ਵਿਧਾਇਕ ਬਲਬੀਰ ਸਿੱਧੂ ਦੇ ਰੋਡ ਸ਼ੋਅ ਵਿੱਚ ਕਾਂਗਰਸ ਦੇ ਰੰਗ ਵਿੱਚ ਰੰਗਿਆ ਮੁਹਾਲੀ ਸ਼ਹਿਰ: ਵਿਰੋਧੀਆਂ ਦੇ ਹੌਸਲੇ ਪਸਤ

ਬਲਬੀਰ ਸਿੱਧੂ ਦੇ ਸਮਰਥਕਾਂ ਨੇ ‘ਕਿਉਂ ਪੈਂਦੇ ਹੋ ਚੱਕਰ ਵਿੱਚ, ਕੋਈ ਨਹੀਂ ਹੈ ਟੱਕਰ ਵਿੱਚ ਤੇ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਮੁਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਅੱਜ ਇਕ ਰੋਡ ਸ਼ੋਅ ਕੀਤਾ ਗਿਆ। ਰੋਡ ਸ਼ੋਅ ਫੇਜ਼-11 ਤੋਂ ਆਰੰਭ ਹੋ ਕੇ ਫੇਜ਼-6 ਵਿਖੇ ਸਮਾਪਤ ਹੋਇਆ। ਇਸ ਰੋਡ ਸ਼ੋਅ ਵਿੱਚ ਬਲਬੀਰ ਸਿੰਘ ਸਿੱਧੂ ਦੇ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਹਰੀਸ਼ ਚੌਧਰੀ ਉਚੇਚੇ ਤੌਰ ਤੇ ਹਾਜ਼ਰ ਰਹੇ। ਵੱਡੀ ਗੱਲ ਇਹ ਰਹੀ ਕਿ ਇਸ ਰੋਡ ਸ਼ੋਅ ਦਾ ਸਵਾਗਤ ਕਰਨ ਲਈ ਵੱਖ-ਵੱਖ ਥਾਵਾਂ ਤੇ ਵੱਡੀ ਗਿਣਤੀ ਵਿੱਚ ਬਲਬੀਰ ਸਿੰਘ ਸਿੱਧੂ ਦੇ ਸਮਰਥਕ ਇਕੱਠੇ ਹੁੰਦੇ ਰਹੇ ਅਤੇ ਰੋਡ ਸ਼ੋਅ ਦੇ ਕਾਫ਼ਲੇ ਵਿੱਚ ਜੁੜਦੇ ਰਹੇ। ਇਸ ਮੌਕੇ ਬਲਬੀਰ ਸਿੰਘ ਸਿੱਧੂ ਦੇ ਸਮਰਥਕਾਂ ਨੇ ‘‘ਕਿਉਂ ਪੈਂਦੇ ਹੋ ਚੱਕਰ ਵਿਚ ਕੋਈ ਨਹੀਂ ਹੈ ਟੱਕਰ ਵਿੱਚ’’, ਅਤੇ ਬਲਬੀਰ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ।
ਇਹੀ ਨਹੀਂ ਬਲਬੀਰ ਸਿੱਧੂ ਨੂੰ ਮੁਹਾਲੀ ਦੀਆਂ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਫੁੱਲਾਂ ਦੇ ਹਾਰ ਪਾਏ ਗਏ। ਪੂਰੇ ਰੋਡ ਸ਼ੋਅ ਦੇ ਦੌਰਾਨ ਵੱਖ-ਵੱਖ ਥਾਵਾਂ ਤੇ ਵਪਾਰੀ ਵਰਗ ਅਤੇ ਆਮ ਲੋਕ ਬਲਬੀਰ ਸਿੱਧੂ ਉੱਤੇ ਫੁੱਲਾਂ ਦੀ ਵਰਖਾ ਕਰਦੇ ਰਹੇ। ਇਸ ਰੋਡ ਸ਼ੋਅ ਦੇ ਦੌਰਾਨ ਸੜਕ ਉੱਤੇ ਕਾਂਗਰਸ ਪਾਰਟੀ ਦੇ ਹੀ ਝੰਡੇ ਦਿਖਾਈ ਦੇ ਰਹੇ ਸਨ ਅਤੇ ਕਾਰਾਂ, ਗੱਡੀਆਂ ਤੋਂ ਇਲਾਵਾ ਖ਼ਾਸ ਤੌਰ ਤੇ ਟਰੈਕਟਰਾਂ, ਮੋਟਰਸਾਈਕਲਾਂ, ਸਕੂਟਰਾਂ, ਰਿਕਸ਼ਿਆਂ, ਆਟੋਆਂ ਅਤੇ ਸਾਈਕਲਾਂ ਉੱਤੇ ਵੀ ਵੱਡੀ ਗਿਣਤੀ ਸਿੱਧੂ ਸਮਰਥਕ ਸਵਾਰ ਸਨ ਅਤੇ ਸੜਕਾਂ ਉੱਤੇ ਥਾਂ ਥਾਂ ਤੇ ਲੋਕ ਇਸ ਰੋਡ ਸ਼ੋਅ ਦਾ ਸਵਾਗਤ ਕਰਨ ਲਈ ਕਾਂਗਰਸ ਦੇ ਝੰਡੇ ਲੈ ਕੇ ਖੜ੍ਹੇ ਸਨ। ਇਸ ਰੋਡ ਸ਼ੋਅ ਨੇ ਮੁਹਾਲੀ ਸ਼ਹਿਰ ਨੂੰ ਅੱਜ ਕਾਂਗਰਸ ਦੇ ਰੰਗ ਨਾਲ ਰੰਗ ਦਿੱਤਾ ਅਤੇ ਇਸ ਨਾਲ ਵਿਰੋਧੀਆਂ ਦੇ ਹੌਸਲੇ ਵੀ ਬੁਰੀ ਤਰ੍ਹਾਂ ਪਸਤ ਹੋ ਗਏ ਹਨ।
ਇਸ ਮੌਕੇ ਵੱਖ-ਵੱਖ ਥਾਵਾਂ ਉੱਤੇ ਗੱਲਬਾਤ ਕਰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦਾ ਸਮਰਥਨ ਦੇਖ ਕੇ ਉਨ੍ਹਾਂ ਦਾ ਦਿਲ ਗਦਗਦ ਹੋ ਉੱਠਿਆ ਹੈ ਅਤੇ ਉਹ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਇਸ ਪਿਆਰ ਲਈ ਤਾਉਮਰ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੇ ਲੋਕਾਂ ਦਾ ਅਸ਼ੀਰਵਾਦ ਉਨ੍ਹਾਂ ਦੇ ਨਾਲ ਹੈ ਅਤੇ ਉਹ ਭਾਰੀ ਬਹੁਮਤ ਨਾਲ ਜਿੱਤ ਕੇ ਮੁਹਾਲੀ ਦੀ ਸੀਟ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਉਣਗੇ।
ਇਸ ਮੌਕੇ ਖਾਸ ਤੌਰ ਤੇ ਮੁਹਾਲੀ ਨਗਰ ਨਿਗਮ ਵੀ ਮਹਿਲਾ ਕੌਂਸਲਰਾਂ ਨੇ ਰੋਡ ਸ਼ੋਅ ਵਿੱਚ ਬਲਬੀਰ ਸਿੱਧੂ ਦੇ ਹੱਕ ਵਿੱਚ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਨੂੰ ਬਲਬੀਰ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਿਸ਼ਵ ਜੈਨ, ਮੇਅਰ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਰਾਜਿੰਦਰ ਸਿੰਘ ਰਾਣਾ ਸਾਬਕਾ ਪ੍ਰਧਾਨ, ਸਮੂਹ ਕੌਂਸਲਰ, ਬਲਬੀਰ ਸਿੱਧੂ ਦਾ ਪੂਰਾ ਟੱਬਰ, ਉਨ੍ਹਾਂ ਦੀ ਧਰਮਪਤਨੀ, ਉਨ੍ਹਾਂ ਦੇ ਸਪੁੱਤਰ-ਨੂੰਹ, ਮੇਜਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਪਰਿਵਾਰ ਅਤੇ ਬਲਬੀਰ ਸਿੱਧੂ ਦੇ ਸਮਰਥਕ ਵੱਡੀ ਗਿਣਤੀ ਵਿੱਚ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …