ਨਵੇਂ ਸਾਲ ਦੀ ਆਮਦ ਨੂੰ ਲੈ ਕੇ ਮੁਹਾਲੀ ਤੇ ਚੰਡੀਗੜ੍ਹ ਪੁਲੀਸ ਚੌਕਸ, ਵਾਹਨਾਂ ਦੀ ਚੈਕਿੰਗ
ਰਾਤ ਨੂੰ ਬਾਜ਼ਾਰਾਂ ਵਿੱਚ ਸਿਵਲ ਵਰਦੀ ਵਿੱਚ ਤਾਇਨਾਤ ਰਹਿਣਗੇ ਮੁਲਾਜ਼ਮ, ਅੰਦਰਲੀ ਸੜਕਾਂ ’ਤੇ ਵੀ ਲੱਗਣਗੇ ਨਾਕੇ
ਨਬਜ਼-ਏ-ਪੰਜਾਬ, ਮੁਹਾਲੀ, 31 ਦਸੰਬਰ:
ਮੁਹਾਲੀ ਸ਼ਹਿਰ ਵਿੱਚ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਮੁਹਾਲੀ ਪੁਲੀਸ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਮੁਹਾਲੀ ਚੰਡੀਗੜ੍ਹ ਦੀ ਹੱਦ ਤੇ ਲਗਾਏ ਗਏ ਸਾਂਝੇ ਨਾਕਿਆਂ ਦੌਰਾਨ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐਸਐਸਪੀ ਦੀਪਕ ਪਾਰੀਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੁਹਾਲੀ ਪੁਲੀਸ ਵੱਲੋਂ ਇੱਕ ਸਾਂਝਾ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ ਦਾ ਮੰਤਵ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ’ਤੇ ਨਕੇਲ ਪਾਈ ਜਾ ਸਕੇ ਅਤੇ ਰਾਤ ਸਮੇਂ ਨਵਾਂ ਸਾਲ ਮਨਾਉਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਕਸਰ 31 ਦਸੰਬਰ ਦੀ ਰਾਤ ਨੌਜਵਾਨ ਚੰਡੀਗੜ੍ਹ ਵਿੱਚ ਪਾਰਟੀ ਮਨਾਉਣ ਤੋਂ ਬਾਅਦ ਮੁਹਾਲੀ ਵਿੱਚ ਦਾਖ਼ਲ ਹੋ ਜਾਂਦੇ ਹਨ ਅਤੇ ਕਿਉਂਕਿ ਚੰਡੀਗੜ੍ਹ ਪੁਲੀਸ ਦੀ ਸਖ਼ਤੀ ਨੂੰ ਦੇਖਦਿਆਂ ਨੌਜਵਾਨਾਂ ਦਾ ਹਜੂਮ ਮੁਹਾਲੀ ਵੱਲ ਆਉਂਦਾ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਚੰਡੀਗੜ੍ਹ ਮੁਹਾਲੀ ਹੱਦ ਤੇ ਲਗਾਏ ਗਏ ਸਾਂਝੇ ਨਾਕਿਆਂ ਤੋਂ ਇਲਾਵਾ ਮੁਹਾਲੀ ਵਿਚਲੀਆਂ ਸੜਕਾਂ ਅਤੇ ਬਾਜਾਰਾਂ ਵਿੱਚ ਵੀ ਸੁਰੱਖਿਆ ਦੇ ਪੂਰੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਸਿਵਲ ਵਰਦੀ ਵਿੱਚ ਪੁਲੀਸ ਕਰਮਚਾਰੀ ਬਜਾਰਾਂ ਦੇ ਅੰਦਰ ਤਾਇਨਾਤ ਰਹਿ ਕੇ ਸ਼ਰਾਰਤੀ ਅਨਸਰਾਂ ਤੇ ਆਪਣੀ ਬਾਜ ਅੱਖ ਰੱਖਣਗੇ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਵਾਂ ਸਾਲ ਸੁਖਸ਼ਾਂਤੀ ਨਾਲ ਮਨਾਉਣ ਅਤੇ ਹੁੱਲੜਬਾਜ਼ਾਂ ਨੂੰ ਤਾਕੀਦ ਕੀਤੀ ਕਿ ਪੁਲੀਸ ਉਨ੍ਹਾਂ ਵਿਰੱੁਧ ਸਖ਼ਤ ਐਕਸ਼ਨ ਲੈਦ ਤੋਂ ਵੀ ਪ੍ਰਹੇਜ ਨਹੀਂ ਕਰੇਗੀ। ਇਸ ਮੌਕੇ ਚੈਕਿੰਗ ਅਭਿਆਨ ਵਿੱਚ ਚੰਡੀਗੜ੍ਹ ਪੁਲੀਸ ਦੇ ਥਾਣਾ ਸੈਕਟਰ-49 ਚੰਡੀਗੜ੍ਹ ਦੇ ਐਸਐਚਓ ਓਮ ਪ੍ਰਕਾਸ਼, ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰੁਪਿੰਦਰ ਸਿੰਘ, ਥਾਣਾ ਫੇਜ਼-11 ਦੇ ਐਸਐਚਓ ਇੰਸਪੈਕਟਰ ਗਗਨਦੀਪ ਸਿੰਘ, ਥਾਣਾ ਮਟੌਰ ਦੇ ਐਸਐਚਓ ਇੰਸਪੈਕਟਰ ਅਮਨਦੀਪ ਤਰੀਕਾ ਅਤੇ ਥਾਣਾ ਫੇਜ਼-1 ਦੇ ਮੁਖੀ ਸੁਖਬੀਰ ਸਿੰਘ ਵੀ ਮੌਜੂਦ ਸਨ।