nabaz-e-punjab.com

ਚੱਪੜਚਿੜੀ ਕਲਾਂ ਵਿੱਚ ਸ਼ਾਮਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ’ਚ ਮੁਹਾਲੀ ਪ੍ਰਸ਼ਾਸਨ ਨਾਕਾਮ

ਸ਼ਿਕਾਇਤ ਕਰਤਾਵਾਂ ਨੇ ਵਿੱਤ ਕਮਿਸ਼ਨਰ ਤੇ ਡੀਸੀ ਨੂੰ ਨਵੇਂ ਸਿਰਿਓਂ ਦਿੱਤੇ ਯਾਦ ਪੱਤਰ, ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਸਤੰਬਰ:
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਇੱਥੋਂ ਦੇ ਨਜ਼ਦੀਕੀ ਪਿੰਡ ਚੱਪੜਚਿੜੀ ਕਲਾਂ ਵਿੱਚ ਸ਼ਾਮਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਵਿੱਚ ਫੇਲ ਸਾਬਤ ਹੋਇਆ ਹੈ। ਅਧਿਕਾਰੀਆਂ ਦੀ ਅਣਦੇਖੀ ਦੇ ਚੱਲਦਿਆਂ ਹੁਣ ਨਾਜਾਇਜ਼ ਕਬਜ਼ਾ ਕਰਕੇ ਬੈਠੇ ਵਿਅਕਤੀ ਸਰਕਾਰੀ ਜ਼ਮੀਨ ’ਤੇ ਪੱਕੀ ਉਸਾਰੀ ਕਰ ਲਈ ਹੈ। ਇਸ ਸਬੰਧੀ ਦੋ ਦਹਾਕੇ ਪਹਿਲਾਂ 14 ਅਕਤੂਬਰ 1998 ਨੂੰ ਉਸ ਸਮੇਂ ਦੇ ਡੀਡੀਪੀਓ ਨੇ ਕਬਜ਼ਾ ਵਰੰਟ ਜਾਰੀ ਕਰਕੇ ਸਬੰਧਤ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਉਣ ਦੇ ਆਦੇਸ਼ ਜਾਰੀ ਕੀਤੇ ਸੀ। ਇਸ ਮਗਰੋਂ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ 18 ਅਗਸਤ 2009 ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਸੌਂਪੀ ਦੋ ਪੰਨਿਆਂ ਦੀ ਪੜਤਾਲੀਆਂ ਰਿਪੋਰਟ ਵਿੱਚ ਵੀ ਸ਼ਿਕਾਇਤ ਵਿੱਚ ਦਰਸਾਏ ਖਸਰਾ ਨੰਬਰਾਂ ਵਾਲੀ ਸ਼ਾਮਲਾਤ ਜ਼ਮੀਨ ’ਤੇ ਕੁਝ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦੀ ਗੱਲ ਆਖੀ ਸੀ ਲੇਕਿਨ ਹੁਣ ਤੱਕ ਉਕਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਨਹੀਂ ਹਟਾਏ ਗਏ। ਇਹੀ ਨਹੀਂ ਕੁਲੈਕਟਰ (ਪੰਚਾਇਤ ਲੈਂਡ) ਮੁਹਾਲੀ ਵੀ 6 ਮਈ 2010 ਦੀ ਆਪਣੀ ਰਿਪੋਰਟ ਵਿੱਚ ਸਪੱਸ਼ਟ ਕਰ ਚੁੱਕੇ ਹਨ ਕਿ ਸ਼ਾਮਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾ ਕੇ ਗਰਾਮ ਪੰਚਾਇਤ ਦੇ ਸਪੁਰਦ ਕੀਤੀ ਜਾਵੇ ਪ੍ਰੰਤੂ ਨਾਜਾਇਜ਼ ਕਬਜ਼ਾਕਾਰ ਉਕਤ ਜ਼ਮੀਨ ਤੋਂ ਕਬਜ਼ਾ ਨਹੀਂ ਛੱਡ ਰਹੇ ਹਨ। ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਤਿੰਨ ਮਹੀਨੇ ਦੇ ਅੰਦਰ ਅੰਦਰ ਉਕਤ ਜ਼ਮੀਨ ਤੋਂ ਆਰਜ਼ੀ ਕਬਜ਼ਾ ਛੁਡਾ ਕੇ ਰਿਪੋਰਟ ਦੇਣ ਲਈ ਆਖਿਆ ਸੀ ਲੇਕਿਨ ਹੁਣ ਤੱਕ ਸਥਿਤੀ ਜਿਊਂ ਦੀ ਤਿਊਂ ਬਰਕਰਾਰ ਹੈ।
ਇਸ ਸਬੰਧੀ ਗੁਰਦੁਆਰਾ ਸਾਹਿਬ ਫਤਹਿ-ਏ-ਜੰਗ ਚੱਪੜਚਿੜੀ ਕਲਾਂ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਅਤੇ ਜਗਤਾਰ ਸਿੰਘ ਨੇ ਵਿੱਤ ਕਮਿਸ਼ਨਰ (ਪੰਚਾਇਤ) ਅਤੇ ਮੁਹਾਲੀ ਦੇ ਨਵੇਂ ਡਿਪਟੀ ਕਮਿਸ਼ਨਰ ਨੂੰ ਮੁੜ ਯਾਦ ਪੱਤਰ ਦੇ ਕੇ ਮੰਗ ਕੀਤੀ ਕਿ ਸ਼ਾਮਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਕਬਜ਼ੇ ਹਟਾਏ ਜਾਣ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਲਿਖੇ ਪੱਤਰ ਵਿੱਚ ਦੋਸ਼ ਲਾਇਆ ਕਿ ਕਾਫੀ ਸਮੇਂ ਤੋਂ ਪਿੰਡ ਵਾਸੀ ਨੇ ਸ਼ਾਮਲਾਤ ਜ਼ਮੀਨ ਵਿੱਚ ਖੁਰਲੀਆਂ ਅਤੇ ਬਰਾਂਡਾ ਬਣਾ ਕੇ ਉੱਥੇ ਪਸ਼ੂ ਬੰਨ੍ਹੇ ਜਾਂਦੇ ਸੀ ਪ੍ਰੰਤੂ ਹੁਣ ਉਕਤ ਵਿਅਕਤੀ ਨੇ ਮੌਜੂਦਾ ਸਰਪੰਚ ਪਿਆਰਾ ਸਿੰਘ ਨਾਲ ਮਿਲੀਭੁਗਤ ਕਰਕੇ ਪੰਚਾਇਤੀ ਜ਼ਮੀਨ ’ਤੇ ਲੈਂਟਰ ਪਾ ਕੇ ਪੱਕਾ ਮਕਾਨ ਬਣਾ ਲਿਆ ਹੈ, ਪ੍ਰੰਤੂ ਸਰਪੰਚ ਨੇ ਉਕਤ ਵਿਅਕਤੀ ਨੂੰ ਅਜਿਹਾ ਕਰਨ ਤੋਂ ਰੋਕਣ ਦਾ ਯਤਨ ਨਹੀਂ ਕੀਤਾ ਜਦੋਂਕਿ ਸਰਪੰਚ ਭਲੀਭਾਂਤ ਜਾਣਦੇ ਸੀ ਕਿ ਉਕਤ ਸ਼ਾਮਲਾਤ ਜ਼ਮੀਨ ਹੈ। ਉਨ੍ਹਾਂ ਮੰਗ ਕੀਤੀ ਕਿ ਸਰਪੰਚ ਅਤੇ ਨਾਜਾਇਜ਼ ਕਾਬਜ਼ਕਾਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
(ਬਾਕਸ ਆਈਟਮ)
ਪਿੰਡ ਚੱਪੜਚਿੜੀ ਕਲਾਂ ਦੇ ਸਰਪੰਚ ਪਿਆਰਾ ਸਿੰਘ ਨੇ ਸ਼ਾਮਲਾਤ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਸਬੰਧੀ ਮਿਲੀਭੁਗਤ ਦੇ ਦੋਸ਼ਾਂ ਨੂੰ ਬਿਲਕੁਲ ਝੂਠ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਉਹ ਖ਼ੁਦ ਨਾਜਾਇਜ਼ ਕਬਜ਼ਿਆਂ ਦੇ ਸਖ਼ਤ ਖ਼ਿਲਾਫ਼ ਹਨ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਬਾਰੇ ਨਾਜਾਇਜ਼ ਕਬਜ਼ਾ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ। ਉਹ ਉਕਤ ਜ਼ਮੀਨ ਵਿੱਚ ਪਿਛਲੇ ਲੰਮੇ ਅਰਸੇ ਤੋਂ ਪਸ਼ੂ ਬੰਨ ਰਿਹਾ ਹੈ ਅਤੇ ਉੱਥੇ ਹੀ ਗੋਹਾ ਕੂੜਾ ਸੁੱਟਦਾ ਹੈ। ਸਰਪੰਚ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਪਹਿਲਾਂ ਤੋਂ ਹੀ ਉੱਥੇ ਉਸਾਰੀ ਕੀਤੀ ਹੋਈ ਸੀ ਹੁਣ ਉਸ ਨੇ ਮਕਾਨ ਦੀ ਕੱਚੀ ਛੱਤ ਤੋੜ ਕੇ ਪੱਕਾ ਲੈਂਟਰ ਪਾ ਲਿਆ ਹੈ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਆ ਕੇ ਮੌਕਾ ਦੇਖਣ ਅਤੇ ਜੇਕਰ ਕਿਸੇ ਨੇ ਸ਼ਾਮਲਾਤ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤਾਂ ਉਸ ਨੂੰ ਤੁਰੰਤ ਹਟਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …