
ਘਰ-ਘਰ ਜਾ ਕੇ ਟੀਕਾਕਰਨ ਸ਼ੁਰੂ ਕਰਨ ਵਾਲਾ ਮੁਹਾਲੀ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣਿਆ: ਡੀਸੀ
ਬਜ਼ੁਰਗ, ਕਮਜ਼ੋਰ ਅਤੇ ਦਿਵਿਆਂਗ ਵਿਅਕਤੀਆਂ ਨੂੰ ਘਰ-ਘਰ ਜਾ ਕੇ ਲਗਾਇਆ ਜਾਵੇਗਾ ਟੀਕਾ
ਸਬ-ਡਵੀਜ਼ਨ ਪੱਧਰ ’ਤੇ ਐਂਬੂਲੈਂਸਾਂ/ਮੋਬਾਈਲ ਟੀਮਾਂ ਕੀਤੀਆਂ ਜਾਣਗੀਆਂ ਤਾਇਨਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਕਰੋਨਾ ਮਹਾਮਾਰੀ ਦੌਰਾਨ ਮੁਹਾਲੀ ਜ਼ਿਲ੍ਹੇ ਵਿੱਚ ਲੋੜ ਅਨੁਸਾਰ ਘਰ-ਘਰ ਜਾ ਕੇ ਕੋਵਿਡ ਟੀਕਾਕਰਨ ਕਰਨ ਵਾਲਾ ਮੁਹਾਲੀ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਘਰ-ਘਰ ਜਾ ਕੇ ਕੋਵਿਡ ਟੀਕੇ ਲਗਾਉਣ ਲਈ ਸਬ-ਡਵੀਜ਼ਨ ਪੱਧਰ ’ਤੇ ਟੀਕਾਕਰਨ ਟੀਮਾਂ ਵਾਲੀਆਂ ਐਂਬੂਲੈਂਸਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ।
ਸ੍ਰੀ ਦਿਆਲਨ ਨੇ ਦੱਸਿਆ ਕਿ ਘਰਾਂ ਵਿੱਚ ਟੀਕਾ ਲਗਾਉਣ ਵਾਲੇ ਬਜ਼ੁਰਗਾਂ ਦੇ ਵੇਰਵੇ ਅਤੇ ਪਤਾ ਗੂਗਲ-ਸ਼ੀਟ ਵਿੱਚ ਭਰਕੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ ਪਰ ਇਹ ਲਾਜ਼ਮੀ ਹੈ ਕਿ ਇੱਕ ਨਿਸ਼ਚਿਤ ਸਮੇਂ ’ਤੇ ਉਸੇ ਖੇਤਰ ਵਿੱਚ ਘੱਟੋ-ਘੱਟ 10 ਲੋਕਾਂ ਦਾ ਇੱਕ ਸਮੂਹ ਹੋਵੇ ਜਿਸ ਨੂੰ ਕੋਵਿਡ ਟੀਕਾ ਲਗਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ 10 ਵਿਅਕਤੀਆਂ ਦੀ ਪੂਰਵ-ਸ਼ਰਤ ਟੀਕੇ ਦੀ ਬਰਬਾਦੀ ਤੋਂ ਬਚਾਅ ਲਈ ਨਿਰਧਾਰਿਤ ਕੀਤੀ ਗਈ ਹੈ ਕਿਉਂਕਿ ਟੀਕੇ ਦੀ ਇਕ ਸ਼ੀਸ਼ੀ ਵਿੱਚ 10 ਖ਼ੁਰਾਕਾਂ ਹੁੰਦੀਆਂ ਹਨ ਅਤੇ ਇਕ ਵਾਰ ਖੁੱਲ੍ਹ ਜਾਣ ਤੋਂ ਬਾਅਦ ਉਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਇਸੇ ਤਰ੍ਹਾਂ ਘਰ-ਘਰ ਜਾ ਕੇ ਟੀਕਾਕਰਨ ਦੀ ਸਹੂਲਤ ਅੌਰਤਾਂ ਨੂੰ ਵੀ ਦਿੱਤੀ ਜਾ ਰਹੀ ਹੈ ਅਤੇ 10 ਅੌਰਤਾਂ ਦੇ ਸਮੂਹ ਨੂੰ ਇਹ ਸੁਵਿਧਾ ਮੁਹੱਈਆ ਕੀਤੀ ਜਾ ਸਕਦੀ ਹੈ। ਹਾਲਾਂਕਿ ਸਾਡੀ ਮੁੱਖ ਤਰਜੀਹ ਬਜ਼ੁਰਗ ਅਤੇ ਅਪਾਹਜ ਵਿਅਕਤੀਆਂ ਨੂੰ ਟੀਕਾ ਲਗਾਉਣਾ ਹੈ ਪਰ ਲੋਕਾਂ ਦੀ ਸਹੂਲਤ ਲਈ ਜੇਕਰ ਕੋਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਟੀਕਾਕਰਨ ਦੀ ਮੰਗ ਕਰਦੀ ਹੈ ਪਰ ਬਜ਼ੁਰਗ ਨਾਗਰਿਕਾਂ ਦੀ ਗਿਣਤੀ ਕਾਫ਼ੀ ਨਹੀਂ ਹੈ ਤਾਂ ਇਸ ਸ਼ਰਤ ’ਤੇ ਇਹ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਕਿ ਟੀਕਾਕਰਨ ਕੀਤੇ ਜਾਣ ਵਾਲੇ ਕੁੱਲ ਵਿਅਕਤੀਆਂ ਦਾ ਘੱਟੋ-ਘੱਟ ਅੱਧਾ ਹਿੱਸਾ ਬਜ਼ੁਰਗ (60 ਸਾਲ ਤੋਂ ਵੱਧ ਉਮਰ), ਕਮਜ਼ੋਰ, ਦਿਵਿਆਂਗ ਜਾਂ ਅਪਾਹਜ ਵਿਅਕਤੀ ਹੋਣ ਅਤੇ ਬਾਕੀ 18 ਸਾਲ ਤੋਂ ਵੱਧ ਉਮਰ ਦੇ ਕੋਈ ਵੀ ਵਿਅਕਤੀ ਹੋ ਸਕਦੇ ਹਨ।
ਐਨਜੀਓਜ਼, ਸਮਾਜ ਸੇਵੀ ਸੰਸਥਾਵਾਂ, ਐਸੋਸੀਏਸ਼ਨਾਂ ਅਤੇ ਵਲੰਟੀਅਰਾਂ ਨੂੰ ਘਰ-ਘਰ ਜਾ ਕੇ ਟੀਕਾਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜੇਕਰ ਉਹ ਕਿਸੇ ਨਿਸ਼ਚਿਤ ਸਮੇਂ ਇਕ ਨਿਰਧਾਰਿਤ ਸਥਾਨ ’ਤੇ 30 ਤੋਂ ਵੱਧ ਵਿਅਕਤੀਆਂ ਦਾ ਟੀਕਾਕਰਨ ਕਰਨਾ ਚਾਹੁੰਦੇ ਹਨ, ਭਾਵੇਂ ਉਨ੍ਹਾਂ ਵਿੱਚ ਬਜ਼ੁਰਗ ਜਾਂ ਬੀਮਾਰ ਨਾ ਹੋਣ। ਇਸ ਲਈ ਘਰ-ਘਰ ਜਾ ਕੇ ਟੀਕਾਕਰਨ ਸਹੂਲਤ ਲਈ ਕਿਸੇ ਨਿਰਧਾਰਿਤ ਇਕ ਸਥਾਨ ’ਤੇ ਟੀਕਾ ਲਗਵਾਉਣ ਵਾਲੇ ਵਿਅਕਤੀਆਂ ਦੀ ਘੱਟੋ-ਘੱਟ ਗਿਣਤੀ 30 ਹੈ।
ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਅਕਤੀਆਂ ਦੀ ਗਿਣਤੀ, ਸਥਾਨ ਅਤੇ ਸੰਪਰਕ ਵਿਅਕਤੀ ਦਾ ਨੰਬਰ ਭਰਨਾ ਪਵੇਗਾ ਅਤੇ ਟੀਕਾਕਰਨ ਟੀਮ 24 ਤੋਂ 48 ਘੰਟਿਆਂ ਦੇ ਅੰਦਰ ਉਨ੍ਹਾਂ ਕੋਲ ਪਹੁੰਚ ਜਾਵੇਗੀ ਅਤੇ ਕਿਸੇ ਬੁਰੇ ਪ੍ਰਭਾਵ ਦੇ ਨਿਰੀਖਣ ਲਈ ਟੀਕਾਕਰਨ ਤੋਂ ਬਾਅਦ 30 ਮਿੰਟ ਉਡੀਕ ਕਰੇਗੀ। ਉਨ੍ਹਾਂ ਕਿਹਾ ਕਿ ਟੀਕਾ ਲਗਵਾਉਣ ਵਾਲੇ ਹਰੇਕ ਵਿਅਕਤੀ ਨੂੰ ਟੀਕਾਕਰਨ ਸਮੇਂ ਆਪਣਾ ਨਾਮ, ਜਨਮ ਮਿਤੀ, ਆਈਡੀ ਟਾਈਪ/ਨੰਬਰ ਇੱਕ ਪ੍ਰੋਫਾਰਮੇ ਵਿੱਚ ਭਰਨਾ ਪੈਂਦਾ ਹੈ, ਇਸ ਲਈ ਸਮੇਂ ਦੀ ਬਚਤ ਕਰਨ ਲਈ ਸਬੰਧਤ ਡਾਟਾ ਆਪਣੇ ਕੋਲ ਰੱਖਣਾ ਚਾਹੀਦਾ ਹੈ।