ਮੁਹਾਲੀ ਸਿਟੀ ਸੈਂਟਰ ਹਾਦਸਾ: ਬੇਸਮੈਂਟ ਪੁੱਟਦੇ ਸਮੇਂ ਢੀਂਗ ਡਿੱਗੀ, ਦੋ ਮਜ਼ਦੂਰਾਂ ਦੀ ਮੌਤ, ਦੋ ਗੰਭੀਰ ਜ਼ਖ਼ਮੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਮੁਹਾਲੀ ਕੌਮਾਂਤਰੀ ਏਅਰਪੋਰਟ ਚੌਕ ਨੇੜੇ ਮੁਹਾਲੀ ਸਿਟੀ ਸੈਂਟਰ ਪ੍ਰਾਜੈਕਟ ਅਧੀਨ ਉਸਾਰੀ ਅਧੀਨ ਇਮਾਰਤ ਦੀ ਬੇਸਮੈਂਟ ਪੁੱਟਦੇ ਸਮੇਂ ਅਚਾਨਕ ਮਿੱਟੀ ਦੀ ਇੱਕ ਢੀਂਗ ਡਿੱਗਣ ਕਾਰਨ ਪੰਜ ਮਜ਼ਦੂਰ ਮਲਬੇ ਹੇਠ ਦੱਬ ਗਏ। ਇਨ੍ਹਾਂ ਪੰਜਾਂ ਨੂੰ ਮਲਬੇ ਹੇਠ ਕੱਢ ਲਿਆ ਗਿਆ ਹੈ। ਜਿਨ੍ਹਾਂ ’ਚੋਂ ਦੋ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਸ਼ੰਕਰ ਮਾਝੀ ਅਤੇ ਵਰਿੰਦਰ ਸਾਹਨੀ ਦੋਵੇਂ ਵਾਸੀ ਬਿਹਾਰ ਵਜੋਂ ਹੋਈ ਹੈ। ਜਦੋਂਕਿ ਜ਼ਖ਼ਮੀਆਂ ਵਿੱਚ ਆਜ਼ਾਦ ਕੁਮਾਰ ਨੂੰ ਮੈਕਸ ਹਸਪਤਾਲ ਮੁਹਾਲੀ ਅਤੇ ਮਹਿੰਦਰ ਧੋਨੀ ਨੂੰ ਸੈਕਟਰ-32, ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਦੋਵਾਂ ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦੋਂਕਿ ਇੱਕ ਜ਼ਖ਼ਮੀ ਮਜ਼ਦੂਰ ਨੰਦ ਲਾਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੂੰ ਸਭ ਤੋਂ ਪਹਿਲਾਂ ਬਾਹਰ ਕੱਢ ਲਿਆ ਗਿਆ ਸੀ।
ਇਹ ਘਟਨਾ ਐਤਵਾਰ ਦੇਰ ਸ਼ਾਮ ਨੂੰ ਵਾਪਰੀ ਦੱਸੀ ਜਾ ਰਹੀ ਹੈ। ਇਸ ਸਬੰਧੀ ਨਿਰਮਾਣ ਕੰਪਨੀ ਨੇ ਪੁਲੀਸ ਜਾਂ ਸਿਵਲ ਪ੍ਰਸ਼ਾਸਨ ਨੂੰ ਇਤਲਾਹ ਨਹੀਂ ਦਿੱਤੀ ਬਲਕਿ ਆਪਣੇ ਪੱਧਰ ’ਤੇ ਹੀ ਬਚਾਅ ਕਾਰਜਾਂ ਵਿੱਚ ਜੁੱਟ ਗਏ। ਲੇਕਿਨ ਮੀਡੀਆ ਦੀ ਸੂਚਨਾ ਮਿਲਦੇ ਹੀ ਸੋਹਾਣਾ ਥਾਣੇ ਦੇ ਅਡੀਸ਼ਨਲ ਐਸਐਚਓ ਸਬ ਇੰਸਪੈਕਟਰ ਬਰਮਾ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਬੇਸਮੈਂਟ ’ਚੋਂ ਮਲਬਾ ਬਾਹਰ ਕੱਢਣ ਦੇ ਯਤਨ ਜਾਰੀ ਸਨ ਅਤੇ ਪੁਲੀਸ ਵੱਲੋਂ ‘ਡੀ’ ਬਣਾ ਕੇ ਘਟਨਾ ਸਥਾਨ ਦੇ ਨੇੜੇ ਜਾਣ ਤੋਂ ਰੋਕ ਦਿੱਤਾ ਗਿਆ ਹੈ। ਬਾਅਦ ਵਿੱਚ ਮੁਹਾਲੀ ਦੇ ਨਾਇਬ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਅਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਵੀ ਮੌਕੇ ਪਹੁੰਚ ਗਏ।
ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਕੌਮਾਂਤਰੀ ਏਅਰਪੋਰਟ ਦੇ ਆਲੇ ਦੁਆਲੇ ਵੱਡੀ ਮਾਤਰਾ ਵਿੱਚ ਵਸੋਂ ਹੋ ਗਈ ਹੈ। ਗਮਾਡਾ ਵੱਲੋਂ ਐਰੋਸਿਟੀ ਅਤੇ ਜਨਤਾ ਲੈਂਡ ਪ੍ਰਮੋਟਰਜ਼ ਵੱਲੋਂ ਸੈਕਟਰ-82 ਵਸਾਇਆ ਗਿਆ ਅਤੇ ਸਨਅਤੀ ਸੈਕਟਰ ਵਿਕਸਤ ਕੀਤਾ ਗਿਆ ਹੈ। ਜਿਸ ਕਾਰਨ ਇਹ ਪੂਰਾ ਇਲਾਕਾ ਹੋਰ ਕਾਰੋਬਾਰੀ ਲੋਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਲੋਕਾਂ ਨੂੰ ਘਰਾਂ ਨੇੜੇ ਰੋਜ਼ਮੱਰਾ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਏਅਰਪੋਰਟ ਚੌਂਕ ਨੇੜੇ ਮੁਹਾਲੀ ਸਿਟੀ ਸੈਂਟਰ ਬਣਾਇਆ ਜਾ ਰਿਹਾ ਹੈ। ਅੱਜ ਵੀ ਇਮਾਰਤ ਦੇ ਇੱਕ ਹਿੱਸੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਕਿ ਦੇਰ ਸ਼ਾਮ ਇੱਕ ਇਮਾਰਤ ਦੀ ਬੇਸਮੈਂਟ ਪੁੱਟਣ ਸਮੇਂ ਅਚਾਨਕ ਮਜ਼ਦੂਰਾਂ ’ਤੇ ਮਿੱਟੀ ਦੀ ਵੱਡੀ ਢੀਂਡ ਡਿੱਗ ਗਈ। ਜਿਸ ਕਾਰਨ ਪੰਜ ਮਜ਼ਦੂਰ ਮਲਬੇ ਹੇਠ ਦੱਬ ਗਏ। ਜਿਨ੍ਹਾਂ ’ਚੋਂ ਦੋ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਮਜ਼ਦੂਰਾਂ ਦੀ ਹਾਲਤ ਗੰਭੀਰ ਜਾ ਰਹੀ ਹੈ। ਜਾਂਚ ਅਧਿਕਾਰੀ ਬਰਮਾ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਜ਼ਖ਼ਮੀ ਮਜ਼ਦੂਰਾਂ ਦੇ ਬਿਆਨ ਦਰਜ ਕਰਨ ਅਤੇ ਮੁੱਢਲੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles

Check Also

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ 21 ਅਪਰੈਲ: ਗੁਰਦੁਆ…