ਮੁਹਾਲੀ ਸ਼ਹਿਰ ਨੂੰ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਮੁਕਤ ਕੀਤਾ ਜਾਵੇਗਾ: ਜੀਤੀ ਸਿੱਧੂ

ਮੁਹਾਲੀ ਵਿੱਚ ਠੇਕੇਦਾਰ ਨੇ ਦੋ ਦਿਨਾਂ ਵਿੱਚ 40 ਲਾਵਾਰਿਸ ਪਸ਼ੂ ਫੜ ਕੇ ਗਊਸ਼ਾਲਾ ’ਚ ਭੇਜੇ

ਮੇਅਰ ਜੀਤੀ ਸਿੱਧੂ ਅਤੇ ਨਗਰ ਨਿਗਮ ਦੀ ਟੀਮ ਨੇ ਮੌਕੇ ’ਤੇ ਹਾਜ਼ਰ ਰਹਿ ਕੇ ਕੀਤੀ ਨਜ਼ਰਸਾਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਐਲਾਨ ਕੀਤਾ ਕਿ ਸਾਰੇ ਚੋਣ ਵਾਅਦੇ ਪੜਾਅਵਾਰ ਪੂਰੇ ਕੀਤੇ ਜਾਣਗੇ ਅਤੇ ਮੁਹਾਲੀ ਨੂੰ ਜਲਦੀ ਹੀ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਮੁਕਤ ਕੀਤਾ ਜਾਵੇਗਾ। ਅੱਜ ਉਨ੍ਹਾਂ ਨੇ ਖ਼ੁਦ ਸ਼ਹਿਰ ਵਿੱਚ ਲਾਵਾਰਿਸ ਪਸ਼ੂ ਫੜਨ ਦੇ ਕੰਮ ਦੀ ਨਜ਼ਰਸਾਨੀ ਕੀਤੀ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ, ਇੰਦਰਜੀਤ ਢਿੱਲੋਂ ਵੀ ਹਾਜ਼ਰ ਸਨ। ਠੇਕੇਦਾਰ ਨੇ ਦੂਜੇ ਦਿਨ 40 ਲਾਵਾਰਿਸ ਪਸ਼ੂਆਂ ਨੂੰ ਫੜ ਕੇ ਨਗਰ ਨਿਗਮ ਦੀ ਗਊਸ਼ਾਲਾ ਵਿੱਚ ਭੇਜਿਆ ਗਿਆ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਆਵਾਰਾ ਪਸ਼ੂਆਂ ਦੇ ਨਾਲ ਪਾਲਤੂ ਪਸ਼ੂ ਵੀ ਬਹੁਤ ਘੁੰਮਦੇ ਹਨ ਜਿਨ੍ਹਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮੁਹਾਲੀ ਵਿੱਚ ਲਾਵਾਰਿਸ ਪਸ਼ੂਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਕੰਮ ਦਾ ਹੁਣ ਠੇਕਾ ਦਿੱਤਾ ਗਿਆ ਹੈ ਅਤੇ ਠੇਕੇਦਾਰ ਨੂੰ 1500 ਰੁਪਏ ਪ੍ਰਤੀ ਪਸ਼ੂ ਫੜਨ ਦਿੱਤੇ ਜਾ ਰਹੇ ਹਨ। ਮੇਅਰ ਨੇ ਠੇਕੇਦਾਰ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਲਾਵਾਰਿਸ ਪਸ਼ੂ ਫੜਨ ਦੇ ਕੰਮ ਵਿੱਚ ਲਾਪ੍ਰਵਾਹੀ ਨਾ ਵਰਤੀ ਜਾਵੇ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਬਲੌਂਗੀ ਵਿੱਚ ਗਊਸ਼ਾਲਾ ਬਣ ਕੇ ਤਿਆਰ ਹੋ ਗਈ ਹੈ, ਜਿੱਥੇ ਸਰਕਾਰੀ ਗਊਸ਼ਾਲਾ ਦਾ ਭਾਰ ਘਟਾਉਣ ਲਈ ਲੋੜ ਅਨੁਸਾਰ ਲਾਵਾਰਿਸ ਪਸ਼ੂ ਬਲੌਂਗੀ ਗਊਸ਼ਾਲਾ ਵਿੱਚ ਸ਼ਿਫ਼ਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਪਣੇ ਪਾਲਤੂ ਪਸ਼ੂ ਸ਼ਹਿਰ ਵਿੱਚ ਖੁੱਲ੍ਹੇ ਛੱਡਣ ਵਾਲੇ ਪਸ਼ੂ ਪਾਲਕਾਂ ਨੂੰ ਕਾਨੂੰਨ ਤਹਿਤ ਜੁਰਮਾਨੇ ਕੀਤੇ ਜਾਣਗੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਨਿੱਜੀ ਦਿਲਚਸਪੀ ਹੈ ਕਿ ਮੁਹਾਲੀ ਵਿੱਚ ਘੁੰਮਦੇ ਲਾਵਾਰਿਸ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਸੇਵਾ ਕੀਤੀ ਜਾਵੇ। ਅਜਿਹਾ ਕਰਨ ਨਾਲ ਸ਼ਹਿਰ ਵਾਸੀਆਂ ਨੂੰ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।

Load More Related Articles

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…