ਮੁਹਾਲੀ ਦੇ ਕਾਫੀ ਸਮੇਂ ਤੋਂ ਬੰਦ ਪਏ ਏਸੀ ਬੱਸ ਅੱਡੇ ’ਤੇ ਮੁੜ ਪਰਤੀਆਂ ਰੌਣਕਾਂ

ਪੰਜਾਬ ਦੇ ਵੱਖ-ਵੱਖ ਵੱਡੇ ਸ਼ਹਿਰਾਂ ਲਈ ਸੋਮਵਾਰ ਨੂੰ ਹੋਈ ਬੱਸਾਂ ਦੀ ਆਵਾਜਾਈ ਸ਼ੁਰੂ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਇੱਥੋਂ ਦੇ ਫੇਜ਼-6 ਸਥਿਤ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਮਈ ਪ੍ਰਾਜੈਕਟ ਏਸੀ ਬੱਸ ਅੱਡੇ ’ਤੇ ਸੋਮਵਾਰ ਨੂੰ ਰੌਣਕਾਂ ਪਰਤ ਆਈਆਂ ਹਨ। ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਘਿਰਿਆ ਰਿਹਾ ਇਹ ਬੱਸ ਅੱਡਾ ਮੌਜੂਦਾ ਸਮੇਂ ਵਿੱਚ ਬੰਦ ਸੀ। ਹਾਲਾਂਕਿ ਪਹਿਲਾਂ ਇਕਾ ਦੂਜਾ ਬੱਸਾਂ ਹੀ ਅੱਡੇ ਅੰਦਰ ਆਉਂਦੀਆਂ ਸਨ ਪ੍ਰੰਤੂ ਕਰੋਨਾਵਾਇਰਸ ਦੀ ਮਹਾਮਾਰੀ ਦੇ ਲਗਾਤਾਰ ਵਧ ਰਹੇ ਪ੍ਰਕੋਮ ਨੂੰ ਦੇਖਦਿਆਂ ਪੰਜਾਬ ਲਈ ਬੱਸਾਂ ਦੀ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਸੀ ਪ੍ਰੰਤੂ ਅੱਜ ਕਾਫੀ ਸਮੇਂ ਬਾਅਦ ਇਸ ਬੱਸ ਅੱਡੇ ’ਤੇ ਚਹਿਲ ਪਹਿਲ ਦੇਖਣ ਨੂੰ ਮਿਲੀ। ਸੋਮਵਾਰ ਸਵੇਰੇ 5 ਵਜੇ ਤੋਂ ਇੱਥੋਂ ਪੰਜਾਬ ਦੇ ਵੱਖ-ਵੱਖ ਵੱਡੇ ਸ਼ਹਿਰਾਂ ਲਈ ਸਰਕਾਰੀ ਬੱਸਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਅੱਜ ਮੁਹਾਲੀ ਤੋਂ ਪੰਜਾਬ ਵਿੱਚ ਵੱਖ-ਵੱਖ ਰੂਟਾਂ ਜਿਨ੍ਹਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਮੋਗਾ, ਜਲੰਧਰ ਅਤੇ ਪਠਾਨਕੋਟ ਜਾਣ ਵਾਲੀਆਂ ਬੱਸਾਂ ਸ਼ਾਮਲ ਹਨ।
ਅੱਡਾ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਸੀ ਬੱਸ ਅੱਡੇ ’ਤੇ ਸੋਸ਼ਲ ਡਿਸਟੈਂਸੀ ਦੇ ਨਿਯਮਾਂ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਬੱਸਾਂ ਦੇ ਚਾਲਕਾਂ ਤੇ ਕਲੀਨਰਾਂ ਸਮੇਤ ਸਵਾਰੀਆਂ ਤੋਂ ਇਸ ਦੀ ਪੂਰੀ ਪਾਲਣਾ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਖ਼ਤਰਨਾਕ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਵਾਰੀਆਂ ਦੇ ਹੱਥਾਂ ਨੂੰ ਸੈਨੇਟਾਈਜਰ ਨਾਲ ਸਾਫ਼ ਕਰਵਾ ਹੀ ਬੱਸ ਵਿੱਚ ਚੜ੍ਹਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਵਾਰੀਆਂ ਨੂੰ ਮੂੰਹ ’ਤੇ ਮਾਸਕ ਪਾਉਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ।
ਅੱਡਾ ਇੰਚਾਰਜ ਨੇ ਦੱਸਿਆ ਕਿ ਅੱਜ ਤੋਂ ਪੰਜਾਬ ਵਿੱਚ ਚੱਲਣ ਵਾਲੀਆਂ ਪੰਜਾਬ ਰੋਡਵੇਜ ਦੀਆਂ ਬੱਸਾਂ ਦੀ ਮੁਹਾਲੀ ਦੇ ਏਸੀ ਬੱਸ ਅੱਡੇ ਤੋਂ ਆਵਾਜਾਈ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਬੱਸ ਅੱਡੇ ਦੀ ਥਾਂ ਹੁਣ ਇਹ ਸਾਰੀਆਂ ਬੱਸਾਂ ਮੁਹਾਲੀ ਤੋਂ ਹੀ ਚੱਲਣਗੀਆਂ ਅਤੇ ਰਾਤ ਨੂੰ ਇੱਥੇ ਹੀ ਠਹਿਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਮੁਹਾਲੀ ਬੱਸ ਅੱਡੇ ਤੋਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਗਾ ਅਤੇ ਪਠਾਨਕੋਟ ਰੂਟਾਂ ਲਈ ਰਵਾਨਾ ਹੋਣ ਵਾਲੀਆਂ ਇਹ ਬੱਸਾਂ ਰਸ਼ਤੇ ਵਿੱਚ ਕਿਤੇ ਨਹੀਂ ਰੁਕਣਗੀਆਂ। ਉਨ੍ਹਾਂ ਦੱਸਿਆ ਕਿ ਸੋਸ਼ਲ ਡਿਸਟੈਂਸੀ ਦੇ ਨਿਯਮਾਂ ਤਹਿਤ ਇੱਕ ਬੱਸ ਵਿੱਚ ਸਿਰਫ਼ 25 ਸਵਾਰੀਆਂ ਨੂੰ ਬਿਠਾਇਆਂ ਜਾ ਰਿਹਾ ਹੈ। ਇਸ ਤੋਂ ਵੱਧ ਸਵਾਰੀਆਂ ਨੂੰ ਬੱਸ ਵਿੱਚ ਬੈਠਣ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਉਧਰ, ਵਿਸ਼ੇਸ਼ ਡਿਊਟੀ ’ਤੇ ਤਾਇਨਾਤ ਜ਼ਿਲ੍ਹਾ ਪੁਲੀਸ ਟਰੈਫ਼ਿਕ ਜ਼ੋਨ-1 ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਸੂਦ ਨੇ ਦੱਸਿਆ ਕਿ ਮੁਹਾਲੀ ਆਉਣ-ਜਾਣ ਵਾਲੇ ਸਾਰੇ ਯਾਤਰੀ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀ ਨੂੰ ਰੋਕ ਕੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡੇ ਦੇ ਅੰਦਰ ਵੀ ਫਿਜ਼ੀਕਲ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀ ਸਖ਼ਤੀ ਪਾਲਣਾ ਨਾਲ ਕਰਵਾਈ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …