nabaz-e-punjab.com

ਮੁਹਾਲੀ ਪ੍ਰਸ਼ਾਸਨ ਨੇ ਲੱਖ ਤੋਂ ਵੱਧ ਡੇਰਾ ਪ੍ਰੇਮੀਆਂ ਨੂੰ ਘਰੋ ਘਰੀ ਪਹੁੰਚਾਇਆ, ਹਰਿਆਣਾ ਨੇ ਕੀਤੇ ਹੱਥ ਖੜੇ

ਡੀਜੀਪੀ ਲਾਅ ਐਂਡ ਆਰਡਰ, ਡੀਸੀ ਸਪਰਾ, ਏਡੀਸੀ ਮਾਨ, ਆਈਜੀ ਪਟਿਆਲਾ, ਐਸਐਸਪੀ ਮੁਹਾਲੀ ਨੇ ਜਾਗ ਕੇ ਕੱਟੀ ਰਾਤ

ਪੰਚਕੂਲਾ ਵਿੱਚ ਹਿੰਸਾ ਤੋਂ ਬਾਅਦ ਜ਼ਿਲ੍ਹਾ ਮੁਹਾਲੀ ਦੀ ਹੱਦ ਵਿੱਚ ਦਾਖ਼ਲ ਹੋ ਗਏ ਸੀ ਡੇਰਾ ਪ੍ਰੇਮੀ

ਪੀਆਰਟੀਸੀ ਦੀਆਂ 60 ਬੱਸਾਂ, ਰੋਡਵੇਜ਼ ਦੀਆਂ 12 ਬੱਸਾਂ, 40 ਟਰੱਕ ਤੇ ਕੈਂਟਰਾਂ ਵਿੱਚ ਵੱਖ ਵੱਖ ਸ਼ਹਿਰਾਂ ਤੇ ਪਿੰਡਾਂ ਨੂੰ ਭੇਜੇ ਡੇਰਾ ਪ੍ਰੇਮੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਸੀਬੀਆਈ ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵੱਲੋਂ 25 ਅਗਸਤ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦੇਣ ਮਗਰੋਂ ਭੜਕੀ ਜ਼ਬਰਦਸਤ ਹਿੰਸਾ ਤੋਂ ਬਾਅਦ ਸ਼ਾਮੀ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੀ ਹੱਦ ਵਿੱਚ ਦਾਖ਼ਲ ਹੋ ਗਏ। ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਪ੍ਰੰਤੂ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਮੁਹਾਲੀ ਵਿੱਚ ਹਿੰਸਾ ਭੜਕਣ ਤੋਂ ਬਚਾਅ ਰਿਹਾ। ਜ਼ਿਲ੍ਹਾ ਮੁਹਾਲੀ ਵਿੱਚ ਪੰਜਾਬ ਪੁਲੀਸ ਤੇ ਕਮਾਂਡੋ ਦੇ 2500 ਜਵਾਨਾਂ ਸਮੇਤ ਪੈਰਾ ਮਿਲਟਰੀ ਦੀਆਂ ਤਿੰਨ ਕੰਪਨੀਆਂ ਨੂੰ ਚੱਪੇ ਚੱਪੇ ’ਤੇ ਤਾਇਨਾਤ ਕੀਤਾ ਗਿਆ ਸੀ। ਅਦਾਲਤ ਵੱਲੋਂ 28 ਅਗਸਤ ਨੂੰ ਸਜ਼ਾ ਸੁਣਾਏ ਜਾਣ ਅਤੇ ਇਸ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਾਤਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।
