Nabaz-e-punjab.com

ਗੈਰ ਕਾਨੂੰਨੀ ਮਾਈਨਿੰਗ ਖ਼ਿਲਾਫ਼ ਸਖ਼ਤ ਹੋਇਆ ਮੁਹਾਲੀ ਪ੍ਰਸ਼ਾਸਨ, ਨਾਕਿਆਂ ’ਤੇ ਚੈਕਿੰਗ ਲਈ ਡਿਊਟੀਆਂ ਲਾਈਆਂ

ਜਾਂਚ ਟੀਮਾਂ ਨੂੰ ਚੈਕਿੰਗ ਦੀ ਰਿਪੋਰਟ ਰੋਜ਼ਾਨਾ ਡੀਸੀ ਦਫ਼ਤਰ ਨੂੰ ਭੇਜਣ ਦੀਆਂ ਹਦਾਇਤਾਂ ਜਾਰੀ

ਐਸਡੀਐਮ ਹੋਣਗੇ ਆਪੋ-ਆਪਣੀ ਸਬ ਡਵੀਜ਼ਨ ਦੇ ਓਵਰਆਲ ਇੰਚਾਰਜ, ਡੀਐਸਪੀ ਵੀ ਖ਼ੁਦ ਕਰਨਗੇ ਨਿਗਰਾਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਮੁਹਾਲੀ ਪ੍ਰਸ਼ਾਸਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਸਮੁੱਚੇ ਜ਼ਿਲ੍ਹੇ ਅੰਦਰ ਰੇਤੇ, ਬਜਰੀ, ਸਟੋਨ ਕਰੱਸ਼ਰਾਂ ਅਤੇ ਕਾਨੂੰਨੀ ਮਾਈਨਿੰਗ ਦੀ ਚੈਕਿੰਗ ਕਰਨ ਲਈ ਸਥਾਪਿਤ ਨਾਕਿਆਂ ’ਤੇ ਸਤੰਬਰ ਮਹੀਨੇ ਵਿੱਚ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਅਤੇ ਸਮੂਹ ਟੀਮਾਂ ਨੂੰ ਚੈਕਿੰਗ ਦੀ ਰੋਜ਼ਾਨਾ ਪੜਤਾਲ ਕਰਕੇ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ ਹੈ ਤਾਂ ਜੋ ਗੈਰ-ਕਾਨੂੰਨੀ ਮਾਈਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਚੈਕਿੰਗ ਦੀ ਰਿਪੋਰਟ ਵਿਸਥਾਰ ਪੂਰਵਕ ਵੱਖਰੇ ਤੌਰ ’ਤੇ ਫੋਟੋ ਸਮੇਤ ਹਾਰਡ ਕਾਪੀ ਦੇ ਰੂਪ ਵਿੱਚ ਈ-ਮੇਲ mohalidra੨੧੫0gmail.com ’ਤੇ ਭੇਜਣਾ ਵੀ ਯਕੀਨੀ ਬਣਾਉਣਗੇ।
ਡੀਸੀ ਨੇ ਦੱਸਿਆ ਕਿ ਚੈਕਿੰਗ ਸਬੰਧੀ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਆਪੋ ਆਪਣੀ ਸਬ ਡਵੀਜ਼ਨ ਦੇ ਓਵਰਆਲ ਇੰਚਾਰਜ ਹੋਣਗੇ ਅਤੇ ਏਈਟੀਸੀ ਅਤੇ ਕਾਰਜਕਾਰੀ ਇੰਜਨੀਅਰ ਆਪਣੇ ਵਿਭਾਗ ਦੇ ਸਟਾਫ਼ ਨੂੰ ਮੌਨੀਟਰ ਕਰਨ ਲਈ ਜ਼ਿੰਮੇਵਾਰ ਹੋਣਗੇ। ਜਦੋਂਕਿ ਸਬੰਧਤ ਏਰੀਆ ਦਾ ਡੀਐਸਪੀ ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ ਦੀ ਨਿਗਰਾਨੀ ਦੇ ਨਾਲ-ਨਾਲ ਐਸਡੀਐਮ ਨਾਲ ਤਾਲਮੇਲ ਰੱਖਣਗੇ ਤਾਂ ਜੋ ਚੈਕਿੰਗ ਮੁਹਿੰਮ ਦੌਰਾਨ ਜਾਂਚ ਟੀਮਾਂ ਵਿੱਚ ਤਾਇਨਾਤ ਅਮਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜਦੋਂ ਇਹ ਟੀਮਾਂ ਚੈਕਿੰਗ ਕਰਨਗੀਆਂ ਤਾਂ ਉਸ ਸਬੰਧੀ ਸਬੰਧਤ ਐਸਡੀਐਮ ਅਤੇ ਮੁੱਖ ਥਾਣਾ ਅਫ਼ਸਰਾਂ ਨੂੰ ਵੀ ਸੂਚਿਤ ਕਰਨਗੀਆਂ। ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਦੇ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਚੈਕਿੰਗ ਉਪਰੰਤ ਨਾਜਾਇਜ਼ ਚੱਲਦੀਆਂ ਮਸ਼ੀਨਾਂ/ਟਿੱਪਰ ਕਬਜ਼ੇ ਵਿੱਚ ਲਏ ਜਾਣ ਅਤੇ ਐਫ਼ਆਈਆਰ ਦਰਜ ਕਰਵਾਈ ਜਾਵੇ।ਮਾਈਨਿੰਗ ਵਿਭਾਗ ਸਬੰਧਤ ਨਾਕਿਆਂ ’ਤੇ ਵੀਡੀਓਗ੍ਰਾਫ਼ੀ ਅਤੇ ਫੋਟੋਗ੍ਰਾਫ਼ੀ ਆਪਣੇ ਪੱਧਰ ’ਤੇ ਕਰਾਉਣ ਲਈ ਜ਼ਿੰਮੇਵਾਰ ਹੋਵੇਗਾ।
ਡੀਸੀ ਨੇ ਦੱਸਿਆ ਕਿ ਖਰੜ ਸਬ ਡਵੀਜ਼ਨ ਵਿੱਚ ਟੀ-ਪੁਆਇੰਟ ਮਾਜਰੀ, ਟੀ-ਪੁਆਇੰਟ ਸਿਸਵਾਂ ਮਾਜਰਾ, ਪਿੰਡ ਸਿਊਂਕ, ਕਸਬਾ ਮੁਬਾਰਕਪੁਰ, ਲਾਲੜੂ, ਹੰਡੇਸਰਾ, ਕਰਾਸਿੰਗ ਬਨੂੜ-ਤੇਪਲਾ ਸੜਕ ਜ਼ੀਰਕਪੁਰ ਪਟਿਆਲਾ ਰੋਡ ਸਮੇਤ ਹੋਰਨਾਂ ਇਲਾਕਿਆਂ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਵੱਲੋਂ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਚੈਕਿੰਗ ਦੌਰਾਨ ਜੇਕਰ ਕੋਈ ਵਾਹਨ ਅਤੇ ਮਸ਼ੀਨਰੀ ਫੜੀ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਤੋਂ ਵਾਹਨ\ਮਸ਼ੀਨਰੀ ਦੀ ਮੌਜੂਦਾ ਕੁੱਲ ਕੀਮਤ ਦੀ 50 ਫੀਸਦੀ ਰਾਸ਼ੀ ਜੁਰਮਾਨੇ ਵਜੋਂ ਵਸੂਲੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਹੜੀ ਜ਼ਮੀਨ ’ਚੋਂ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਨਾਜਾਇਜ਼ ਮਾਈਨਿੰਗ ਕੀਤੀ ਗਈ ਹੋਵੇਗੀ ਜਾਂ ਕੀਤੀ ਜਾ ਰਹੀ ਹੈ ਤਾਂ ਜ਼ਮੀਨ ਮਾਲਕਾਂ ਨੂੰ ਸਰਕਾਰੀ ਨੇਮਾਂ ਮੁਤਾਬਕ ਜੁਰਮਾਨਾ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…