ਸਕੂਲੀ ਬੱਚਿਆਂ ਨੂੰ ਕੂੜਾ ਪ੍ਰਬੰਧਨ ਪ੍ਰਤੀ ਜ਼ਿੰਮੇਵਾਰ ਤੇ ਸਰਗਰਮ ਭਾਗੀਦਾਰੀ ਲਈ ਮੁਹਾਲੀ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ

100 ਸਫਲ ਵਿਦਿਆਰਥੀਆਂ ਨੂੰ ਖੇਤਰ ਵਿੱਚ ਗਰੈਜੂਏਸ਼ਨ ਨਾਲ ਸਨਮਾਨਿਤ ਕੀਤਾ ਜਾਵੇਗਾ

ਡੀਸੀ ਆਸ਼ਿਕਾ ਜੈਨ ਨੇ ਤਜਵੀਜ਼ ਪੇਸ਼ ਕਰਨ ਲਈ ਵਿਦਿਆਰਥਣ ਸੁਹਾਨੀ ਸ਼ਰਮਾ ਦਾ ਸਵਾਗਤ ਕੀਤਾ

ਨਬਜ਼-ਏ-ਪੰਜਾਬ, ਮੁਹਾਲੀ, 21 ਅਗਸਤ:
ਆਪਣੀ ਕਿਸਮ ਦੀ ਪਹਿਲੀ ਵਿਲੱਖਣ ਪਹਿਲਕਦਮੀ ਵਿੱਚ ਮੁਹਾਲੀ ਪ੍ਰਸ਼ਾਸਨ ਜਾਗਰੂਕਤਾ ਮੁਹਿੰਮ ‘ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ਫਾਰ ਸਟੂਡੈਂਟਸ’ ਦੇ ਨਾਲ ਕੂੜਾ ਪ੍ਰਬੰਧਨ ਪ੍ਰੋਗਰਾਮ ਵਿੱਚ ਨੌਜਵਾਨ ਦਿਮਾਗਾਂ (ਵਿਦਿਆਰਥੀਆਂ) ਨੂੰ ਸ਼ਾਮਲ ਕਰਨ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਸਬੰਧੀ ਵਿਲੱਖਣ ਪ੍ਰਸਤਾਵ ਦਿੱਲੀ ਪਬਲਿਕ ਸਕੂਲ ਦੀ ਸੀਨੀਅਰ ਸੈਕੰਡਰੀ ਪਹਿਲੇ ਸਾਲ (ਗਿਆਰ੍ਹਵੀਂ ਜਮਾਤ) ਦੀ ਵਿਦਿਆਰਥਣ ਸੁਹਾਨੀ ਸ਼ਰਮਾ ਵੱਲੋਂ ਪੇਸ਼ ਕੀਤਾ ਗਿਆ ਸੀ। ਸੁਹਾਨੀ ਦੀ ਇਸ ਚਿੰਤਾ ਦੀ ਸ਼ਲਾਘਾ ਕਰਦਿਆਂ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਪ੍ਰੋਗਰਾਮ ਪ੍ਰਸ਼ਾਸਨ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਇਸ ਅਹਿਮ ਮੁੱਦੇ ’ਤੇ ਨੌਜਵਾਨ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਵਾਤਾਵਰਨ ਸੁਰੱਖਿਆ ਲਈ ਜ਼ਿੰਮੇਵਾਰ ਅਤੇ ਸਰਗਰਮ ਭਾਗੀਦਾਰ ਬਣਾਉਣ ਲਈ ਲਾਹੇਵੰਦ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਸੁਹਾਨੀ ਦੁਆਰਾ ਪੇਸ਼ ਕੀਤੇ ਪ੍ਰਸਤਾਵ ਦੇ ਅਨੁਸਾਰ, ਲਗਪਗ 1000 ਵਿਦਿਆਰਥੀਆਂ ਲਈ ਰੋਜ਼ਾਨਾ ਦੋ ਘੰਟੇ ਦੀ ਭਾਗੀਦਾਰੀ ਦੇ ਅਧਾਰ ’ਤੇ ਅੱਠ ਹਫ਼ਤਿਆਂ ਦਾ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ। ਵਿਦਿਆਰਥੀ 8ਵੀਂ ਤੋਂ 12ਵੀਂ ਜਮਾਤ ਤੱਕ ਚੁਣੇ ਜਾਣਗੇ ਅਤੇ ਪ੍ਰੋਗਰਾਮ ਦੇ ਦੋ ਪੜਾਅ ਹੋਣਗੇ, ਚਾਰ ਹਫ਼ਤਿਆਂ ਦੇ ਸ਼ੁਰੂਆਤੀ ਵਜੋਂ ਪਹਿਲਾਂ ਅਤੇ ਹੋਰ ਚਾਰ ਹਫ਼ਤਿਆਂ ਦੇ ਐਡਵਾਂਸ ਪ੍ਰੋਗਰਾਮ ਵਜੋਂ ਅੰਤਿਮ।
ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ਫਾਰ ਸਟੂਡੈਂਟਸ ਦੇ ਨਾਂ ’ਤੇ ਇਹ ਪ੍ਰੋਗਰਾਮ 1000 ਵਿਦਿਆਰਥੀਆਂ ਨੂੰ ਸ਼ੁਰੂਆਤੀ ਪ੍ਰੋਗਰਾਮ ਵਿੱਚ ਸ਼ਾਮਲ ਕਰੇਗਾ ਜਦਕਿ ਇਨ੍ਹਾਂ ’ਚੋਂ 100 ਨੂੰ ਐਡਵਾਂਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰੋਗਰਾਮ ਦੇ ਮੁਕੰਮਲ ਹੋਣ ‘ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੂਲ ਨੂੰ ‘ਸਸਟੇਨੇਬਿਲਟੀ ਲੀਡਰ ਸਕੂਲ‘ ਵਜੋਂ ਮਾਨਤਾ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ੁਰੂਆਤੀ ਪ੍ਰੋਗਰਾਮ ਦੇ ਪਹਿਲੇ ਹਫ਼ਤੇ ਕੂੜਾ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਨੂੰ ਕਵਰ ਕਰਨ ਵਾਲੇ ਲਾਈਵ ਵੈਬੀਨਾਰ ਹੋਣਗੇ। ਦੂਜੇ ਹਫ਼ਤੇ ਵਿੱਚ ਕੂੜੇ ਨੂੰ ਵੱਖ ਕਰਨ ਦੇ ਯਤਨਾਂ ਅਤੇ ਕੂੜਾ ਪੈਦਾ ਕਰਨ ਵਾਲੇ ਅਤੇ ਇਕੱਤਰ ਕਰਨ ਵਾਲਿਆਂ ਨਾਲ ਗੱਲਬਾਤ ਕਰਨ ਲਈ ਖੇਤਰੀ ਦੌਰੇ ਸ਼ਾਮਲ ਹੋਣਗੇ। ਤੀਜੇ ਹਫ਼ਤੇ ਵਿਦਿਆਰਥੀ ਮਿਸ਼ਨ ਅਧਾਰਤ ਚੁਣੌਤੀ ਚੁਣਦੇ ਹੋਏ, ਲੇਖਾਂ, ਕਹਾਣੀਆਂ ਜਾਂ ਪੋਸਟਰਾਂ ਰਾਹੀਂ ਕੂੜਾ ਪ੍ਰਬੰਧਨ ਮੁਹਿੰਮ ਦੇ ਪ੍ਰਭਾਵ ਅਤੇ ਲੋੜੀਂਦੇ ਨਤੀਜਿਆਂ ਨੂੰ ਪ੍ਰਗਟ ਕਰਨਗੇ। ਚੌਥੇ ਹਫ਼ਤੇ ਵਿੱਚ ਵਿਦਿਆਰਥੀ ਆਪਣੇ ਅਨੁਭਵਾਂ ਨੂੰ ਸਾਂਝਾ ਕਰਨਗੇ, ਖਾਸ ਤੌਰ ’ਤੇ ਕਿਸੇ ਵੀ ਨਿੱਜੀ ਵਿਵਹਾਰ ਵਿੱਚ ਤਬਦੀਲੀ ਜਿਸ ਨੂੰ ਪੇਸ਼ਕਾਰੀਆਂ ਜਾਂ ਵੀਡੀਓ ਰਿਕਾਰਡਡ ਭਾਸ਼ਣਾਂ ਰਾਹੀਂ ਇਸ ਪ੍ਰੋਗਰਾਮ ਨਾਲ ਜੋੜਿਆ ਜਾ ਸਕਦਾ ਹੈ।
ਅਗਲੇ ਚਾਰ ਹਫ਼ਤਿਆਂ ਦਾ ਐਡਵਾਂਸ ਪ੍ਰੋਗਰਾਮ, ਪੰਜਵੇਂ ਹਫ਼ਤੇ ਕੂੜਾ ਪ੍ਰਬੰਧਨ ਈਕੋਸਿਸਟਮ ਅਤੇ ਹਿੱਸੇਦਾਰਾਂ ਨੂੰ ਸਮਝਣ ਲਈ ਲਾਈਵ ਵੈਬਿਨਾਰ ‘ਤੇ ਅਧਾਰਤ ਹੋਵੇਗਾ ਜਦੋਂ ਕਿ ਛੇਵੇਂ ਹਫ਼ਤੇ ਹਿੱਸੇਦਾਰਾਂ ਦੀ ਭੂਮਿਕਾ, ਉਨ੍ਹਾਂ ਦੇ ਸਰੋਤਾਂ, ਚਿੰਤਾਵਾਂ ਅਤੇ ਹੱਲ ਨੂੰ ਸਾਂਝਾ ਕਰਨ ਵਾਲੀਆਂ ਪੇਸ਼ਕਾਰੀਆਂ ਦਾ ਨਿਰੀਖਣ ਹੋਵੇਗਾ। ਮਿਸ਼ਨ ਆਧਾਰਿਤ ਚੁਣੌਤੀ ‘ਤੇ ਖੋਜ ਅਤੇ ਤਕਨੀਕੀ ਅਤੇ ਗੈਰ-ਤਕਨੀਕੀ ਹੱਲ ਦੀ ਪੇਸ਼ਕਾਰੀ ਸੱਤਵੇਂ ਹਫ਼ਤੇ ਦਾ ਹਿੱਸਾ ਹੋਵੇਗੀ। ਆਖਰੀ ਅਤੇ ਅੱਠਵਾਂ ਹਫ਼ਤਾ ਉਹਨਾਂ ਦੇ ਹੱਲ ਪੇਸ਼ ਕਰਨ ਲਈ ਇੱਕ ਵੈਬਸਾਈਟ ਵਿਕਸਿਤ ਕਰਨ ਲਈ ਸਮਰਪਿਤ ਕੀਤਾ ਜਾਵੇਗਾ।
ਡੀਸੀ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਦਿਆਰਥੀਆਂ ਵਿੱਚ ਕੂੜਾ ਪ੍ਰਬੰਧਨ, ਆਲੋਚਨਾਤਮਕ ਸੋਚ, ਜਨਤਕ ਤੌਰ ਤੇ ਪ੍ਰਗਟਾਅ ਅਤੇ ਖੋਜ ਦੇ ਹੁਨਰ ਦੀ ਵਿਆਪਕ ਸਮਝ ਵਿਕਸਿਤ ਕਰੇਗਾ ਅਤੇ ਵਿਦਿਆਰਥੀਆਂ ਨੂੰ ਕੂੜਾ ਪ੍ਰਬੰਧਨ ਦੇ ਮੁੱਦੇ ਪ੍ਰਤੀ ਇੱਕ ਜ਼ਿੰਮੇਵਾਰ ਅਤੇ ਕਾਰਜਸ਼ੀਲ ਪਹੁੰਚ ਅਪਣਾਉਣ ਲਈ ਅਵਸਰ ਦੇਵੇਗਾ ਤਾਂ ਜੋ ਉਹ ਭਵਿੱਖ ਵਿੱਚ ਵੱਡੀ ਸਮੱਸਿਆ ਬਣਨ ਵਾਲੀ ਇਸ ਮੁਸ਼ਕਿਲ ਪ੍ਰਤੀ ਜਾਣੂ ਹੋ ਸਕਣ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …