ਮੁਹਾਲੀ ਧਮਾਕਾ: ਮੁਹਾਲੀ ਪੁਲੀਸ ਨੇ 10 ਹੋਰ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ

ਗੈਂਗਸਟਰਾਂ ਨੂੰ ਨਾਜਾਇਜ਼ ਅਸਲਾ ਸਪਲਾਈ ਕਰਨ ਵਾਲਾ ਨਿਸ਼ਾਨ ਸਿੰਘ ਵੀ ਪੁਲੀਸ ਦੇ ਧੱਕੇ ਚੜ੍ਹਿਆ

ਪੁਲੀਸ ਹੈੱਡਕੁਆਰਟਰ ’ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਕਾਰ ਦੀ ਸੀਸੀਟੀਵੀ ਫੁਟੇਜ ਹੋਈ ਜਨਤਕ

ਸਭ ਤੋਂ ਪਹਿਲਾਂ ਪਿੰਡ ਲਖਨੌਰ ਦੀ ਵਿਧਵਾ ਅੌਰਤ ਨੇ ਦੇਖਿਆ ਸੀ ਮੁਹਾਲੀ ਪੁਲੀਸ ਨੂੰ ਝਾੜੀਆਂ ’ਚੋਂ ਮਿਲਿਆ ਲਾਂਚਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਪੰਜਾਬ ਪੁਲੀਸ ਵੱਲੋਂ ਨਿਸ਼ਾਨ ਸਿੰਘ (26) ਵਾਸੀ ਪਿੰਡ ਕੁੱਲਾ (ਤਰਨਤਾਰਨ) ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੇ ਖ਼ਿਲਾਫ਼ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਮੋਗਾ, ਗੁਰਦਾਸਪੁਰ ਅਤੇ ਫਰੀਦਕੋਟ ਆਦਿ ਵੱਖ-ਵੱਖ ਥਾਣਿਆਂ ਵਿੱਚ ਐਨਡੀਪੀਐਸ, ਅਸਲਾ ਐਕਟ, ਸਨੈਚਿੰਗ ਅਤੇ ਹੋਰ ਧਰਾਵਾਂ ਤਹਿਤ ਦਰਜਨ ਤੋਂ ਵੱਧ ਅਪਰਾਧਿਕ ਕੇਸ ਦਰਜ ਹਨ। ਉਹ ਫਰੀਦਕੋਟ ਵਿੱਚ ਗੈਂਗਸਟਰ ਨੂੰ ਨਾਜਾਇਜ਼ ਅਸਲਾ ਸਪਲਾਈ ਕਰਨ ਦੇ ਇੱਕ ਪੁਰਾਣੇ ਮਾਮਲੇ ਵਿੱਚ ਭਗੌੜਾ ਚੱਲ ਰਿਹਾ ਸੀ। ਮੁਹਾਲੀ ਪੁਲੀਸ ਨੂੰ ਕੋਲ ਇਹ ਜਾਣਕਾਰੀ ਸੀ ਕਿ ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਰਾਕੇਟ ਪ੍ਰੋਪੇਲਡ ਗ੍ਰੇਨਾਈਟ (ਆਰਪੀਜੀ) ਹਮਲੇ ਦੇ ਮਾਮਲੇ ਵਿੱਚ ਵੀ ਨਿਸ਼ਾਨ ਸਿੰਘ ਦਾ ਹੱਥ ਹੈ। ਨਿਸ਼ਾਨ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਨੂੰ ਮੁਹਾਲੀ ਪੁਲੀਸ ਅਤੇ ਫਰੀਦਕੋਟ ਪੁਲੀਸ ਨੇ ਇਕ ਸਾਂਝੇ ਅਪਰੇਸ਼ਨ ਦੌਰਾਨ ਅੰਜਾਮ ਦਿੱਤਾ ਹੈ।
ਪੁਲੀਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਹਾਲ ਹੀ ਵਿੱਚ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਰਿਹਾਅ ਹੋ ਕੇ ਆਇਆ ਸੀ। ਉਸ ਦੇ ਖਾਲਿਸਤਾਨੀ ਸਮਰਥਕਾਂ ਨਾਲ ਗੂੜੇ੍ਹ ਸਬੰਧ ਦੱਸੇ ਜਾ ਰਹੇ ਹਨ। ਗੁਪਤ ਸੂਚਨਾ ’ਤੇ ਪਤਾ ਲਗਾਉਣ ਲਈ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਦੀ ਟੀਮ ਵੀ ਉਨ੍ਹਾਂ ਦੇ ਪਿੰਡ ਪਹੁੰਚੀ ਅਤੇ ਮੋਹਤਬਰ ਵਿਅਕਤੀਆਂ ਨਾਲ ਗੱਲ ਕਰਕੇ ਉਸ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕੀਤੀ। ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਫਰੀਦਕੋਟ ਪੁਲੀਸ ਨੇ ਕਿੱਪਾ ਨਾਮ ਦੇ ਇਕ ਗੈਂਗਸਟਰ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੱਢਲੀ ਪੁੱਛਗਿੱਛ ਦੌਰਾਨ ਕਿੱਪਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਕੋਲੋ ਬਰਾਮਦ ਹੋਇਆ ਅਸਲਾ ਨਿਸ਼ਾਨ ਸਿੰਘ ਨੇ ਦਿੱਤਾ ਸੀ। ਹੁਣ ਪ੍ਰੋਡਕਸ਼ਨ ਵਰੰਟ ’ਤੇ ਨਿਸ਼ਾਨ ਸਿੰਘ ਨੂੰ ਮੁਹਾਲੀ ਲਿਆਂਦਾ ਜਾਵੇਗਾ।
ਇਸੇ ਦੌਰਾਨ ਬੁੱਧਵਾਰ ਸ਼ਾਮ ਨੂੰ ਪੁਲੀਸ ਨੇ ਮੁਹਾਲੀ ਤੋਂ ਵੀ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਬਾਰੇ ਪਤਾ ਲੱਗਾ ਹੈ ਪ੍ਰੰਤੂ ਕੋਈ ਵੀ ਅਧਿਕਾਰੀ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਉਂਜ ਅੱਜ ਮੁਹਾਲੀ ਪੁਲੀਸ ਨੇ ਕਰੀਬ 10 ਹੋਰ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਇਸ ਤਰ੍ਹਾਂ ਦੋ ਦਿਨਾਂ ਵਿੱਚ ਹੁਣ ਤੱਕ ਪੁਲੀਸ 22 ਸ਼ੱਕੀ ਵਿਅਕਤੀ ਪੁਲੀਸ ਦੀ ਹਿਰਾਸਤ ਵਿੱਚ ਹਨ। ਜਿਨ੍ਹਾਂ ਕੋਲੋਂ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਆਫਿਸ ਵਿੱਚ ਉੱਚ ਅਧਿਕਾਰੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਵੀਕੇ ਭਾਵਰਾ ਖ਼ੁਦ ਪੁਲੀਸ ਤਫ਼ਤੀਸ਼ ਦੀ ਨਜ਼ਰਸਾਨੀ ਕਰ ਰਹੇ ਹਨ ਪ੍ਰੰਤੂ ਇਸ ਮਾਮਲੇ ਨੂੰ ਹੱਲ ਕਰਨ ਲਈ ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਪੀ ਵਿਵੇਕਸ਼ੀਲ ਸੋਨੀ ਵੀ ਜਾਂਚ ਤੋਂ ਕੋਈ ਵੀ ਪਹਿਲੂ ਖੁੰਝਣ ਨਹੀਂ ਦੇ ਰਹੇ ਹਨ।
ਉਧਰ, ਅੱਜ ਦੋ ਦਿਨ ਬਾਅਦ ਇਸ ਮਾਮਲੇ ਵਿੱਚ ਜਾਂਚ ਏਜੰਸੀਆਂ ਨੇ ਹਮਲੇ ਦੀ ਸੀਸੀਟੀਵੀ ਫੁਟੇਜ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ 38 ਸੈਕਿੰਡ ਦੀ ਫੁਟੇਜ ਵਿੱਚ ਇੱਕ ਚਿੱਟੇ ਰੰਗ ਦੀ ਕਾਰ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਵੱਲ ਆਉਂਦੀ ਦਿਖਾਈ ਦੇ ਰਹੀ ਹੈ, ਜਦੋਂ ਇਹ ਕਾਰ ਇੰਟੈਲੀਜੈਂਸ ਦਫ਼ਤਰ ਦੀ ਇਮਾਰਤ ਨਜ਼ਦੀਕ ਪਹੁੰਚਦੀ ਹੈ ਤਾਂ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਫੋਰੈਂਸਿਕ ਮਾਹਰਾਂ ਦੀ ਟੀਮ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਬੀਤੇ ਦਿਨੀਂ ਪੁਲੀਸ ਨੂੰ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਖਾਲੀ ਜ਼ਮੀਨ ਵਿੱਚ ਉੱਗੀਆਂ ਝਾੜੀਆਂ ’ਚੋਂ ਲਾਂਚਰ ਬਾਰੇ ਅਹਿਮ ਖੁਲਾਸੇ ਹੋਏ ਹਨ। ਸਭ ਤੋਂ ਪਹਿਲਾਂ ਇਹ ਲਾਂਚਰ ਉੱਥੇ ਮੱਝਾ ਚਾਰਨ ਵਾਲੀ ਪਿੰਡ ਲਖਨੌਰ ਦੀ ਵਿਧਵਾ ਸਵੀਤਾ ਕੌਰ (70) ਨੇ ਦੇਖਿਆ ਸੀ। ਬੀਤੇ ਕੱਲ੍ਹ ਉਹ ਆਪਣੇ ਪਸ਼ੂ ਚਾਰ ਰਹੀ ਸੀ ਕਿ ਇਸ ਦੌਰਾਨ ਉਸ ਦੀ ਇਕ ਮੱਝ ਦੇ ਪੈਰਾਂ (ਖੁਰ) ਵਿੱਚ ਲਾਂਚਰ ਖੂਬ ਗਿਆ। ਅੌਰਤ ਨੇ ਦੇਖਿਆ ਕਿ ਇਹ ਯੰਤਰ ਸ਼ਾਇਦ ਜਾਂਚ ਵਿੱਚ ਪੁਲੀਸ ਦੇ ਕੰਮ ਆ ਸਕਦਾ ਹੈ। ਉਸ ਦੇ ਤੁਰੰਤ ਉੱਥੇ ਨੇੜੇ ਹੀ ਖੜੇ ਪੁਲੀਸ ਮੁਲਾਜ਼ਮਾਂ ਨੂੰ ਦੱਸਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਂਚਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਉਧਰ, ਮੁਲਜ਼ਮਾਂ ਦੀ ਪੈੜ ਨੱਪਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਦੀ ਹੋਈ ਪੁਲੀਸ ਦੀ ਜਾਂਚ ਟੀਮ ਜਦੋਂ ਦੱਪਰ ਟੋਲ ਪਲਾਜਾ ’ਤੇ ਪਹੁੰਚੀ ਤਾਂ ਇਹ ਪਤਾ ਕਿ ਇਕ ਚਿੱਟੇ ਰੰਗ ਦੀ ਸ਼ੱਕੀ ਸਵਿਫ਼ਟ ਕਾਰ ਅੰਬਾਲਾ ਵੱਲ ਗਈ ਹੈ। ਇਹ ਕਾਰ ਮੁਹਾਲੀ ਏਅਰਪੋਰਟ ਦੇ ਰਸਤੇ ਡੇਰਾਬੱਸੀ ਤੋਂ ਹੁੰਦੇ ਹੋਏ ਅੰਬਾਲਾ ਵੱਲ ਜਾਂਦੀ ਦੇਖੀ ਗਈ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…