nabaz-e-punjab.com

ਮੁਹਾਲੀ ਅਟੈਕ: ਹਮਲਾਵਰਾਂ ਨੂੰ ਨਿਸ਼ਾਨ ਸਿੰਘ ਨੇ ਸਪਲਾਈ ਕੀਤਾ ਸੀ ਆਰਪੀਜੀ?

ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਵੀ ਨਿਸ਼ਾਨ ਸਿੰਘ ਨੇ ਮੁਲਜ਼ਮਾਂ ਨੂੰ ਠਹਿਰਨ ਲਈ ਮੁਹੱਈਆ ਕੀਤਾ ਸੀ ਟਿਕਾਣਾ

ਜਾਂਚ ਏਜੰਸੀਆਂ ਦੀ ਪੁੱਛਗਿੱਛ ਵਿੱਚ ਹੋਇਆ ਅਹਿਮ ਖੁਲਾਸਾ: ਸੂਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਪਿਛਲੇ ਦਿਨੀਂ ਹੋਏ ਧਮਾਕੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਨਿਸ਼ਾਨ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਏ ਹਨ। ਪੁਲੀਸ ਸੂਤਰਾਂ ਦੀ ਜਾਣਕਾਰੀ ਮੁਤਾਬਕ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹਮਲੇ ਮਾਮਲੇ ਵਿੱਚ ਨਿਸ਼ਾਨ ਸਿੰਘ ਨੇ ਹੀ ਹਮਲਾਵਰਾਂ ਨੂੰ ਰਾਕੇਟ ਪ੍ਰੋਪੇਲਡ ਗ੍ਰੇਨਾਈਟ (ਆਰਪੀਜੀ) ਸਪਲਾਈ ਕੀਤਾ ਸੀ?। ਸੂਤਰ ਦੱਸਦੇ ਹਨ ਇਸ ਹਮਲੇ ਤੋਂ ਕੁੱਝ ਦਿਨ ਪਹਿਲਾਂ ਹੀ ਉਸ ਨੂੰ ਤਰਨ ਤਾਰਨ ਖੇਤਰ ਵਿੱਚ ਦੋ ਤਿੰਨ ਅਣਪਛਾਤੇ ਵਿਅਕਤੀਆਂ ਨੇ ਇਹ ਧਮਾਕਾਖ਼ੇਜ਼ ਸਮੱਗਰੀ ਮੁਹੱਈਆ ਕਰਵਾਈ ਗਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਸ਼ਾਨ ਸਿੰਘ ਨੇ ਹਮਲੇ ਦੀ ਯੋਜਨਾ ਘੜਨ ਲਈ ਹਮਲਾਵਰਾਂ ਦੇ ਠਹਿਰਨ ਦੀ ਵਿਵਸਥਾ ਕੀਤੀ ਗਈ ਸੀ।
ਮੁਲਜ਼ਮ ਨਿਸ਼ਾਨ ਸਿੰਘ ਫ਼ਰੀਦਕੋਟ ਪੁਲੀਸ ਕੋਲ ਇਕ ਪੁਰਾਣੇ ਮਾਮਲੇ ਵਿੱਚ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਹੈ। ਅੱਜ ਦੂਜੇ ਦਿਨ ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਐਨਆਈਏ ਦੀ ਜਾਂਚ ਟੀਮ ਅਤੇ ਭਾਰਤੀ ਸੈਨਾ ਦੇ ਅਫ਼ਸਰਾਂ ਨੇ ਵੀ ਉਸ ਤੋਂ ਲੰਮੀ ਪੁੱਛਗਿੱਛ ਕਰਨ ਬਾਰੇ ਪਤਾ ਲੱਗਾ ਹੈ। ਪੰਜਾਬ ਪੁਲੀਸ ਨੂੰ ਇਸ ਘਟਨਾ ਸਬੰਧੀ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਰਿਮਾਂਡ ਖ਼ਤਮ ਹੋਣ ਬਾਅਦ ਮੁਹਾਲੀ ਪੁਲੀਸ ਵੱਲੋਂ ਪ੍ਰੋਡਕਸ਼ਨ ਵਰੰਟ ’ਤੇ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਲਿਆਂਦਾ ਜਾਵੇਗਾ ਅਤੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਹੈੱਡਕੁਆਰਟਰ ਦੇ ਸਾਹਮਣੇ ਖਾਲੀ ਪਈ ਜ਼ਮੀਨ ਜਿੱਥੇ ਕਿ ਝਾੜੀਆਂ ਉੱਗੀਆਂ ਹਨ, ਵਿੱਚ ਇੱਟਾਂ ਦਾ ਸਟੈਂਡ ਤਿਆਰ ਕੀਤਾ ਗਿਆ ਸੀ। ਇਸ ਸਬੰਧੀ ਪੁਲੀਸ ਨੂੰ ਕੁਝ ਸਬੂਤ ਵੀ ਮਿਲੇ ਹਨ। ਇਸ ਹਮਲੇ ਸਬੰਧੀ ਅੱਜ ਵੀ ਕੁੱਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਇਕ ਸ਼ੱਕੀ ਨੇ ਹਮਲਾਵਰਾਂ ਨੂੰ ਸਵਿਫ਼ਟ ਕਾਰ ਮੁਹੱਈਆ ਕਰਵਾਈ ਸੀ।