ਇਕੱਤਰ ਜਾਣਕਾਰੀ ਅਨੁਸਾਰ ਲੱਖ ਤੋਂ ਵੱਧ ਡੇਰਾ ਪ੍ਰੇਮੀ ਚੰਡੀਗੜ੍ਹ ਤੇ ਪੰਚਕੂਲਾ ਦੀਆਂ ਹੱਦਾਂ ਨਾਲ ਲੱਗਦੇ ਜ਼ਿਲ੍ਹਾ ਮੁਹਾਲੀ ਦੇ ਵੱਖ ਵੱਖ ਏਰੀਆ ਵਿੱਚ ਵੜ ਗਏ ਸੀ। ਪ੍ਰਸ਼ਾਸਨ ਨੇ ਸੂਝਬੂਝ ਤੋਂ ਕੰਮ ਲੈਂਦਿਆਂ ਚੁਫੇਰਿਓਂ ਘੇਰਾ ਪਾ ਕੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਬਾਅਦ ਵਿੱਚ ਇਨ੍ਹਾਂ ਨੂੰ ਬਠਿੰਡਾ, ਮਾਨਸਾ, ਅੰਬਾਲਾ, ਲੁਧਿਆਣਾ, ਪਟਿਆਲਾ, ਰਾਜਪੁਰਾ ਅਤੇ ਹੋਰਨਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਭੇਜਿਆ ਗਿਆ। ਇਸ ਹਫ਼ੜਾ ਤਫੜੀ ਵਿੱਚ ਕਾਫੀ ਡੇਰਾ ਪ੍ਰੇਮੀ ਰਾਹ ਵੀ ਭਟਕ ਗਏ। ਜਿਨ੍ਹਾਂ ਨੂੰ ਹੋਰਨਾਂ ਵਾਹਨਾਂ ਵਿੱਚ ਉਨ੍ਹਾਂ ਦੇ ਟਿਕਾਣਿਆਂ ’ਤੇ ਭੇਜਿਆ ਗਿਆ।
ਜਾਣਕਾਰੀ ਅਨੁਸਾਰ ਲੰਘੀ ਰਾਤ ਡੀਜੀਪੀ (ਲਾਅ ਐਂਡ ਆਰਡਰ) ਹਰਦੀਪ ਸਿੰਘ ਢਿੱਲੋਂ, ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਆਈਜੀ ਪਟਿਆਲਾ ਏ.ਐਸ. ਰਾਏ, ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ, ਐਸਡੀਐਮ ਡਾ. ਆਰ.ਪੀ. ਸਿੰਘ, ਡੀਐਸਪੀ (ਖ਼ੁਫੀਆ ਵਿੰਗ) ਜੋਬਨ ਸਿੰਘ ਸਮੇਤ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਕਈ ਡੀਐਸਪੀਜ਼ ਨੇ ਪੂਰੀ ਰਾਤ ਜਾਗ ਕੇ ਕੱਟੀ। ਡੇਰਾ ਪ੍ਰੇਮੀਆਂ ਨੂੰ ਘਰੋ ਘਰੀ ਭੇਜਣ ਦਾ ਕੰਮ ਦੂਜੇ ਦਿਨ 26 ਅਗਸਤ ਨੂੰ ਸਵੇਰੇ 10 ਵਜੇ ਤੋਂ ਬਾਅਦ ਖ਼ਤਮ ਹੋਇਆ। ਹਾਲਾਂਕਿ ਡੇਰਾ ਪ੍ਰੇਮੀਆਂ ਨੂੰ ਛੱਡਣ ਲਈ ਹਰਿਆਣਾ ਸਰਕਾਰ ਨੇ ਆਪਣੇ ਹੱਥ ਖੜੇ ਕਰ ਦਿੱਤੇ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਕੋਈ ਵਾਹਨ ਮੁਹੱਈਆ ਨਹੀਂ ਕਰਵਾਇਆ ਜਦੋਂ ਕਿ ਇਸ ਸਬੰਧੀ ਡੀਸੀ ਸ੍ਰੀਮਤੀ ਸਪਰਾ ਨੇ ਮੋਰਚਾ ਸੰਭਾਲਦਿਆਂ ਪੀਆਰਟੀਸੀ ਦੀਆਂ 60 ਬੱਸਾਂ, ਪੰਜਾਬ ਰੋਡਵੇਜ਼ ਦੀਆਂ 12 ਬੱਸਾਂ ਦਾ ਪ੍ਰਬੰਧ ਕੀਤਾ।
ਏਡੀਸੀ ਚਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਕਈ ਬੱਸਾਂ ਨੇ ਦੋ ਦੋ ਚੱਕਰ ਵੀ ਲਗਾਏ। ਇਸ ਤੋਂ ਇਲਾਵਾ ਵੱਖ ਵੱਖ ਟਰੱਕ ਯੂਨੀਅਨਾਂ ’ਚੋਂ 40 ਟਰੱਕ ਅਤੇ ਕੁੱਝ ਕੈਂਟਰ ਵੀ ਮੰਗਵਾਏ ਗਏ। ਉਨ੍ਹਾਂ ਦੱਸਿਆ ਕਿ ਕਿਸੇ ਵਿਅਕਤੀ ਨੂੰ ਕੋਈ ਹੁੱਲੜਬਾਜ਼ੀ ਨਹੀਂ ਕਰਨ ਦਿੱਤੀ ਅਤੇ ਨਾ ਹੀ ਕਿਸੇ ਵੱਲੋਂ ਗੜਬੜੀ ਕਰਨ ਦੀ ਕੋਸ਼ਿਸ਼ ਹੀ ਕੀਤੀ। ਪ੍ਰਸ਼ਾਸਨ ਨੇ ਮੁਹਾਲੀ, ਜ਼ੀਰਕਪੁਰ ਅਤੇ ਬਨੂੜ ਸਮੇਤ ਮੁੱਲਾਂਪੁਰ ਗਰੀਬਦਾਸ ਏਰੀਆ ਦੀ ਹੱਦ ਵਿੱਚ ਦਾਖ਼ਲ ਹੋਏ ਸਾਰੇ ਡੇਰਾ ਪ੍ਰੇਮੀਆਂ ਨੂੰ ਸਹੀ ਸਲਾਮਤ ਉਨ੍ਹਾਂ ਘਰਾਂ ਨੇੜਲੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਪਹੁੰਚਾਇਆ ਗਿਆ ਅਤੇ ਸਮੁੱਚੇ ਜ਼ਿਲ੍ਹੇ ਵਿੱਚ ਪੂਰੀ ਤਰ੍ਹਾਂ ਰੈਡ ਅਲਰਟ ਕਰਕੇ ਰੱਖਿਆ ਗਿਆ। ਪੁਲੀਸ ਵੱਲੋਂ ਸਾਰੇ ਐਂਟਰੀ ਪੁਆਇੰਟਾਂ ਨੂੰ ਸੀਲ ਕਰਕੇ ਸਪੈਸ਼ਲ ਨਾਕਾਬੰਦੀ ਕੀਤੀ ਗਈ। ਇਸ ਤੋਂ ਇਲਾਵਾ ਪੀਸੀਆਰ ਪਾਰਟੀਆਂ ਵੱਲੋਂ ਮੁਹਾਲੀ ਕੌਮਾਂਤਰੀ ਏਅਰਪੋਰਟ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਸਮੇਤ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਪੁਲੀਸ ਗਸ਼ਤ ਜਾਰੀ ਰੱਖੀ।
ਜਾਣਕਾਰੀ ਅਨੁਸਾਰ ਪੰਚਕੂਲਾ ਵਿੱਚ ਹਿੰਸਾ ਭੜਕਣ ਤੋਂ ਬਾਅਦ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਵੀ ਅਜੀਬੋ ਗਰੀਸ ਸ਼ਾਂਤੀ ਫੈਲ ਗਈ ਅਤੇ ਮੁਹਾਲੀ, ਖਰੜ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਸੜਕਾਂ ਅਤੇ ਬਾਜ਼ਾਰਾਂ ਵਿੱਚ ਸ਼ਨਾਟਾ ਛਾ ਗਿਆ। ਹਾਲਾਂਕਿ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਬਾਜ਼ਾਰ ਬੰਦ ਸਨ ਲੇਕਿਨ ਜਿਹੜੇ ਦੁਕਾਨਦਾਰ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਾਂ ਖੋਲ ਕੇ ਬੈਠੇ ਹੋਏ ਸੀ। ਉਹ ਵੀ ਸ਼ਾਮ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ ਸੀ। ਪ੍ਰੰਤੂ ਅੱਜ ਤੀਜੇ ਦਿਨ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ। ਉਂਜ ਕੁੱਝ ਕੁ ਦੁਕਾਨਾਂ ਬੰਦ ਸਨ। ਸੜਕਾਂ ’ਤੇ ਵੀ ਆਵਾਜਾਈ ਪੂਰੀ ਸੀ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…