nabaz-e-punjab.com

ਮੁਹਾਲੀ ਹਮਲਾ: ਮੁਲਜ਼ਮ ਨਿਸ਼ਾਨ ਸਿੰਘ ਦੀ ਪੁੱਛਗਿੱਛ ਤੋਂ ਅਹਿਮ ਖ਼ੁਲਾਸੇ, ਫਰਾਰ ਮੁਲਜ਼ਮਾਂ ਬਾਰੇ ਮਿਲਿਆ ਸੁਰਾਗ

ਪਹਿਲਾਂ ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਦਾ 26 ਮਈ ਤੱਕ ਵਧਾਇਆ ਪੁਲੀਸ ਰਿਮਾਂਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਪਿਛਲੀ ਦਿਨੀਂ ਰਾਕੇਟ ਲਾਂਚਰ ਨਾਲ ਕੀਤੇ ਗਏ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਫਰੀਦਕੋਟ ਜੇਲ੍ਹ ’ਚੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦੇ ਗਏ ਮੁਲਜ਼ਮ ਨਿਸ਼ਾਨ ਸਿੰਘ ਦੀ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਪਾ ਲਈ ਹੈ। ਨਿਸ਼ਾਨ ਸਿੰਘ 30 ਮਈ ਤੱਕ ਪੁਲੀਸ ਰਿਮਾਂਡ ’ਤੇ ਹਨ। ਉਸ ਕੋਲੋਂ ਪੁੱਛਗਿੱਛ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਮੁਲਜ਼ਮਾਂ ਦੇ ਛੁਪਣ ਟਿਕਾਣੇ ਬਾਰੇ ਪੁਲੀਸ ਨੂੰ ਅਹਿਮ ਸੁਰਾਗ ਮਿਲਿਆ ਹੈ। ਮੁਹਾਲੀ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦਿੱਲੀ ਵਿੱਚ ਛੁਪੇ ਹੋਣ ਜਾਂ ਦਿੱਲੀ ਪੁਲੀਸ ਦੀ ਹਿਰਾਸਤ ਵਿੱਚ ਹੋਣ ਬਾਰੇ ਪੁੱਛਿਆ ਗਿਆ ਤਾਂ ਐਸਐਸਪੀ ਨੇ ਇਸ ਸਬੰਧੀ ਅਨਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਪੁਲੀਸ ਫਰਾਰ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਲਿਆਂਦਾ ਜਾਵੇਗਾ। ਇਸ ਵਾਰਦਾਤ ਨੂੰ ਪਾਕਿਸਤਾਨ ਦੀ ਆਈਐਆਈ ਏਜੰਸੀ ਦੀ ਸਹਿ ’ਤੇ ਬੱਬਰ ਖ਼ਾਲਸਾ ਅਤੇ ਗੈਂਗਸਟਰਾਂ ਦੇ ਗੱਠਜੋੜ ਨੇ ਅੰਜਾਮ ਦਿੱਤਾ ਸੀ। ਪੁਲੀਸ ਅਨੁਸਾਰ ਨਿਸ਼ਾਨ ਸਿੰਘ ਨੇ ਵੀ ਮੁਲਜ਼ਮਾਂ ਨੂੰ ਰਾਕੇਟ ਪ੍ਰੋਪੇਲਡ ਗ੍ਰੇਨਾਈਟ (ਆਰਪੀਜੀ) ਸਪਲਾਈ ਕੀਤਾ ਸੀ ਅਤੇ ਆਪਣੇ ਘਰ ਪਨਾਹ ਦਿੱਤੀ ਸੀ ਅਤੇ ਹਮਲੇ ਤੋਂ ਕੁੱਝ ਦਿਨ ਪਹਿਲਾਂ ਹੀ ਉਸ ਨੂੰ ਤਰਨ ਤਾਰਨ ਵਿੱਚ ਦੋ ਤਿੰਨ ਅਣਪਛਾਤੇ ਵਿਅਕਤੀਆਂ ਨੇ ਇਹ ਧਮਾਕਾਖ਼ੇਜ਼ ਸਮੱਗਰੀ ਮੁਹੱਈਆ ਕਰਵਾਈ ਸੀ।
ਸੋਹਾਣਾ ਥਾਣਾ ਦੇ ਐਸਐਚਓ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ 5 ਮੁਲਜ਼ਮਾਂ ਬਲਜਿੰਦਰ ਸਿੰਘ ਰੈਂਬੋ ਵਾਸੀ ਪੱਟੀ (ਤਰਨਤਾਰਨ), ਜਗਦੀਪ ਸਿੰਘ ਕੰਗ, ਕੰਵਰਜੀਤ ਸਿੰਘ ਉਰਫ਼ ਕੰਵਲ ਬਾਠ ਵਾਸੀ ਗੁੰਮਟਾਲਾ (ਅੰਮ੍ਰਿਤਸਰ), ਬਲਜੀਤ ਕੌਰ ਉਰਫ਼ ਸੁਖੀ ਵਾਸੀ ਕੋਟ ਖਾਲਸਾ (ਅੰਮ੍ਰਿਤਸਰ), ਅਨੰਤਦੀਪ ਸੋਨੂ ਵਾਸੀ ਅੰਮ੍ਰਿਤਸਰ ਦਾ ਅਦਾਲਤ ਨੇ 26 ਮਈ ਤੱਕ ਪੁਲੀਸ ਰਿਮਾਂਡ ਵਧਾ ਦਿੱਤਾ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਤੋਂ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵਿਖੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਾਸ ਪੁੱਛਗਿੱਛ ਕੀਤੀ ਜਾ ਰਹੀ ਹੈ। ਉਂਜ ਮੁਹਾਲੀ ਪੁਲੀਸ ਵੱਲੋਂ ਸ਼ੱਕ ਦੇ ਆਧਾਰ ’ਤੇ ਯੂਪੀ ’ਚੋਂ ਹਿਰਾਸਤ ਵਿੱਚ ਲਏ ਗਏ ਦੋ ਸ਼ੱਕੀ ਵਿਅਕਤੀਆਂ ਨੂੰ ਲੰਮੀ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ।
ਇਸ ਪੂਰੇ ਮਾਮਲੇ ਦਾ ਮਾਸਟਰ ਮਾਈਂਡ ਲਖਬੀਰ ਸਿੰਘ ਲੰਡਾ ਹੈ, ਜੋ ਸਾਲ 2017 ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਹ ਪਾਕਿਤਸਾਨ ’ਚ ਰਹਿੰਦੇ ਗੈਂਗਸਟਰ ਹਰਵਿੰਦਰ ਸਿੰਘ ਰਿੰਕਾ ਦੀ ਸੱਜੀ ਬਾਂਹ ਹੈ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਹਮਲਾਵਰ 7 ਮਈ ਤੱਕ ਅੰਮ੍ਰਿਤਸਰ ਤੇ ਤਰਨ ਤਾਰਨ ਇਲਾਕੇ ਵਿੱਚ ਰਹੇ ਹਨ। ਇਸ ਉਪਰੰਤ ਉਹ ਮੁਹਾਲੀ ਦੇ ਸੈਕਟਰ-85 ਸਥਿਤ ਵੈਵ ਹਾਈਟਸ ਸੁਸਾਇਟੀ ਵਿੱਚ ਰਹਿੰਦੇ ਜਗਦੀਪ ਕੰਗ ਕੋਲ ਆ ਕੇ ਠਹਿਰੇ ਸੀ ਅਤੇ ਉਨ੍ਹਾਂ ਨੇ ਦੋ ਦਿਨ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਦੀ ਰੈਕੀ ਕੀਤੀ ਅਤੇ 9 ਮਈ ਦੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਉਧਰ, ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ’ਤੇ ਆਰਪੀਜੀ ਹਮਲੇ ਤੋਂ ਬਾਅਦ ਪੰਜਾਬ ਪੁਲੀਸ ਹੋਰ ਵਧੇਰੇ ਚੌਕਸ ਹੋ ਗਈ ਹੈ। ਮੁੜ ਅਜਿਹੀ ਕੋਈ ਅਤਿਵਾਦੀ ਘਟਨਾ ਨਾ ਵਾਪਰੇ ਇਸ ਸਬੰਧੀ ਅਗਾਊਂ ਤਿਆਰੀਆਂ ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਮੁਹਾਲੀ ਸਮੇਤ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਪੈਰਾ ਮਿਲਟਰੀ ਫੋਰਸ ਦੀ ਇਕ ਪੂਰੀ ਕੰਪਨੀ ਤਾਇਨਾਤ ਕੀਤੀ ਗਈ ਹੈ। ਜਿਸ ਵਿੱਚ 100 ਤੋਂ ਵੱਧ ਹਥਿਆਰਬੰਦ ਜਵਾਨ ਸ਼ਾਮਲ ਹਨ। ਇਨ੍ਹਾਂ ’ਚੋਂ 75 ਜਵਾਨ ਇੱਕੋ ਸਮੇਂ ਉਪਲਬਧ ਹੋਣਗੇ। ਮਿਲਟਰੀ ਫੋਰਸ ਦੇ ਇਨ੍ਹਾਂ ਜਵਾਨਾਂ ਨੂੰ ਸ਼ਹਿਰ ਦੇ ਕਈ ਹਿੱਸਿਆ ਵਿੱਚ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹਿ ਸਕੇ। ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚ ਕਰੀਬ 170 ਸੰਵੇਦਨਸ਼ੀਲ ਇਮਾਰਤਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਨ੍ਹਾਂ ’ਚੋਂ ਮੁਹਾਲੀ ਵਿੱਚ ਕੌਮਾਂਤਰੀ ਏਅਰਪੋਰਟ ਸਮੇਤ 37 ਅਤਿ-ਸੰਵੇਦਨਸ਼ੀਲ ਇਮਾਰਤਾਂ ਹਨ।

Load More Related Articles
Load More By Nabaz-e-Punjab
Load More In General News

Check Also

Punjab Police Arrests Four Operatives Of Landa Module After Brief Encounter; Two Grenades, Two Pistols Recovered

Punjab Police Arrests Four Operatives Of Landa Module After Brief Encounter; Two Grenades,…