ਓਡੀਐੱਫ਼ ਪਲਸ ਦੇ ਦਰਜੇ ਵਾਲਾ ਪੰਜਾਬ ਦਾ ਤੀਜਾ ਜ਼ਿਲ੍ਹਾ ਬਣਿਆ ਮੁਹਾਲੀ

ਮੁਹਾਲੀ ਗਰੀਨ ਜ਼ੋਨ ਵਿੱਚ ਦਾਖ਼ਲ ਹੋਇਆ, ਪਿਛਲੇ ਇਕ ਮਹੀਨੇ ਵਿੱਚ 30 ਪਿੰਡ ਕਵਰ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਸੂਬੇ ਦੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸਦੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨੇ ਇਕ ਹੋਰ ਪੁਲਾਂਘ ਪੁੱਟੀ ਹੈ। ਮੁਹਾਲੀ ਓਪਨ ਡੈਫੇਕੇਸ਼ਨ ਫਰੀ (ਓਡੀਐਫ਼) ਪਲਸ ਸ਼੍ਰੇਣੀ ਵਿੱਚ ਸ਼ਾਮਲ ਹੋਣ ਵਾਲਾ ਪੰਜਾਬ ਦਾ ਤੀਜਾ ਜ਼ਿਲ੍ਹਾ ਬਣ ਕੇ ਗਰੀਨ ਜ਼ੋਨ ਵਿੱਚ ਸ਼ਾਮਲ ਹੋ ਗਿਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਬਠਿੰਡਾ ਤੇ ਸੰਗਰੂਰ ਇਸ ਸ਼੍ਰੇਣੀ ਵਿੱਚ ਸ਼ਾਮਲ ਹਨ। ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਇਸ ਖੇਤਰ ਵਿੱਚ ਕਾਰਜਸ਼ੀਲ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਇਸ ਦਿਸ਼ਾ ਵਿੱਚ ਹੋਰ ਵੀ ਬਿਹਤਰ ਕਾਰਗੁਜ਼ਾਰੀ ਲਈ ਪ੍ਰੇਰਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਮੁਹਾਲੀ ਪ੍ਰਸ਼ਾਸਨ ਲਗਾਤਾਰ ਯਤਨਸ਼ੀਲ ਹੈ ਅਤੇ ਜ਼ਿਲ੍ਹੇ ਦੇ ਕੁੱਲ 336 ਪਿੰਡਾਂ ’ਚੋਂ 85 ਪਿੰਡਾਂ ਨੇ ਓਡੀਐੱਫ਼ ਪਲਸ ਹੋਣ ਦਾ ਟੀਚਾ ਪ੍ਰਾਪਤ ਕੀਤਾ ਹੈ। ਜਿਸ ਸਦਕਾ ਮੁਹਾਲੀ ਸੂਬੇ ਦਾ ਤੀਜਾ ਜ਼ਿਲ੍ਹਾ ਬਣਿਆ ਹੈ, ਜਿਸ ਨੂੰ ਓਡੀਐੱਫ਼ ਪਲਸ ਦਾ ਦਰਜਾ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਏਡੀਸੀ (ਵਿਕਾਸ) ਅਮਿਤ ਬੈਂਬੀ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ)-2 ਦੇ ਅਧੀਨ ਪੂਰੇ ਰਾਜ ਵਿੱਚ ਗਿੱਲੇ-ਸੁੱਕੇ ਕੂੜੇ ਦਾ ਪ੍ਰਬੰਧਨ, ਗੰਦੇ ਪਾਣੀ ਦਾ ਪ੍ਰਬੰਧਨ ਅਤੇ ਪਲਾਸਟਿਕ ਵੇਸਟ ਮੈਨੇਜਮੈਟ ਦਾ ਕੰਮ ਚੱਲ ਰਿਹਾ ਹੈ। ਰਾਜ ਸਰਕਾਰ ਵੱਲੋਂ ਹਰ ਇੱਕ ਜ਼ਿਲ੍ਹੇ ਲਈ ਇਨ੍ਹਾਂ ਕੰਮਾਂ ਲਈ ਟੀਚਾ ਮਿਥਿਆ ਗਿਆ ਸੀ, ਜਿਸ ਵਿੱਚ ਜ਼ਿਲ੍ਹਾ ਮੁਹਾਲੀ ਦੇ 85 ਪਿੰਡਾਂ ਨੂੰ 30 ਜੂਨ ਤੱਕ ਓਡੀਐਫ਼ ਪਲੱਸ ਘੋਸ਼ਿਤ ਕੀਤਾ ਜਾਣਾ ਸੀ, ਜੋ ਕਿ ਜ਼ਿਲ੍ਹੇ ਦੇ ਕੁੱਲ ਪਿੰਡਾਂ ਦਾ 25 ਫ਼ੀਸਦੀ ਬਣਦਾ ਹੈ। ਮਿੱਥੇ ਟੀਚੇ ਨੂੰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਰਹਿਨੁਮਾਈ ਅਤੇ ਯਤਨਾਂ ਸਦਕਾ ਮੁਹਾਲੀ ਜ਼ਿਲ੍ਹੇ ਨੇ 30-6-2023 ਦੀ ਬਜਾਏ 19-6-2023 ਨੂੰ ਪੂਰਾ ਕਰ ਲਿਆ ਗਿਆ ਹੈ। ਸਿਰਫ਼ 4 ਹਫ਼ਤਿਆਂ ਦੌਰਾਨ ਹੀ 30 ਸਕਰੀਨਿੰਗ ਚੈਂਬਰ ਪੂਰੇ ਕੀਤੇ ਗਏ, ਜਿਸ ਸਦਕਾ ਹੁਣ ਮੁਹਾਲੀ ਪੰਜਾਬ ਭਰ ’ਚੋਂ ਤੀਜੇ ਸਥਾਨ ’ਤੇ ਆ ਗਿਆ ਹੈ।
ਇਹ ਸਭ ਜੋ ਕਿ ਸਬੰਧਤ ਵਿਭਾਗਾਂ ਦੇ ਕਰਮਚਾਰੀਆਂ/ ਅਧਿਕਾਰੀਆਂ ਦੀ ਮਿਹਨਤ ਅਤੇ ਲਗਨ ਸਦਕਾ ਹੀ ਸੰਭਵ ਹੋ ਸਕਿਆ ਹੈ, ਬਾਕੀ ਰਹਿੰਦੇ 75 ਫ਼ੀਸਦ ਪਿੰਡਾਂ ਵਿੱਚ ਇਹ ਕੰਮ ਪ੍ਰਗਤੀ ਅਧੀਨ ਹਨ, ਜਿਸ ਨੂੰ ਤੈਅ ਮਿਤੀ ਤੋਂ ਪਹਿਲਾ ਪੂਰਾ ਕਰਨ ਦਾ ਪੁਰਜੋਰ ਯਤਨ ਕੀਤਾ ਜਾ ਰਿਹਾ ਹੈ। ਓ. ਡੀ. ਐਫ. ਪਲੱਸ ਹੋਏ 85 ਪਿੰਡਾਂ ਵਿੱਚ ਗਿੱਲਾ -ਸੁੱਕਾ ਅਤੇ ਤਰਲ ਕੂੜਾ ਪ੍ਰਬੰਧਨ ਸਦਕਾ ਲੋਕ ਬਿਮਾਰੀਆ ਤੋਂ ਬਚੇ ਰਹਿਣਗੇ ਅਤੇ ਪਿੰਡਾਂ ਦੀ ਨੁਹਾਰ ਵਿੱਚ ਨਿਖਾਰ ਆਵੇਗਾ।
ਇਸ ਦੇ ਨਾਲ ਨਾਲ ਪਿੰਡ ਵਿੱਚ ਮੌਜੂਦ ਸਥਾਨਕ ਸਰਕਾਰੀ ਸੰਸਥਾਵਾਂ ਵਿੱਚ ਨਿੱਜੀ ਤੌਰ ‘ਤੇ ਸਫਾਈ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਓ. ਡੀ. ਐਫ. ਪੱਲਸ ਪੰਚਾਇਤਾਂ ਵਲੋਂ ਵਿਸ਼ੇਸ਼ ਤੌਰ ‘ਤੇ ਡਿਪਟੀ ਕਮਿਸ਼ਨਰ ਅਤੇ ਸਬੰਧਤ ਵਿਭਾਗਾਂ ਦਾ ਧਨਵਾਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਮੁਹਾਲੀ ਨੂੰ ਅੱਵਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

Load More Related Articles

Check Also

ਵਪਾਰੀਆਂ ਤੇ ਸਨਅਤਕਾਰਾਂ ਦੇ ਮਸਲਿਆਂ ਨੂੰ ਫੌਰੀ ਹੱਲ ਕਰਾਂਗੇ: ਵਿਨੀਤ ਵਰਮਾ

ਵਪਾਰੀਆਂ ਤੇ ਸਨਅਤਕਾਰਾਂ ਦੇ ਮਸਲਿਆਂ ਨੂੰ ਫੌਰੀ ਹੱਲ ਕਰਾਂਗੇ: ਵਿਨੀਤ ਵਰਮਾ ਕਮਿਸ਼ਨ ਦੇ ਮੈਂਬਰ ਤੇ ਕਮਿਸ਼ਨਰ ਨੇ…