ਘਰਾਂ ਵਿੱਚ ਪਾਲਤੂ ਕੁੱਤੇ ਰੱਖਣ ਬਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਏ ਮੁਹਾਲੀ ਪ੍ਰਸ਼ਾਸਨ: ਵਿਰਦੀ

ਪਾਰਕਾਂ ਦੀ ਸਾਂਭ-ਸੰਭਾਲ ਲਈ ਬਣਾਏ ਨਿਯਮ ਵੀ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਹਾਊਸ ਓਨਰਜ ਵੈਲਫੇਅਰ ਐਸੋਸੀਏਸ਼ਨ ਫੇਜ਼-1 ਦੇ ਪ੍ਰਧਾਨ ਇੰਜ਼. ਪੀਐਸ ਵਿਰਦੀ ਨੇ ਡਿਪਟੀ ਕਮਿਸ਼ਨਰ ਅਤੇ ਮੁਹਾਲੀ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਘਰਾਂ ਵਿੱਚ ਪਾਲਤੂ ਕੁੱਤੇ ਰੱਖਣ ਅਤੇ ਲੋਕਾਂ ਦੀ ਸਹੂਲਤ ਲਈ ਗਮਾਡਾ ਵੱਲੋਂ ਵਿਕਸਤ ਕੀਤੇ ਗਰੀਨ ਬੈਲਟਾਂ\ਪਾਰਕਾਂ ਦੀ ਸਾਂਭ-ਸੰਭਾਲ ਲਈ ਬਣਾਏ ਗਏ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਰਿਹਾਇਸ਼ੀ ਇਲਾਕਿਆਂ ਵਿੱਚ ਕਈ ਪਾਰਕ ਬਜ਼ੁਰਗਾਂ ਦੇ ਸੈਰ ਅਤੇ ਬੈਠਣ ਉੱਠਣ ਲਈ ਬਣਾਏ ਗਏ ਹਨ ਪ੍ਰੰਤੂ ਕਈ ਪਾਰਕਾਂ ਵਿੱਚ ਲੋਕਾਂ ਵੱਲੋਂ ਵਾਹਨ ਖੜੇ ਕੀਤੇ ਜਾਂਦੇ ਹਨ ਅਤੇ ਆਪਣੇ ਪਰਿਵਾਰ ਦੇ ਜੀਆ ਦੇ ਕੱਪੜੇ ਧੋ ਕੇ ਸੁੱਕਣੇ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕਈ ਪਾਰਕ ਪਸ਼ੂ ਚਰਾਂਦ ਵਿੱਚ ਤਬਦੀਲ ਹੋ ਗਏ ਹਨ। ਪਾਰਕਾਂ ਵਿੱਚ ਆਵਾਰਾ ਪਸ਼ੂ ਅਕਸਰ ਘੁੰਮਦੇ ਅਤੇ ਟੋਲੀਆਂ ਬੰਨ੍ਹ ਕੇ ਬੈਠੇ ਰਹਿੰਦੇ ਹਨ।
ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਪਾਲਤੂ ਕੁੱਤੇ ਰੱਖਣ ਵਾਲੇ ਲੋਕਾਂ ਵੱਲੋਂ ਆਪਣੀ ਜ਼ਿੰਮੇਵਾਰੀ ਨਾ ਸਮਝਦਿਆਂ ਰੋਜ਼ਾਨਾ ਆਪਣੇ ਕੁੱਤਿਆਂ ਨੂੰ ਪਾਰਕਾਂ ਦੇ ਆਲੇ ਦੁਆਲੇ ਘੁਮਾਇਆ ਜਾਂਦਾ ਹੈ ਅਤੇ ਇਸ ਦੌਰਾਨ ਪਾਲਤੂ ਕੁੱਤੇ ਸ਼ਹਿਰ ਵਿੱਚ ਗੰਦਗੀ ਫੈਲਾ ਰਹੇ ਹਨ ਲੇਕਿਨ ਮੁਹਾਲੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇੱਥੇ ਹੀ ਬਸ ਨਹੀਂ ਬਲਕਿ ਅਜਿਹੇ ਕੁਝ ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਪਾਲਤੂ ਕੁੱਤੇ ਰੱਖੇ ਜਾਣ ਕਾਰਨ ਆਸਪਾਸ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਪਾਲਤੂ ਕੁੱਤੇ ਆਉਣ ਜਾਣ ਵਾਲੇ ਲੋਕਾਂ ਨੂੰ ਭੌਂਕਦੇ ਹਨ। ਉਨ੍ਹਾਂ ਲਿਖਿਆ ਹੈ ਕਿ ਫੇਜ਼-1 ਵਿੱਚ ਇਕ ਵਿਅਕਤੀ ਵੱਲੋਂ ਆਪਣੇ ਘਰ ਵਿੱਚ 6-7 ਕੁੱਤੇ ਰੱਖੇ ਹੋਏ ਹਨ। ਜਿਸ ਕਾਰਨ ਗੁਆਂਢੀਆਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕਈ ਪੀੜਤ ਵਿਅਕਤੀਆਂ ਨੇ ਇਸ ਸਬੰਧੀ ਉਨ੍ਹਾਂ ਦੀ ਸੰਸਥਾ ਹਾਉਸ ਓਨਰਜ ਵੈਲਫੇਅਰ ਐਸੋਸੀਏਸ਼ਨ ਕੋਲ ਪਹੁੰਚ ਕਰਕੇ ਇਹ ਮੁੱਦਾ ਮੁਹਾਲੀ ਪ੍ਰਸ਼ਾਸਨ ਅਤੇ ਮੀਡੀਆ ਵਿੱਚ ਚੁੱਕਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਵੀ ਕਾਫੀ ਭਰਮਾਰ ਹੈ ਅਤੇ ਹੁਣ ਤੱਕ ਆਵਾਰਾ ਕੁੱਤੇ ਕਾਫੀ ਲੋਕਾਂ ਨੂੰ ਵੱਢ ਚੁੱਕੇ ਹਨ।
ਸ੍ਰੀ ਵਿਰਦੀ ਨੇ ਕਿਹਾ ਕਿ ਕੁੱਤਿਆਂ ਕਰਕੇ ਜਿੱਥੇ ਵਸਨੀਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਉਨ੍ਹਾਂ ਆਪਣੇ ਪੱਤਰ ਵਿੱਚ ਇਕ ਪਾਲਤੂ ਕੁੱਤੇ ਵੱਲੋਂ ਇਕ ਗੁਆਂਢੀ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜੇਕਰ ਕਿਸੇ ਮਾਲਕ ਮਕਾਨ ਨੇ ਆਪਣੇ ਘਰ ਪਾਲਤੂ ਕੁੱਤੇ ਰੱਖਣੇ ਹਨ ਤਾਂ ਇਸ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਏ ਜਾਵੇ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…