nabaz-e-punjab.com

ਮੁਹਾਲੀ ਏਅਰਪੋਰਟ ਹਾਦਸਾ: ਜ਼ਖ਼ਮੀ ਕੈਬ ਡਰਾਈਵਰ ਦੀ ਮੌਤ ਤੋਂ ਭੜਕੇ ਸਾਥੀ ਡਰਾਈਵਰਾਂ ਵੱਲੋਂ ਫੋਰਟਿਸ ਹਸਪਤਾਲ ਅੱਗੇ ਹੰਗਾਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਸਤੰਬਰ:
ਮੁਹਾਲੀ ਦੇ ਏਅਰਪੋਰਟ ਉਪਰ ਬੀਤੇ ਦਿਨ ਹੋਏ ਹਾਦਸੇ ਵਿੱਚ ਜ਼ਖਮੀ ਹੋਏ ਕੈਬ ਡਰਾਈਵਰ ਨਰਿੰਦਰ ਸਿੰਘ ਦੀ ਅੱਜ ਸਵੇਰੇ ਫੋਰਟਿਸ ਹਸਪਤਾਲ ਵਿੱਚ ਮੌਤ ਹੋ ਜਾਣ ਤੋਂ ਬਾਅਦ ਹਸਪਤਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਇਕਠੇ ਹੋਏ ਕੈਬ ਡ੍ਰਾਈਵਰ ਭੜਕ ਗਏ ਅਤੇ ਉਹਨਾਂ ਨੇ ਫੋਰਟਿਸ ਹਸਪਤਾਲ ਅੱਗੇ ਕਾਫੀ ਹੰਗਾਮਾ ਕੀਤਾ। ਜਿਨ੍ਹਾਂ ਨੂੰ ਏਅਰਪੋਰਟ ਥਾਣੇ ਦੇ ਐਸਐਚਓ ਹਰਸਿਮਰਨ ਸਿੰਘ ਬੱਲ ਨੇ ਬੜੀ ਮੁਸ਼ਕਲ ਨਾਲ ਸਮਝਾ ਕੇ ਸ਼ਾਂਤ ਕੀਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਏਅਰਪੋਰਟ ਦੀ ਪਾਰਕਿੰਗ ਵਿੱਚ ਬੇਕਾਬੂ ਹੋਈ ਬੀ ਐਮ ਡਬਲਯੂ ਕਾਰ ਨੇ ਪਾਰਕਿੰਗ ਵਿੱਚ ਇਕ ਦਰਖੱਤ ਹੇਠਾਂ ਖੜੇ ਚਾਰ ਕੈਬ ਡਰਾਈਵਰ ਨਰਿੰਦਰ ਸਿੰਘ ਵਸਨੀਕ ਪਿੰਡ ਹਰਲਾਲਪੁਰ (ਖਰੜ), ਅੰਮ੍ਰਿਤਪਾਲ ਸਿੰਘ ਵਸਨੀਕ ਸੈਕਟਰ-70 ਮੁਹਾਲੀ, ਬਲਵਿੰਦਰ ਸਿੰਘ ਵਸਨੀਕ ਬਾਪੂ ਧਾਮ ਕਾਲੋਨੀ (ਚੰਡੀਗੜ੍ਹ), ਗੁਰਵਿੰਦਰ ਸਿੰਘ ਵਸਨੀਕ ਸੈਕਟਰ-45ਬੀ (ਬੁੜੈਲ) ਚੰਡੀਗੜ੍ਹ ਨੂੰ ਟੱਕਰ ਮਾਰ ਕੇ ਜਖਮੀ ਕਰ ਦਿੱਤਾ ਸੀ। ਇਸ ਹਾਦਸੇ ਵਿੱਚ ਬੀ ਐਮ ਡਬਲਯੂ ਕਾਰ ਚਾਲਕ ਰਾਜੀਵ ਗਰਗ ਵੀ ਜ਼ਖ਼ਮੀ ਹੋ ਗਿਆ ਸੀ।
ਹਾਦਸੇ ਤੋਂ ਬਾਅਦ ਏਅਰਪੋਰਟ ਉਪਰ ਮੌਜੂਦ ਹੋਰਨਾਂ ਕੈਬ ਡ੍ਰਾਈਵਰ ਨੇ ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਫੋਰਟਿਸ ਹਸਪਤਾਲ ਦਾਖਲ ਕਰਵਾਇਆ, ਜਿੱਥੇ ਕਿ ਗੰਭੀਰ ਜਖਮੀ ਕੈਬ ਡ੍ਰਾਈਵਰ ਨਰਿੰਦਰ ਸਿੰਘ ਦੀ ਅੱਜ ਸਵੇਰੇ ਮੌਤ ਹੋ ਗਈ। ਨਰਿੰਦਰ ਸਿੰਘ ਦੀ ਮੌਤ ਤੋੱ ਬਾਅਦ ਹਸਪਤਾਲ ਦੇ ਬਾਹਰ ਇਕੱਠੇ ਹੋਏ ਕੈਬ ਡ੍ਰਾਈਵਰ ਭੜਕ ਗਏ ਅਤੇ ਉਹਨਾਂ ਨੇ ਹਸਪਤਾਲ ਅੱਗੇ ਕਾਫੀ ਦੇਰ ਹੰਗਾਮਾ ਕੀਤਾ। ਇਸ ਮੌਕੇ ਕੈਬ ਡਰਾਇਵਰਾਂ ਨੇ ਦੋਸ਼ ਲਗਾਇਆ ਕਿ ਜਖਮੀ ਨਰਿੰਦਰ ਸਿੰਘ ਦਾ ਇਲਾਜ ਸਮੇਂ ਸਿਰ ਨਾ ਕੀਤਾ ਹੋਣ ਕਰਕੇ ਉਸਦੀ ਮੌਤ ਹੋਈ ਹੈ। ਹਸਪਤਾਲ ਵਿੱਚ ਦਾਖਲ ਬਲਵਿੰਦਰ ਸਿੰਘ ਦਾ ਇਲਾਜ ਚਲ ਰਿਹਾ ਹੈ, ਜਦੋਂਕਿ ਅੰਮ੍ਰਿਤਪਾਲ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਹਸਪਤਾਲ ਵਿਚੋੱ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਹਸਪਤਾਲ ਦੇ ਬਾਹਰ ਡ੍ਰਾਈਵਰਾਂ ਵੱਲੋਂ ਕੀਤੇ ਗਏ ਹੰਗਾਮੇ ਦੌਰਾਨ ਹੀ ਹਸਪਤਾਲ ਦੇ ਪ੍ਰਬੰਧਕਾਂ ਨੇ ਮ੍ਰਿਤਕ ਨਰਿੰਦਰ ਸਿੰਘ ਦੀ ਲਾਸ਼ ਸਿਵਲ ਹਸਪਤਾਲ ਫੇਜ਼ 6 ਵਿੱਚ ਭੇਜ ਦਿੱਤੀ ਅਤੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਮ੍ਰਿਤਕ ਨਰਿੰਦਰ ਸਿੰਘ ਦੇ ਦੋ ਛੋਟੇ ਬੱਚੇ ਹਨ। ਪੁਲੀਸ ਨੇ ਇਸ ਸਬੰਧੀ ਆਈਪੀਸੀ ਦੀ ਧਾਰਾ 304ਏ, 279, 337, 338, 427 ਅਧੀਨ ਮਾਮਲਾ ਦਰਜ ਕਰਕੇ ਬੀਐਮ ਡਬਲਯੂ ਦੇ ਚਾਲਕ ਰਾਜੀਵ ਗਰਗ ਵਾਸੀ ਪੰਚਕੂਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…