Nabaz-e-punjab.com

ਮੁਹਾਲੀ, ਬਲੌਂਗੀ ਤੇ ਕਲੋਨੀਆਂ ਵਿੱਚ ਚਾਰ ਚੁਫੇਰੇ ਗੰਦਗੀ ਦੀ ਭਰਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਨੇੜਲੇ ਕਸਬਾ-ਨੁਮਾ ਪਿੰਡ ਬਲੌਂਗੀ ਅਤੇ ਬਲੌਂਗੀ ਦੀਆਂ ਵੱਖ-ਵੱਖ ਕਲੋਨੀਆਂ ਵਿੱਚ ਸਫ਼ਾਈ ਵਿਵਸਥਾ ਦਾ ਮਾੜਾ ਹਾਲ ਹੋਣ ਕਾਰਨ ਥਾਂ ਥਾਂ ਗੰਦਗੀ ਫੈਲੀ ਹੋਈ ਹੈ ਅਤੇ ਮੌਜੂਦਾ ਸਮੇਂ ਵਿੱਚ ਕਾਫੀ ਥਾਵਾਂ ’ਤੇ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਪਿੰਡ ਬਲੌਂਗੀ ਅਤੇ ਕਲੋਨੀ ਵਿੱਚ ਹਰ ਪਾਸੇ ਕੂੜਾ, ਗੰਦਗੀ ਅਤੇ ਹੋਰ ਰਹਿੰਦ ਖੂੰਹਦ ਫੈਲੀ ਹੋਈ ਹੈ। ਜਿਸ ’ਚੋਂ ਕਾਫੀ ਬਦਬੂ ਉੱਠ ਰਹੀ ਹੈ ਅਤੇ ਇਸ ਕਾਰਨ ਮੱਖੀ ਮੱਛਰ ਪੈਦਾ ਹੋ ਗਏ ਹਨ। ਇੱਥੇ ਟੋਭੇ ਦੇ ਆਲੇ-ਦੁਆਲੇ ਹੋਰ ਵੀ ਬੁਰਾ ਹਾਲ ਹੈ। ਟੋਭੇ ਦੇ ਆਸਪਾਸ ਗੰਦਗੀ ਖਿਲਰੀ ਪਈ ਹੈ। ਇਸ ਤੋਂ ਇਲਾਵਾ ਬਲੌਂਗੀ ਦੀ ਸ਼ੁਰੂਆਤ ਵਿੱਚ ਖਾਲੀ ਪਈ ਜ਼ਮੀਨ ਉਪਰ ਵੀ ਬਹੁਤ ਕੂੜਾ-ਕਰਕਟ ਪਿਆ ਹੈ। ਇਸ ਤਰ੍ਹਾਂ ਇਹ ਥਾਂ ਡੰਪਿੰਗ ਗਰਾਊਂਡ ਦਾ ਰੂਪ-ਧਾਰ ਗਈ ਹੈ। ਇੰਝ ਹੀ ਆਜ਼ਾਦ ਨਗਰ ਵਿੱਚ ਮੰਦਰ ਦੇ ਨੇੜੇ ਵੀ ਕਾਫੀ ਗੰਦਗੀ ਪਈ ਹੈ।
ਬਲੌਂਗੀ ਦੇ ਵਸਨੀਕ ਰਾਹੁਲ ਕੁਮਾਰ, ਕੁਨਾਲ, ਨਿਤੇਸ਼ ਕੁਮਾਰ, ਦਰਸ਼ਨ ਸਿੰਘ ਨੇ ਦੱਸਿਆ ਕਿ ਬਲੌਂਗੀ ਕਲੋਨੀ ਅਤੇ ਬਲੌਂਗੀ ਪਿੰਡ ਵਿੱਚ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ। ਜਿਸ ਕਾਰਨ ਹਰ ਪਾਸੇ ਗੰਦਗੀ ਦੇ ਢੇਰ ਲੱਗ ਗਏ ਹਨ, ਇਸ ਗੰਦਗੀ ਤੋਂ ਬਹੁਤ ਬਦਬੂ ਉੱਠਦੀ ਹੈ। ਜਿਸ ਕਾਰਨ ਇਸ ਇਲਾਕੇ ਵਿੱਚ ਕਦੇ ਵੀ ਕੋਈ ਬਿਮਾਰੀ ਫੈਲ ਸਕਦੀ ਹੈ। ਇਸ ਸਬੰਧੀ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਬੀਸੀ ਪ੍ਰੇਮੀ ਨੇ ਕਿਹਾ ਕਿ ਕਈ ਵਾਰ ਪੰਚਾਇਤ ਸਕੱਤਰ ਅਤੇ ਹੋਰ ਅਧਿਕਾਰੀਆਂ ਨੂੰ ਬਲੌਂਗੀ ਇਲਾਕੇ ਵਿੱਚ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਅਪੀਲ ਕੀਤੀ ਜਾ ਚੁੱਕੀ ਹੈ ਲੇਕਿਨ ਇਸ ਦੇ ਬਾਵਜੂਦ ਬਲੌਂਗੀ ਵਿੱਚ ਹੁਣ ਤੱਕ ਸਫਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਇਹ ਮੁੱਦਾ ਚੁੱਕਿਆ ਜਾਵੇਗਾ।
ਉਧਰ, ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਸਥਿਤ ਡੰਪਿੰਗ ਪੁਆਇੰਟਾਂ ’ਚੋਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਇਨ੍ਹਾਂ ਥਾਵਾਂ ’ਤੇ ਕੂੜੇ ਦੇ ਢੇਰ ਲੱਗ ਗਏ ਹਨ। ਜਾਣਕਾਰੀ ਅਨੁਸਾਰ ਨਗਰ ਨਿਗਮ ਦੀਆਂ ਕੂੜਾ ਚੁੱਕਣ ਵਾਲੀਆਂ ਮਸ਼ੀਨਾਂ (ਜੇਸੀਬੀ ਅਤੇ ਟਿੱਪਰ) ਖਰਾਬ ਹੋਣ ਕਾਰਨ ਚਾਰ ਦਿਨਾਂ ਤੋਂ ਕੂੜਾ ਚੁੱਕਣ ਦਾ ਕੰਮ ਬੰਦ ਪਿਆ ਹੈ ਪ੍ਰੰਤੂ ਹੁਣ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ’ਤੇ ਪ੍ਰਸ਼ਾਸਨ ਨੇ ਕੂੜਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ।
ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਨੇ ਦੱਸਿਆ ਕਿ ਇੱਥੋਂ ਦੇ ਫੇਜ਼-6 ਵਿੱਚ ਪੈਟਰੋਲ ਪੰਪ ਦੇ ਸਾਹਮਣੇ ਡੰਪਿੰਗ ਪੁਆਇੰਟ ’ਚੋਂ ਪਿਛਲੇ ਚਾਰ ਦਿਨਾਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਹੈ। ਜਿਸ ਕਾਰਨ ਡੰਪਿੰਗ ਪੁਆਇੰਟ ਅਤੇ ਆਲੇ ਦੁਆਲੇ ਕੂੜੇ ਦੀ ਭਰਮਾਰ ਹੋ ਗਈ ਹੈ। ਇਹ ਕੂੜਾ ਮੁੱਖ ਸੜਕ ਤੱਕ ਪਹੁੰਚ ਗਿਆ ਹੈ ਅਤੇ ਇਸ ’ਚੋਂ ਕਾਫ਼ੀ ਬਦਬੂ ਆ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਉਹਨਾਂ ਨੇ ਨਗਰ ਨਿਗਮ ਦੇ ਜੇਈ ਗੱਲ ਕੀਤੀ ਤਾਂ ਜੇਈ ਦਾ ਕਹਿਣਾ ਸੀ ਕਿ ਕੂੜਾ ਚੁੱਕਣ ਵਾਲੀ ਜੇ ਸੀ ਬੀ ਮਸ਼ੀਨ ਦੇ ਖਰਾਬ ਹੋਣ ਕਾਰਨ ਫੇਜ਼ 6 ਸਮੇਤ ਕਿਸੇ ਵੀ ਡੰਪਿੰਗ ਪੁਆਇੰਟ ’ਚੋਂ ਕੂੜਾ ਨਹੀਂ ਚੁੱਕਿਆ ਗਿਆ।
ਇਸ ਦੌਰਾਨ ਸ਼ਹਿਰ ਦਾ ਦੌਰਾ ਕਰਨ ਤੇ ਦੇਖਿਆ ਕਿ ਇੱਕ ਦੁੱਕਾ ਡੰਪਿੰਗ ਪੁਆਇੰਟਾਂ ਤੋਂ ਕੂੜਾ ਚੁਕਵਾ ਦਿੱਤਾ ਗਿਆ ਸੀ ਜਦੋਂਕਿ ਬਾਕੀ ਥਾਵਾਂ ’ਤੇ ਕੂੜਾ ਪਿਆ ਸੀ। ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਸਕੱਤਰ ਰਾਜੀਵ ਕੁਮਾਰ ਨੇ ਮੰਨਿਆਂ ਕਿ ਮਸ਼ੀਨਰੀ ਖਰਾਬ ਹੋਣ ਕਾਰਨ ਪਿਛਲੇ ਦਿਨਾਂ ਦੌਰਾਨ ਕੂੜਾ ਚੁੱਕਵਾਉਣ ਦਾ ਕੰਮ ਪ੍ਰਭਵਿਤ ਹੋਇਆ ਸੀ ਪ੍ਰੰਤੂ ਹੁਣ ਮਸ਼ੀਨਾਂ ਠੀਕ ਹੋ ਗਈਆਂ ਹਨ ਅਤੇ ਕੱਲ੍ਹ ਤੱਕ ਪੂਰਾ ਕੂੜਾ ਚੁਕਵਾ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …