nabaz-e-punjab.com

ਮੁਹਾਲੀ ਨਿਗਮ ਵੱਲੋਂ ਮਤਾ ਪਾਸ ਕਰਨ ਤੇ ਪੈਸੇ ਰਿਲੀਜ਼ ਹੋਣ ਦੇ ਬਾਵਜੂਦ ਨਹੀਂ ਬਣਿਆ ਆਧੁਨਿਕ ਸਲਾਟਰ ਹਾਊਸ

ਕੇਂਦਰ ਸਰਕਾਰ ਤੋਂ ਮਿਲੀ ਗਰਾਂਟ ਵਾਪਸ ਮੁੜਨ ਦਾ ਖ਼ਦਸ਼ਾ, ਮੀਟਿੰਗ ਵਿੱਚ ਚੁੱਕਿਆ ਜਾਵੇਗਾ ਮੁੱਦਾ: ਕੁਲਜੀਤ ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਮੀਟ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਨਅਤੀ ਏਰੀਆ ਵਿੱਚ 8 ਕਰੋੜ ਦੀ ਲਾਗਤ ਨਾਲ ਮਾਡਰਨ ਸਲਾਟਰ ਹਾਊਸ ਬਣਾਉਣ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ ਇਸ ਸਬੰਧੀ ਸਬੰਧਤ ਵਿਭਾਗ ਵੱਲੋਂ ਆਪਣੇ ਹਿੱਸੇ ਦੀ ਪਹਿਲੀ ਕਿਸ਼ਤ 34 ਲੱਖ ਰੁਪਏ ਦੀ ਰਾਸ਼ੀ ਵੀ ਰਿਲੀਜ਼ ਕਰ ਦਿੱਤੀ ਗਈ ਸੀ ਲੇਕਿਨ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵਿੱਚ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਨਹੀਂ ਹੋਇਆ।
ਆਰਟੀਆਈ ਕਾਰਕੁਨ ਅਤੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸਲਾਟਰ ਹਾਊਸ ਨਾ ਬਣਨ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੁਹਾਲੀ ਨਿਗਮ ਦੇ ਅਧਿਕਾਰੀਆਂ ਦੇ ਅਵੇਸਲੇਪਣ ਕਾਰਨ ਇਹ ਪ੍ਰਾਜੈਕਟ ਠੰਢੇ ਬਸਤੇ ਵਿੱਚ ਪਿਆ ਹੈ। ਇਸ ਸਬੰਧੀ ਉਨ੍ਹਾਂ ਨੇ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਸਲਾਟਰ ਹਾਊਸ ਛੇਤੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਪ੍ਰਾਜੈਕਟ ਵੱਲ ਤੁਰੰਤ ਧਿਆਨ ਨਹੀਂ ਦਿੱਤਾ ਗਿਆ ਤਾਂ ਉਹ ਮੀਟਿੰਗ ਵਿੱਚ ਇਹ ਮੁੱਦਾ ਚੁੱਕਣ ਅਤੇ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਦਾ ਪਰਦਾਫਾਸ਼ ਕਰਨਗੇ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਜੀਤ ਬੇਦੀ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਮੁਹਾਲੀ ਵਿੱਚ ਸਲਾਟਰ ਹਾਊਸ ਬਣਾਉਣਾ ਮਨਜ਼ੂਰ ਹੋਇਆ ਸੀ। ਜਿਸ ’ਤੇ ਲਗਭਗ ਸਾਢੇ 8 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਸੀ। ਇਸ ਸਬੰਧੀ ਕੇਂਦਰ ਸਰਕਾਰ ਦੇ ਫੂਡ ਪ੍ਰਾਸੈਸਿੰਗ ਇੰਡਸਟਰੀਜ਼ ਵਿਭਾਗ ਵੱਲੋਂ ਆਪਣੇ ਹਿੱਸੇ ਦੀ ਗਰਾਂਟ ਦੀ ਪਹਿਲੀ ਕਿਸ਼ਤ ਵਜੋਂ ਲਗਭਗ 34 ਲੱਖ ਰੁਪਏ ਨਗਰ ਨਿਗਮ ਨੂੰ ਭੇਜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਵਧੀਆ ਅਤੇ ਸਾਫ਼-ਸੁਥਰਾ ਮੀਟ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇਹ ਸਲਾਟਰ ਹਾਊਸ ਮੁਹਾਲੀ ਦੇ ਇੰਡਸਟਰੀ ਏਰੀਆ ਵਿੱਚ ਬਣਾਇਆ ਜਾਣਾ ਸੀ।
ਕੇਂਦਰ ਸਰਕਾਰ ਦੀ ਗਰਾਂਟ ਆਉਣ ਉਪਰੰਤ ਨਗਰ ਨਿਗਮ ਵੱਲੋਂ ਸਲਾਟਰ ਹਾਊਸ ਬਣਾਉਣ ਲਈ ਬਕਾਇਦਾ ਟੈਂਡਰ ਲਗਾਏ ਗਏ ਸੀ ਅਤੇ 2016 ਵਿੱਚ ਸਲਾਟਰ ਹਾਊਸ ਦੀ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ ਅਤੇ ਲਗਭਗ ਡੇਢ ਸਾਲ ਵਿੱਚ ਇਹ ਕੰਮ ਮੁਕੰਮਲ ਕਰਨ ਦੀ ਗੱਲ ਕਹੀ ਗਈ ਸੀ, ਪ੍ਰੰਤੂ ਬਾਅਦ ਵਿੱਚ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਕੀਤੇ ਵਿਰੋਧ ਕਾਰਨ ਇਹ ਪ੍ਰਾਜੈਕਟ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ ਜੋ ਕਿ ਹੁਣ ਤੱਕ ਨੇਪਰੇ ਨਹੀਂ ਚੜ੍ਹਿਆ ਅਤੇ ਨਾ ਹੀ ਕਿੱਧਰੇ ਹੋਰ ਪਾਸੇ ਇਸ ਪ੍ਰਾਜੈਕਟ ਲਈ ਜ਼ਮੀਨ ਲੱਭੀ ਗਈ ਹੈ। ਜਿਸ ਕਾਰਨ ਸਲਾਟਰ ਹਾਊਸ ਦਾ ਪ੍ਰਾਜੈਕਟ ਹੁਣ ਸਰਕਾਰੀ ਫਾਈਲਾਂ ਦੇ ਹੇਠਾਂ ਦਬ ਕੇ ਰਹਿ ਗਿਆ ਹੈ। ਹਾਲਾਤ ਕੁਝ ਅਜਿਹੇ ਹਨ ਕਿ ਕੇਂਦਰ ਸਰਕਾਰ ਵੱਲੋਂ ਸਲਾਟਰ ਹਾਊਸ ਲਈ ਭੇਜੀ ਜਾਣ ਵਾਲੀ ਗਰਾਂਟ ਦੀ ਪਹਿਲੀ ਕਿਸ਼ਤ ਲਗਭਗ 34 ਲੱਖ ਰੁਪਏ ਵੀ ਵਾਪਸ ਮੁੜਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਲਾਟਰ ਹਾਊਸ ਨੂੰ ਬਣਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਨੂੰ ਵਧੀਆ ਅਤੇ ਸਾਫ਼ ਸੁਥਰਾ ਮੀਟ ਮੁਹੱਈਆ ਕਰਵਾਇਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…