕਾਰ ਚਾਲਕ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ ਗਿਆ। ਸਫ਼ਾਈ ਸੇਵਕਾਂ ਨੇ ਦੋਸ਼ ਲਗਾਇਆ ਕਿ ਪੁਲੀਸ ਵਰਨਾ ਕਾਰ ਸਵਾਰ ਨੌਜਵਾਨਾਂ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ। ਸਫ਼ਾਈ ਕਰਮਚਾਰੀਆਂ ਨੇ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦੇ ਬਾਹਰ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਬਾਅਦ ਸਫ਼ਾਈ ਕਰਮਚਾਰੀ ਯੂਨੀਅਨ ਦੇ ਹੋਰ ਆਗੂ ਵੀ ਉੱਥੇ ਪਹੁੰਚ ਗਏ ਅਤੇ ਪੁਲੀਸ ਨਾਲ ਗੱਲਬਾਤ ਕੀਤੀ। ਇਸ ਮਗਰੋਂ ਪੁਲੀਸ ਨੇ ਕਾਰ ਚਾਲਕ ਹਰਪ੍ਰੀਤ ਸਿੰਘ ਵਾਸੀ ਫੇਜ਼-11 ਦੇ ਖ਼ਿਲਾਫ਼ ਧਾਰਾ 279, 304, 137, 338 ਅਧੀਨ ਪਰਚਾ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।