ਪੁਲੀਸ ਸੂਤਰਾਂ ਅਨੁਸਾਰ ਮੁੱਖ ਦਫ਼ਤਰ ’ਤੇ ਹਮਲਾ ਚਲਦੀ ਕਾਰ ਤੋਂ ਨਹੀਂ ਸਗੋਂ ਹੈੱਡਕੁਆਰਟਰ ਦੇ ਸਾਹਮਣੇ ਖਾਲੀ ਜ਼ਮੀਨ ਤੋਂ ਕੀਤਾ ਗਿਆ। ਇਹ ਜਗ੍ਹਾ ਪਾਰਕਿੰਗ ਲਈ ਵਰਤੀ ਜਾਂਦੀ ਹੈ। ਸੀਸੀਟੀਵੀ ਫੁਟੇਜ ਤੋਂ ਵੀ ਕੁੱਝ ਅਜਿਹੇ ਸੰਕੇਤ ਮਿਲ ਰਹੇ ਹਨ। ਇੱਥੇ ਇੱਟਾਂ ਦਾ ਸਟੈਂਡ ਬਣਾ ਕੇ 60 ਡਿਗਰੀ ਐਂਗਲ ’ਤੇ ਫਾਇਰ ਕੀਤਾ ਗਿਆ, ਜੋ ਕੰਧ ਦੇ ਕੋਨੇ ਨਾਲ ਟਕਰਾ ਕੇ ਕਮਰੇ ਦੇ ਛੱਤ ਵਿੱਚ ਵੱਜ ਕੇ ਕੁਰਸੀ ’ਤੇ ਜਾ ਡਿੱਗਿਆ ਸੀ। ਇਸ ਸਬੰਧੀ ਫੋਰੈਂਸਿਕ ਮਾਹਰਾਂ ਦੀ ਟੀਮ ਹਮਲੇ ਸਬੰਧੀ ਤਕਨੀਕੀ ਪੱਖੋਂ ਡੂੰਘਾਈ ਨਾਲ ਜਾਂਚ ਕਰਕੇ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਦਫ਼ਤਰ ਤੋਂ ਕਿੰਨੀ ਦੂਰੀ ’ਤੇ ਹਮਲਾ ਕੀਤਾ ਗਿਆ ਹੈ। ਘਟਨਾ ਸਥਾਨ ਤੋਂ ਕੁੱਝ ਹੀ ਦੂਰੀ ’ਤੇ ਪੁਲੀਸ ਨੂੰ ਕੁਝ ਇੱਟਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਬਾਰੇ ਇਹ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇੱਥੋਂ ਆਰਪੀਜੀ ਹਮਲਾ ਕੀਤਾ ਗਿਆ ਸੀ। ਕਰੀਬ 100 ਮੀਟਰ ਦੇ ਘੇਰੇ ਤੋਂ ਅੱਗ ਬੁਝਾਈ ਗਈ। ਕੁਝ ਹੋਰ ਅਹਿਮ ਸਬੂਤ ਵੀ ਪੁਲੀਸ ਦੇ ਹੱਥ ਲੱਗੇ ਹਨ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਡਰੋਨ ਦੀ ਵਰਤੋਂ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ। ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਪੁਲੀਸ ਅਧਿਕਾਰੀ ਇਸ ਸਬੰਧੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹਨ। ਜ਼ਿਲ੍ਹਾ ਅਧਿਕਾਰੀ ਇਕ ਦੂਜੇ ’ਤੇ ਸੱਟ ਕੇ ਚੁੱਪ ਵੱਟ ਲੈਂਦੇ ਹਨ।
ਉਧਰ, ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਨੇ ਸ਼ਹਿਰ ਅਤੇ ਮੁੱਖ ਸੜਕਾਂ ’ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਗਈਆਂ। ਟੀਮ ਦੇ ਮੈਂਬਰਾਂ ਨੇ ਆਮ ਸ਼ਹਿਰੀਆਂ ਨਾਲ ਵੀ ਸਿੱਧੀ ਗੱਲ ਕਰਕੇ ਸੁਰਾਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਸੈਨਾ ਦੇ ਅਧਿਕਾਰੀ ਵੀ ਫੌਜੀ ਵਰਦੀ ਵੀ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈ ਚੁੱਕੇ ਹਨ। ਦਿੱਲੀ ਪੁਲੀਸ ਦੇ ਸਪੈਸ਼ਲ ਵਿੰਗ ਦੀ ਟੀਮ ਵੀ ਮੌਕੇ ਦਾ ਨਿਰੀਖਣ ਕਰ ਚੁੱਕੀ ਹੈ।

Load More Related Articles

Check Also

ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 11 ਫਰ…