Share on Facebook Share on Twitter Share on Google+ Share on Pinterest Share on Linkedin ਮੁਹਾਲੀ ਆਨਲਾਈਨ ਰਜਿਸਟਰੀਆਂ ਕਰਨ ਵਾਲਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣਿਆ ਰੂਪਨਗਰ ਦੇ ਡਿਵੀਜ਼ਨਲ ਕਮਿਸ਼ਨਰ ਵੀ.ਕੇ. ਮੀਨਾ ਨੇ ਆਨਲਾਈਨ ਰਜਿਸਟਰੇਸ਼ਨ ਦੀ ਕੀਤੀ ਰਸਮੀ ਸ਼ੁਰੂਆਤ ਹੁਣ ਰਜਿਸਟਰੀਆਂ ਸਬੰਧੀ ਲੋਕਾਂ ਨੂੰ ਨਹੀਂ ਕਰਨਾ ਪਵੇਗਾ ਮੁਸ਼ਕਲਾਂ ਦਾ ਸਾਹਮਣਾ: ਡੀਸੀ ਸਪਰਾ ਆਨਲਾਈਨ ਸਮਾਂ ਲੈ ਕੇ ਕਰਵਾਈ ਜਾ ਸਕੇਗੀ ਰਜਿਸਟਰੀ, ਸਮੇਂ ਦੀ ਹੋਵੇਗੀ ਬਚਤ, ਤਹਿਸੀਲ ਦਫ਼ਤਰਾਂ ਵਿੱਚ ਵੀ ਘਟੇਗੀ ਭੀੜ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ: ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵਧੀਕ ਮੁੱਖ ਸਕੱਤਰ (ਮਾਲ) ਕਮ ਵਿੱਤ ਕਮਿਸ਼ਨਰ ਮਾਲ ਅਤੇ ਡਵਿਜ਼ਨਲ ਕਮਿਸ਼ਨਰ, ਰੂਪਨਗਰ ਵੀ.ਕੇ. ਮੀਨਾ ਨੇ ਨੈਸ਼ਨਲ ਜੈਨਰਿਕ ਸਾਫਟਵੇਅਰ ਫਾਰ ਡਾਕੂਮੈਂਟ ਰਜਿਸਟਰੇਸ਼ਨ (ਐਨਜੀਡੀਆਰਐਸ) ਤਹਿਤ ਆਨਲਾਈਨ ਰਜਿਸਟਰੀਆਂ ਕਰਨ ਲਈ ਤਿਆਰ ਕੀਤੇ ਪੋਰਟਲ ਦੀ ਰਸਮੀ ਸ਼ੁਰੂਆਤ ਕੀਤੀ। ਜ਼ਿਲ੍ਹਾ ਐਸ.ਏ.ਐਸ ਨਗਰ ਲੋਕਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 17 ਨਵੰਬਰ ਨੂੰ ਮੋਗਾ ਤੇ ਆਦਮਪੁਰ ਤਹਿਸੀਲਾਂ ਵਿੱਚ ਇਸ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਜ਼ਿਲ੍ਹਾ ਪੱਧਰ ’ਤੇ ਇਸ ਨੂੰ ਐਸ.ਏ.ਐਸ ਨਗਰ ਵਿਚ ਹੀ ਲਾਗੂ ਕੀਤਾ ਗਿਆ ਹੈ। ਇਸ ਨਵੀਂ ਪ੍ਰਣਾਲੀ ਤਹਿਤ ਪਹਿਲੀ ਰਜਿਸਟਰੀ ਪਰਮਿੰਦਰ ਕੌਰ ਅਤੇ ਲਾਭ ਕੌਰ ਵੱਲੋਂ ਰਸ਼ਮੀ ਹੰਸ ਪੁੱਤਰੀ ਰਮੇਸ਼ ਕੁਮਾਰ ਹੰਸ (ਵਾਸੀਆਨ ਬਲੌਂਗੀ) ਨੂੰ ਵੇਚੇ ਗਏ ਬਲੌਂਗੀ ਸਥਿਤ ਪਲਾਟ ਦੀ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਸ੍ਰੀ ਵੀ.ਕੇ. ਮੀਨਾ ਨੇ ਦੱਸਿਆ ਕਿ ਰਜਿਸਟਰੀ ਸਬੰਧੀ ਕਾਗਜ਼ਾਤ ਤਿਆਰ ਹੋਣ ਤੋਂ ਬਾਅਦ ਲੋਕ ਇਸ ਪੋਰਟਲ ਦੀ ਮਦਦ ਨਾਲ ਘਰ ਬੈਠੇ ਹੀ ਰਜਿਸਟਰੀ ਕਰਵਾਉਣ ਲਈ ਸਮਾਂ (ਅਪੋਆਇੰਟਮਂੈਂਟ) ਲੈ ਸਕਣਗੇ ਅਤੇ ਉਨ੍ਹਾਂ ਨੂੰ ਸਬ-ਰਜਿਸਟਰਾਰ ਦਫਤਰ ਵਿਚ ਬੈਠ ਕੇ ਲੰਮਾ ਸਮਾਂ ਉਡੀਕ ਨਹੀਂ ਕਰਨੀ ਪਵੇਗੀ। ਇਸ ਸਾਫਟਵੇਅਰ ਵਿਚ ‘ਟਾਈਮਸਲੌਟਸ’ ਦਾ ਪ੍ਰਬੰਧ ਕੀਤਾ ਗਿਆ ਹੈ, ਜਿਨ੍ਹਾਂ ਤਹਿਤ ਲੋਕਾਂ ਨੂੰ ਰਜਿਸਟਰੀਆਂ ਲਈ ਸਮਾਂ ਦਿੱਤਾ ਜਾਵੇਗਾ। ਡਿਵੀਜ਼ਨਲ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਫਟਵੇਅਰ ਜ਼ਰੀਏ ਸਵੇਰੇ 09 ਵਜੇ ਤੋਂ ਲੈ ਕੇ ਸ਼ਾਮ 05 ਵਜੇ ਦੇ ਦਰਮਿਆਨ ਹੀ ਰਜਿਸਟਰੀਆਂ ਲਈ ਸਮਾਂ ਦਿੱਤਾ ਜਾਵੇਗਾ ਅਤੇ ਸ਼ੁਰੂਆਤੀ ਤੌਰ ’ਤੇ ਇਕ ਰਜਿਸਟਰੀ ਨੂੰ 10 ਤੋਂ 15 ਮਿੰਟ ਦਾ ਸਮਾਂ ਲੱਗੇਗਾ, ਜਿਹੜਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਘਟ ਜਾਵੇਗਾ। ਇਸ ਪ੍ਰਕਿਰਿਆ ਲਈ ਆਧਾਰ ਕਾਰਡ ਲਾਜ਼ਮੀ ਕੀਤਾ ਗਿਆ ਹੈ ਅਤੇ ਇਸ ਸਾਫਟਵੇਅਰ ਸਦਕਾ ਰਜਿਸਟਰੀਆਂ ਸਬੰਧੀ ਗੜਬੜ ਦੀ ਗੁੰਜਾਇਸ਼ ਨਹੀਂ ਰਹੀ ਹੈ। ਐਨ.ਆਈ.ਸੀ, ਪੁਣੇ ਵੱਲੋਂ ਤਿਆਰ ਕੀਤੇ ਗਏ ਇਸ ਸਾਫਟਵੇਅਰ ਨਾਲ ਕੀਤੀਆਂ ਜਾਣ ਵਾਲੀਆਂ ਰਜਿਸਟਰੀਆਂ ਦੀ ਜਾਣਕਾਰੀ ਆਨਲਾਈਨ ਵੀ ਸਾਂਭ ਕੇ ਰੱਖੀ ਜਾਵੇਗੀ, ਜਿਸ ਲਈ ਵਿਸ਼ੇਸ਼ ‘ਕਲਾਊਡ’ ਤਿਆਰ ਕੀਤਾ ਗਿਆ ਹੈ। ਸ੍ਰੀ ਮੀਨਾ ਨੇ ਦੱਸਿਆ ਕਿ ਇਸ ਰਜਿਸਟਰੇਸ਼ਨ ਪ੍ਰਣਾਲੀ ਤਹਿਤ ਲੋਕ ਹਫਤੇ ਵਿਚ ਸੱਤੇ ਦਿਨ ਤੇ 24 ਘੰਟੇ ਕਿਸੇ ਵੀ ਵੇਲੇ ਰਜਿਸਟਰੀ ਸਬੰਧੀ ਜਾਣਕਾਰੀ ਅੱਪਲੋਡ ਕਰ ਸਕਦੇ ਹਨ। ਸਬ ਰਜਿਸਟਰਾਰ ਦਫਤਰ ਵੱਲੋਂ ਅਪੋਆਇੰਟਮੈਂਟਾਂ ਦੀ ਗਿਣਤੀ ਘਟਾਈ ਵਧਾਈ ਜਾ ਸਕਦੀ ਹੈ। ਇਸ ਪ੍ਰਣਾਲੀ ਤਹਿਤ ਅਸਲ ਸਮੇਂ ਮੁਤਾਬਿਕ ਹੀ ਰਿਪੋਰਟਾਂ ਤਿਆਰ ਹੋਣਗੀਆਂ ਜਿਨ੍ਹਾਂ ਦਾ ਮੁਲਾਂਕਣ ਅਧਿਕਾਰੀਆਂ ਵੱਲੋਂ ਫੌਰੀ ਤੌਰ ’ਤੇ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਖਰੀਦਦਾਰ ਅਤੇ ਵਿਕਰੇਤਾ ਨੂੰ ਰਜਿਸਟਰੀ ਸਬੰਧੀ ਜਾਣਕਾਰੀ ਐਸਐਮਐਸ ਰਾਹੀਂ ਵੀ ਮੁਹੱਈਆ ਕਰਵਾਈ ਜਾਵੇਗੀ। ਰਜਿਸਟਰੀ ਨੂੰ ਸਕੈਨ ਕਰਕੇ ਪੋਰਟਲ ’ਤੇ ਪਾਇਆ ਜਾਵੇਗਾ ਜਿਸ ਨਾਲ ਮਾਲ ਵਿਭਾਗ ਦੇ ਰਿਕਾਰਡ ਵਿਚ ਵੀ ਜਾਣਕਾਰੀ ਸ਼ਾਮਿਲ ਹੁੰਦੀ ਰਹੇਗੀ। ਇਸ ਪੋਰਟਲ ਤਹਿਤ ਸਬ-ਰਜਿਸਟਰਾਰਾਂ ਨੂੰ ਵੀ ਬਾਇਓਮੀਟ੍ਰਿਕ ਪ੍ਰਣਾਲੀ ਨਾਲ ਜੋੜਿਆ ਗਿਆ ਹੈ। ਰਜਿਸਟਰੀ ਦੀ ਕਾਪੀ ਲੈਣ ਲਈ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ ਕਿਉਂਕਿ ਕਿ ਸਬ-ਰਜਿਸਟਰਾਰ ਦਫਤਰ ਵੱਲੋਂ ਆਨਲਾਈਨ ਰੱਖੀ ਗਈ ਜਾਣਕਾਰੀ ਦੇ ਆਧਾਰ ’ਤੇ ਰਜਿਸਟਰੀ ਦੀ ਕਾਪੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਇਸ ਸਾਰੀ ਸਹੂਲਤ ਲਈ ਲੋਕਾਂ ਨੂੰ ਕੋਈ ਵਾਧੂ ਫੀਸ ਵੀ ਨਹੀਂ ਤਾਰਨੀ ਪਵੇਗੀ। ਭਵਿੱਖ ਵਿਚ ਆਨਲਾਈਨ ਫੀਸ ਅਦਾ ਕਰਕੇ ਰਜਿਸਟਰੀ ਦੀ ਕਾਪੀ ਲੈਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਐਸ.ਆਰ.ਓ/ਜੇ.ਐਸ.ਆਰ.ਓ ਦੇ ਦਫਤਰਾਂ ਵਿਚ ਹੈਲਪਡੈਸਕ ਦੀ ਸਹੂਲਤ ਵੀ ਦਿੱਤੀ ਜਾਵੇਗੀ। ਸ੍ਰੀ ਮੀਨਾ ਨੇ ਦੱਸਿਆ ਕਿ ਇਸ ਪੋਰਟਲ ਜ਼ਰੀਏ ਸਟੈਂਪ ਡਿਊਟੀ, ਰਜਿਸਟਰੀ ਫੀਸ ਅਤੇ ਕੁਲੈਕਟਰ ਰੇਟਾਂ ਤੇ ਆਧਾਰਿਤ ਫੀਸ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ। ਡਵਿਜ਼ਨਲ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਰਜਿਸਟਰੀ ਦਾ ਇਹ ਪੋਰਟਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੱਖ ਵੱਖ ਰਜਿਸਟਰੀਆਂ ਸਬੰਧੀ ਖਾਕੇ ਤਿਆਰ ਕਰਕੇ ਅੱਪਲੋਡ ਕੀਤੇ ਜਾਣਗੇ ਤਾਂ ਜੋ ਲੋਕਾਂ ਦੀ ਰਜਿਸਟਰੀਆਂ ਦੇ ਕਾਗਜ਼ਾਤ ਤਿਆਰ ਕਰਨ ਵਾਲਿਆਂ ’ਤੇ ਨਿਰਭਰਤਾ ਘਟੇ। ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਕਰਨ ਦਾ ਮੁੱਖ ਮਕਸਦ ਇਹੀ ਹੈ ਕਿ ਲੋਕਾਂ ਨੂੰ ਰਜਿਸਟਰੀਆਂ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਨਵੀਂ ਪ੍ਰਕਿਰਿਆ ਸਬੰਧੀ ਕਿਸੇ ਕਿਸਮ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸ ਦਾ ਫੌਰੀ ਹੱਲ ਕੀਤਾ ਜਾਵੇਗਾ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਆਨਲਾਈਨ ਰਜਿਸਟਰੇਸ਼ਨ ਦੀ ਸ਼ੁਰੂਆਤ ਸਬੰਧੀ ਵਧਾਈ ਦਿੰਦਿਆਂ ਕਿਹਾ ਕਿ ਰਜਿਸਟਰੇਸ਼ਨ ਦੀ ਇਹ ਨਵੀਂ ਪ੍ਰਣਾਲੀ ਬਹੁਤ ਸਰਲ ਹੈ ਅਤੇ ਇਹ ਗੱਲ ਯਕੀਨੀ ਬਣਾਈ ਜਾਵੇਗੀ ਕਿ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਹੁਣ ਰਜਿਸਟਰੀਆਂ ਕਰਵਾਉਣ ਲਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਨਹੀਂ ਪਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ, ਐਸਡੀਐਮ ਡਾ. ਆਰ.ਪੀ.ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪਾਲਿਕਾ ਅਰੋੜਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